ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, ਨਹੀਂ ਹਟੇਗਾ ''ਰਾਤ ਦਾ ਕਰਫ਼ਿਊ''!
Thursday, Jul 30, 2020 - 03:47 PM (IST)
ਚੰਡੀਗੜ੍ਹ (ਰਾਜਿੰਦਰ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲਾਕ-3.0 ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਰਾਤ ਦੇ ਕਰਫ਼ਿਊ ਨੂੰ ਹਟਾ ਦਿੱਤਾ ਗਿਆ ਹੈ ਪਰ ਸ਼ਹਿਰ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਰਾਤ ਦੇ ਕਰਫਿਊ ਨੂੰ ਜਾਰੀ ਰੱਖ ਸਕਦਾ ਹੈ। ਸਲਾਹਕਾਰ ਮਨੋਜ ਪਰਿਦਾ ਨੇ ਇਸ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਆਖ਼ਰੀ ਫੈਸਲਾ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਲੈਣਗੇ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਪੁੱਜੀ 'ਸ਼ਹੀਦ ਭਰਾ' ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ 'ਚ ਯੋਗ ਸੰਸਥਾਨ ਅਤੇ ਜਿੰਮ ਨੂੰ 5 ਅਗਸਤ ਤੋਂ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ। ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ, ਧਾਰਮਿਕ ਸਮੇਤ ਭੀੜ ਜਮ੍ਹਾਂ ਕਰਨ ਵਾਲੇ ਸਾਰੇ ਪ੍ਰੋਗਰਾਮਾਂ ’ਤੇ ਪਹਿਲਾਂ ਦੀ ਤਰ੍ਹਾਂ ਰੋਕ ਰਹੇਗੀ। ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਨ ਨੂੰ ਵੀ 31 ਅਗਸਤ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਛੋਟੀਆਂ ਭੈਣਾਂ ਦੇ ਵਿਆਹ ਲਈ 'ਤਸਕਰ' ਬਣਿਆ ਭਰਾ, ਪੁਲਸ ਅੱਗੇ ਕਬੂਲ ਕੀਤਾ ਜ਼ੁਰਮ
ਮੈਟਰੋ ਰੇਲ, ਸਿਨੇਮਾ ਹਾਲ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਅਜਿਹੇ ਹੋਰ ਸਥਾਨਾਂ ’ਤੇ ਰੋਕ ਜਾਰੀ ਰਹੇਗੀ। ਕੰਟੇਨਮੈਂਟ ਜ਼ੋਨ ਦੇ ਬਾਹਰ ਦੇ ਸਥਾਨਾਂ ’ਤੇ ਇਨ੍ਹਾਂ ਰੋਕਾਂ ਤੋਂ ਇਲਾਵਾ ਬਾਕੀ ਸਾਰੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਹੋਵੇਗੀ। ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮਾਂ ਨੂੰ ਸਮਾਜਿਕ ਦੂਰੀ ਅਤੇ ਹੋਰ ਸਿਹਤ ਮਾਪਦੰਡਾਂ ਦਾ ਪਾਲਣ ਕਰਨ ਦੇ ਨਿਰਦੇਸ਼ਾਂ ਨਾਲ ਇਜਾਜ਼ਤ ਰਹੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਕੰਟੇਨਮੈਂਟ ਜ਼ੋਨ 'ਚ 31 ਅਗਸਤ ਤੱਕ ਤਾਲਾਬੰਦੀ ਸਖ਼ਤੀ ਨਾਲ ਲਾਗੂ ਰਹੇਗੀ। ਇਨ੍ਹਾਂ ਸਥਾਨਾਂ ’ਤੇ ਸਿਰਫ਼ ਜ਼ਰੂਰੀ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਹੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ