ਭਤੀਜੀ ਦੇ ਸਹੁਰੇ ਘਰ ਰਾਜ਼ੀਨਾਮਾ ਕਰਵਾਉਣ ਗਏ ਵਿਅਕਤੀ ਦਾ ਕਤਲ
Sunday, Mar 15, 2020 - 02:22 PM (IST)
 
            
            ਭਾਈਰੂਪਾ (ਸ਼ੇਖਰ) : ਕਸਬਾ ਫੂਲ ਟਾਊਨ ਵਿਖੇ ਸਮਝੌਤਾ ਕਰਵਾਉਣ ਗਏ ਲੜਕੀ ਦੇ ਪੇਕਿਆਂ 'ਤੇ ਲੜਕੇ ਵਾਲਿਆਂ ਵੱਲੋਂ ਹਮਲਾ ਕਰ ਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦਕਿ ਲੜਕੀ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਫੂਲ ਟਾਊਨ ਵਾਸੀ ਕਿੰਦਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਤਿੰਨ ਲੜਕੇ ਪੈਦਾ ਹੋਏ। ਸਹੁਰੇ ਪਰਿਵਾਰ ਵੱਲੋਂ ਦਾਜ ਖਾਤਰ ਅਕਸਰ ਹੀ ਉਸ ਨਾਲ ਕੁੱਟ-ਮਾਰ ਕੀਤੀ ਜਾਂਦੀ ਸੀ। ਕਈ ਵਾਰ ਪੰਚਾਇਤੀ ਸਮਝੌਤਾ ਹੋਣ ਦੇ ਬਾਵਜੂਦ ਉਸ ਦੇ ਸਹੁਰਾ ਪਰਿਵਾਰ 'ਤੇ ਕੋਈ ਅਸਰ ਨਹੀਂ ਹੋਇਆ।
ਇਹ ਵੀ ਪੜ੍ਹੋ : ਕ੍ਰਾਈਮ ਰੇਟ 'ਚ ਸਭ ਤੋਂ ਅੱਗੇ ਪੰਜਾਬ, ਤੋੜੇ ਪੰਜ ਸਾਲਾਂ ਦੇ ਰਿਕਾਰਡ
ਸ਼ੁੱਕਰਵਾਰ ਸ਼ਾਮ ਨੂੰ ਉਸ ਦੇ ਸਹੁਰਾ ਪਰਿਵਾਰ ਵੱਲੋਂ ਟਰੈਕਟਰ, ਮੋਟਰਸਾਈਕਲ ਅਤੇ ਇਕ ਲੱਖ ਰੁਪਏ ਨਕਦ ਦੀ ਮੰਗ ਨੂੰ ਲੈ ਕੇ ਉਸ ਨਾਲ ਫਿਰ ਕੁੱਟ-ਮਾਰ ਕੀਤੀ ਗਈ, ਜਿਸ ਦੀ ਸੂਚਨਾ ਉਸ ਨੇ ਸ਼ਨੀਵਾਰ ਸਵੇਰ ਆਪਣੇ ਪੇਕਾ ਪਰਿਵਾਰ ਨੂੰ ਕੀਤੀ। ਇਸ ਦੌਰਾਨ ਉਸ ਦੇ ਪੇਕੇ ਪਰਿਵਾਰ ਵੱਲੋਂ ਆਪਣੇ ਪਿੰਡ ਮਾੜੀ ਦੀ ਪੰਚਾਇਤ ਨਾਲ ਲਿਆ ਕੇ ਉਸ ਦੇ ਸਹੁਰਾ ਪਰਿਵਾਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਸਹੁਰਾ, ਸੱਸ, ਦਿਉਰ ਅਤੇ ਪਤੀ ਨੇ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਣ ਉਸ ਦਾ ਤਾਇਆ ਲਛਮਣ ਸਿੰਘ ਦੇ ਸਿਰ 'ਚ ਗੰਭੀਰ ਸੱਟ ਲੱਗ ਜਾਣ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਤੇ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਏ। ਲੜਕੀ ਦੇ ਭਰਾ ਦੇ ਬਿਆਨਾਂ 'ਤੇ ਪੁਲਸ ਵੱਲੋਂ ਕੁਲਦੀਪ ਕੌਰ ਦੇ ਪਤੀ ਕਿੰਦਰ ਸਿੰਘ, ਸਹੁਰਾ ਨੇਕ ਸਿੰਘ, ਸੱਸ ਕਰਮਜੀਤ ਕੌਰ ਅਤੇ ਦਿਉਰ ਹਰਜਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਨੇਕ ਸਿੰਘ ਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            