ਅੱਤਵਾਦੀਆਂ, ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੀ ਜਾਂਚ ਕਰ ਸਕਦੀ ਹੈ ਐੱਨ.ਆਈ. ਏ.!

10/24/2019 10:05:21 AM

ਨਾਭਾ (ਜੈਨ)—ਖਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਾਲ-ਨਾਲ ਕੁਝ ਸਿਆਸਤਦਾਨਾਂ ਦੀ ਭੂਮਿਕਾ ਬਾਰੇ ਕੇਂਦਰੀ ਗ੍ਰਹਿ ਮੰਤਰਾਲਾ ਚਿੰਤਤ ਹੈ। ਸੂਤਰਾਂ ਅਨੁਸਾਰ ਗੈਂਗਸਟਰਾਂ, ਅੱਤਵਾਦੀਆਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੀ ਜਾਂਚ ਜਲਦੀ ਹੀ ਕਰਵਾਈ ਜਾ ਸਕਦੀ ਹੈ। ਇਸ ਨਾਲ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸਾਂਝੇ ਮਨਸੂਬੇ ਅਸਫਲ ਕੀਤੇ ਜਾ ਸਕਣਗੇ। ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਕੁਝ ਸਿਆਸਤਦਾਨ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਹਨ। ਚੋਣਾਂ ਸਮੇਂ ਗੈਂਗਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਸਮੇਂ-ਸਮੇਂ 'ਤੇ ਖਰਾਬ ਹੁੰਦਾ ਰਿਹਾ ਹੈ।

ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐੱਨ. ਐੱਸ. ਏ. ਅਜੀਤ ਡੋਭਾਲ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਕਿ ਪੰਜਾਬ ਵਿਚੋਂ ਸਿਆਸਤਦਾਨਾਂ ਦਾ ਲੱਕ ਤੋੜ ਦਿੱਤਾ ਜਾਵੇ ਕਿਉਂਕਿ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਅਤੇ ਗੈਂਗਸਟਰ ਹਮੇਸ਼ਾ ਹੀ ਸੂਬੇ ਦਾ ਮਾਹੌਲ ਖਰਾਬ ਕਰਦੇ ਰਹੇ ਹਨ। ਸੰਨ 2016 ਤੇ 2017 ਵਿਚ 6 ਹਿੰਦੂ ਆਗੂਆਂ ਦੀ ਹੱਤਿਆ ਕੀਤੀ ਗਈ। 23 ਅਪ੍ਰੈਲ 2016 ਨੂੰ ਖੰਨਾ ਵਿਚ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ, 6 ਅਗਸਤ 2016 ਨੂੰ ਜਲੰਧਰ ਵਿਚ ਆਰ. ਐੱਸ. ਐੱਸ. ਸੰਘ ਦੇ ਪ੍ਰਮੁੱਖ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ, 14 ਜਨਵਰੀ 2017 ਨੂੰ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਲਾਗੇ ਹਿੰਦੂ ਨੇਤਾ ਅਮਿਤ ਸ਼ਰਮਾ, 25 ਫਰਵਰੀ 2017 ਨੂੰ ਪਿੰਡ ਜਗੇੜਾ ਲਾਗੇ ਚਰਚਾ-ਘਰ ਵਿਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਦੇ ਬੇਟੇ ਰਮੇਸ਼ ਸ਼ਰਮਾ, 16 ਜੂਨ 2017 ਨੂੰ ਲੁਧਿਆਣਾ ਵਿਚ ਪਾਸਟਰ ਸੁਲਤਾਨ ਅਤੇ 17 ਅਕਤੂਬਰ 2017 ਨੂੰ ਆਰ. ਐੱਸ. ਐੱਸ. ਪ੍ਰਮੁੱਖ ਰਾਜਿੰਦਰ ਗੋਸਾਈਂ ਦੀ ਘਰ ਦੇ ਬਾਹਰ ਹੱਤਿਆ ਕੀਤੀ ਗਈ। ਇਸ ਨਾਲ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਪਰ ਕੈ. ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਮੇਂ 'ਤੇ ਹੀ ਕਾਰਵਾਈ ਕਰਦਿਆਂ ਡੀ. ਜੀ. ਪੀ. ਪੰਜਾਬ ਨੇ ਕਾਤਲਾਂ ਬਾਰੇ ਸੁਰਾਗ ਲਾਇਆ ਕਿ ਕਿਵੇਂ ਰਮਨਜੀਤ ਸਿੰਘ ਉਰਫ ਰੋਮੀ ਨੇ 2016 ਵਿਚ ਨਾਭਾ ਦੀ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਵਿਚ ਬੰਦ ਵਿੱਕੀ ਗੌਂਡਰ ਤੇ ਹੋਰ ਗੈਂਗਸਟਰਾਂ ਨੂੰ ਜੇਲ ਵਿਚੋਂ ਭਜਾਉਣ ਲਈ ਸਾਜ਼ਸ਼ ਰਚੀ ਸੀ। ਰੋਮੀ ਹੀ ਪੰਜਾਬ ਦੇ ਪ੍ਰਮੁੱਖ ਗੈਂਗਸਟਰਾਂ ਅਤੇ ਖਾਲਿਸਤਾਨੀ ਸਮਰਥਕ ਆਈ. ਐੱਸ. ਆਈ. ਖੁਫੀਆ ਏਜੰਸੀ ਵਿਚਕਾਰ ਸੰਪਰਕ ਸੂਤਰ ਬਣ ਕੇ ਕੰਮ ਕਰਦਾ ਰਿਹਾ ਹੈ। ਰੋਮੀ ਹੀ ਅਪਰਾਧੀਆਂ ਲਈ ਵਿਦੇਸ਼ਾਂ ਵਿਚੋਂ ਫੰਡ ਇਕੱਠਾ ਕਰਦਾ ਰਿਹਾ ਹੈ। ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਛਪਾਉਣ ਲਈ ਪ੍ਰਬੰਧ ਕਰਦਾ ਸੀ।

ਸੰਨ 2017 ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਕੈ. ਅਮਰਿੰਦਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਨਾਭਾ ਜੇਲ ਬ੍ਰੇਕ ਸੋਚੀ-ਸਮਝੀ ਸਾਜ਼ਸ਼ ਅਧੀਨ ਕੀਤੀ ਗਈ ਹੈ ਤਾਂ ਕਿ ਗੈਂਗਸਟਰਾਂ ਦੀ ਵਰਤੋਂ ਚੋਣਾਂ ਵਿਚ ਕੀਤੀ ਜਾ ਸਕੇ। ਪਿਛਲੇ ਸਾਲ ਗੈਂਗਸਟਰਾਂ ਦੇ ਅਕਾਲੀ ਅਤੇ ਕਾਂਗਰਸ ਆਗੂਆਂ ਨਾਲ ਸਬੰਧਾਂ ਬਾਰੇ ਵਿਵਾਦ ਚਲਦਾ ਰਿਹਾ। ਰੌਲਾ-ਰੱਪਾ ਪੈ ਕੇ ਮਾਮਲਾ ਠੰਚੇ ਬਸਤੇ ਵਿਚ ਪਾ ਦਿੱਤਾ ਗਿਆ ਸੀ।

ਹੁਣ ਸਮਝਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ-370 ਖਤਮ ਕਰਨ ਤੋਂ ਬਾਅਦ ਭਾਜਪਾ ਪੰਜਾਬ ਵਿਚ ਇਕੱਲੇ ਹੀ ਆਪਣੇ ਦਮ 'ਤੇ ਚੋਣਾਂ ਲੜਨ ਲਈ ਮੈਦਾਨ ਤਿਆਰ ਕਰ ਰਹੀ ਹੈ। ਚੰਗੀ ਸਾਖ ਅਤੇ ਅੱਤਵਾਦ ਸਮੇਂ ਲੜਾਈ ਲੜਨ ਵਾਲੇ ਸਿੱਖ ਚਿਹਰਿਆਂ (ਚਾਹੇ ਅਕਾਲੀ ਕਾਂਗਰਸੀ ਹੀ ਹੋਣ) ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੀ ਜਾਂਚ ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੂੰ ਦੇ ਕੇ ਸੂਬੇ ਦੇ ਲੋਕਾਂ ਵਿਚ ਕੇਂਦਰੀ ਭਾਜਪਾ ਸਰਕਾਰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਅੱਤਵਾਦ ਅਤੇ ਗੈਂਗਸਟਰਾਂ ਦਾ ਲੱਕ ਤੋੜਿਆ ਜਾਵੇਗਾ ਜੋ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਨੂੰ ਬਰਬਾਦ ਕਰਦੇ ਰਹੇ ਹਨ। ਪਹਿਲਾਂ ਪੰਜਾਬ ਵਿਚ ਖਾਲਿਸਤਾਨ ਦੀ ਵਾਪਸੀ ਬਾਰੇ ਪਲਾਨ ਕੈਨੇਡਾ ਵਿਚ ਤਿਆਰ ਕੀਤਾ ਜਾਂਦਾ ਸੀ। ਦੋ ਸਾਲ ਪਹਿਲਾਂ ਕੈਨੇਡਾ ਦੇ ਚਾਰ ਨਾਗਰਿਕਾਂ ਗੁਰਜੀਤ ਸਿੰਘ ਚੀਮਾ, ਸ਼ਲਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਜਿੰਦਰ ਸਿੰਘ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਮਨਸੂਬੇ ਫੇਲ ਕਰਨ ਵਿਚ ਪਿਛਲੇ ਸਮੇਂ ਦੌਰਾਨ ਸਫਲ ਰਹੀ ਹੈ। ਜੇਕਰ ਕੇਂਦਰੀ ਸਰਕਾਰ ਨੇ ਅੱਤਵਾਦੀਆਂ, ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਕਦੀ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਤਾਂ ਪੰਜਾਬ ਦੀ ਸਿਆਸਤ ਵਿਚ ਵੱਡਾ ਭੁਚਾਲ ਆ ਸਕਦਾ ਹੈ। ਮੋਦੀ-ਸ਼ਾਹ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਵਿਚ ਕਾਮਯਾਬ ਹੋ ਜਾਣਗੇ।


Shyna

Content Editor

Related News