ਐਨ.ਐਚ. ''ਤੇ ਲੱਗੇ ਅੰਗ੍ਰੇਜੀ ਦੇ ਸਾਇਨ ਬੋਰਡਾਂ ਤੇ ਪੋਤੀ ''ਕਾਲਖ''

Sunday, Apr 01, 2018 - 08:46 PM (IST)

ਭਵਾਨੀਗੜ (ਵਿਕਾਸ)- ਸੂਬੇ ਵਿੱਚ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਮਾਣ ਸਤਿਕਾਰ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਅੱਜ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬੀ ਸਤਿਕਾਰ ਕਮੇਟੀ ਪੰਜਾਬ ਦੇ ਆਗੂਆਂ ਨੇ ਇਥੇ ਨੈਸ਼ਨਲ ਹਾਈਵੇ ਨੰਬਰ 7 'ਤੇ ਲਿਖੇ ਅੰਗਰੇਜ਼ੀ ਭਾਸ਼ਾਵਾਂ ਦੇ ਸਾਈਨ ਬੋਰਡਾਂ ਉੱਤੇ 'ਕਾਲਖ' ਮੱਲ ਕੇ ਹਾਈਵੇਅ ਅਥਾਰਟੀ ਖਿਲਾਫ ਰੋਸ ਜਾਹਰ ਕੀਤਾ। ਇਸ ਮੋਕੇ ਸ਼੍ਰੋ.ਅ.ਦਲ (ਅੰਮ੍ਰਿਤਸਰ) ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਫਤਿਹਗੜ ਛੰਨਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ 1967 ਐਕਟ ਦੇ ਤਹਿਤ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੇ ਸਰਕਾਰੀ ਵਿਭਾਗਾਂ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜਾਰੀ ਕੀਤੇ ਆਦੇਸ਼ਾਂ ਦੇ ਬਾਵਜੂਦ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਕਿਨਾਰੇ ਲੱਗੇ ਬੋਰਡਾਂ ਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦੇ ਕੇ ਮਾਂ ਬੋਲੀ ਪੰਜਾਬੀ ਦਾ ਸ਼ਰੇਆਮ ਨਿਰਾਦਰ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਉਨਾਂ ਦੂਜੇ ਪੜਾਅ ਅਧੀਨ ਅੱਜ ਭਵਾਨੀਗੜ ਨੈਸ਼ਨਲ ਹਾਈਵੇਅ ਤੋ ਵਾਇਆ ਪਟਿਆਲਾ ਤੋਂ ਸਮਾਣਾਂ ਤੱਕ ਨੈਸ਼ਨਲ ਹਾਈਵੇਅ ਉੱਤੇ ਲੱਗੇ ਅਜਿਹੇ ਸਾਈਨ ਬੋਰਡਾਂ ਉੱਤੇ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਉੱਤੇ ਕਾਲਾ ਰੰਗ ਪੋਤਿਆ ਗਿਆ। ਛੰਨਾ ਨੇ ਕਿਹਾ ਕਿ ਸੂਬੇ ਵਿੱਚ ਮਾਂ ਬੋਲੀ ਨੂੰ ਬਚਾਉਣ ਲਈ ਸੰਘਰਸ਼ ਕਰਦੇ ਰਹਿਣਗੇ ਨਾਲ ਹੀ ਉਨ੍ਹਾਂ ਦੁਹਰਾਇਆ ਕਿ ਸੂਬੇ ਵਿੱਚ ਨੈਸ਼ਨਲ ਹਾਈਵੇ ਉੱਤੇ ਲੱਗੇ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਲੱਖਾ ਸਿਧਾਣਾਂ ਤੋਂ ਇਲਾਵਾ ਹਰਦੀਪ ਸਿੰਘ ਅਸਮਾਨਪੁਰ, ਹਰਮਨ ਸਿੰਘ, ਗੁਰਵਿੰਦਰ ਮਾਨ, ਕਰਮਜੀਤ ਸਿੰਘ ਚੀਮਾਂ, ਲਵਪ੍ਰੀਤ ਸਿੰਘ, ਰਵਿੰਦਰ ਸਿੰਘ ਧਨੇਠਾ, ਸੰਦੀਪ ਬੰਮਣਾ, ਨਵਲ ਵਿਰਕ, ਹਰਮਨ ਧਾਲੀਵਾਲ, ਸੁਬੇਗ ਸਿੰਘ ਅਤੇ ਬਾਬਾ ਹਰਦੀਪ ਸਿੰਘ ਹਾਜ਼ਰ ਸਨ।


Related News