ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਨੂੰ ਚੋਰ-ਲੁਟੇਰਿਆਂ ਦੀ ਖੁੱਲ੍ਹੇਆਮ ਚੁਣੌਤੀ, ਇਕ ਦਿਨ 'ਚ ਹੋਈਆਂ 5 ਵਾਰਦਾਤਾਂ

Sunday, Sep 26, 2021 - 01:15 AM (IST)

ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਨੂੰ ਚੋਰ-ਲੁਟੇਰਿਆਂ ਦੀ ਖੁੱਲ੍ਹੇਆਮ ਚੁਣੌਤੀ, ਇਕ ਦਿਨ 'ਚ ਹੋਈਆਂ 5 ਵਾਰਦਾਤਾਂ

ਜਲੰਧਰ(ਸੁਧੀਰ)– ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਦਕਿ ਕਮਿਸ਼ਨਰੇਟ ਪੁਲਸ ਚੋਰ-ਲੁਟੇਰਿਆਂ ਨੂੰ ਫੜਨ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਉਥੇ ਹੀ ਅੱਜ ਇਕ ਵਾਰ ਫਿਰ ਸ਼ਹਿਰ ਵਿਚ ਚੋਰ-ਲੁਟੇਰਿਆਂ ਨੇ ਨਵ-ਨਿਯੁਕਤ ਪੁਲਸ ਕਮਿਸ਼ਨਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਖੁੱਲ੍ਹੇਆਮ ਚੁਣੌਤੀ ਦਿੰਦੇ ਹੋਏ ਸ਼ਹਿਰ ਵਿਚ ਇਕ ਨਹੀਂ, ਬਲਕਿ 5 ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਸਥਾਨਕ ਝੰਡੀਆਂ ਵਾਲਾ ਪੀਰ ਚੌਕ ਨੇੜੇ ਇਕੋ ਵੇਲੇ ਹੋਈਆਂ 4 ਦੁਕਾਨਾਂ ਵਿਚ ਚੋਰੀਆਂ ਦਾ ਮਾਮਲਾ ਪੁਲਸ ਟਰੇਸ ਨਹੀਂ ਕਰ ਸਕੀ ਕਿ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਥਾਨਕ ਚਰਨਜੀਤਪੁਰਾ ਨੇੜੇ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਲੁੱਟ ਦਾ ਸ਼ਿਕਾਰ ਹੋਈ ਔਰਤ ਅਤੇ ਉਸਦੀ ਧੀ ਲੁਟੇਰਿਆਂ ਦੇ ਪਿੱਛੇ ਭੱਜੀਆਂ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਰੌਲਾ ਪਾਇਆ। ਅਚਾਨਕ ਸੜਕ ਦਰਮਿਆਨ ਔਰਤ ਦੀ ਚੀਕ-ਪੁਕਾਰ ਸੁਣ ਕੇ ਲੋਕਾਂ ਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਘੇਰਿਆ। ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਇਕ ਲੁਟੇਰਾ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਦੂਜੇ ਨੂੰ ਲੋਕਾਂ ਨੇ ਕਾਬੂ ਕਰ ਕੇ ਸੜਕ ਵਿਚ ਹੀ ਰੱਜ ਕੇ ‘ਖਾਤਿਰਦਾਰੀ’ ਕੀਤੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 2 ਦੀ ਪੁਲਸ ਅਤੇ ਪੀ. ਸੀ. ਆਰ. ਕਰਮਚਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਪੁਲਸ ਉਕਤ ਲੁਟੇਰੇ ਨੂੰ ਕਾਬੂ ਕਰ ਕੇ ਥਾਣੇ ਲੈ ਆਈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ਕੀਤੀ CMO ਅਧਿਕਾਰੀਆਂ ਦੇ ਕੰਮਕਾਰ ਦੀ ਵੰਡ
ਕੋਲਕਾਤਾ ਨਿਵਾਸੀ ਸ਼ਿਫਾਲੀ ਨਾਮਕ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਸੁਨੀਲ ਸੂਦਾਂ ਚੌਕ ਵਿਚ ਸੁਨਾਰ ਦਾ ਕੰਮ ਕਰਦਾ ਹੈ ਅਤੇ ਉਹ ਚਰਨਜੀਤਪੁਰਾ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇਰ ਸ਼ਾਮ ਉਹ ਆਪਣੇ ਬੱਚਿਆਂ ਨਾਲ ਪੈਦਲ ਸੜਕ ’ਤੇ ਜਾ ਰਹੀ ਸੀ ਕਿ ਪਿੱਛਿਓਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੇ ਗਲੇ ਵਿਚੋਂ ਝਟਕਾ ਦੇ ਕੇ ਸੋਨੇ ਦੀ ਚੇਨ ਝਪਟ ਲਈ ਅਤੇ ਫ਼ਰਾਰ ਹੋ ਗਏ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਾ. ਸਿੱਕਾ ਦੀ ਪਤਨੀ ਬੈਂਕ ਵਿਚ ਰੁਪਏ ਜਮ੍ਹਾ ਕਰਵਾਉਣ ਜਾ ਰਹੀ ਸੀ ਕਿ ਇਕ ਸ਼ਾਤਿਰ ਲੁਟੇਰੇ ਨੇ ਉਸਦੇ ਹੱਥ ਵਿਚੋਂ ਰੁਪਿਆ ਦਾ ਭਰਿਆ ਬੈਕ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਥਾਣਾ ਨੰਬਰ 8 ਅਧੀਨ ਪੈਂਦੇ ਇਲਾਕੇ ਦੇ ਘਰ ਦੇ ਬਾਹਰ ਬੈਠੀ ਔਰਤ ਦੇ ਹੱਥੋਂ ਮੋਬਾਇਲ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਫੁੱਟਬਾਲ ਚੌਕ ਵਿਚ ਇਕ ਬਜ਼ੁਰਗ ਔਰਤ ਨੂੰ ਲੁਟੇਰਿਆਂ ਨੇ ਜਬਰਨ ਗੱਡੀ ਵਿਚ ਬਿਠਾ ਕੇ ਉਸਦੇ ਮੋਢੇ ਦੀ ਨਸ ਦਬਾ ਦਿੱਤੀ ਅਤੇ ਉਸ ਦੇ ਹੱਥ ਵਿਚੋਂ ਸੋਨੇ ਦੇ ਕੰਗਣ ਲਾਹ ਕੇ ਉਸ ਨੂੰ ਹੇਠਾਂ ਸੁੱਟ ਕੇ ਫ਼ਰਾਰ ਹੋ ਗਏ। ਸ਼ਹਿਰ ਵਿਚ ਕੁਝ ਕੁ ਦਿਨਾਂ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਹੋਏ ਵਾਧੇ ਨੂੰ ਦੇਖ ਕੇ ਸ਼ਹਿਰ ਵਾਸੀਆਂ ਵਿਚ ਖੌਫ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜੇ ਸਿੱਧੂ ਦੇਸ਼ਧ੍ਰੋਹੀ ਸੀ ਤਾਂ ਕੈਪਟਨ ਨੂੰ CM ਰਹਿੰਦਿਆਂ ਕਰਨਾ ਚਾਹੀਦਾ ਸੀ ਅੰਦਰ : ਬਿੱਟੂ (ਵੀਡੀਓ)

ਪੀ. ਏ. ਪੀ. ਦੇ ਸਸਪੈਂਡ ਪੁਲਸ ਮੁਲਾਜ਼ਮ ਅਤੇ ਉਸਦੇ ਫ਼ਰਾਰ ਸਾਥੀ ਪੁਲਸ ਮੁਲਾਜ਼ਮ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਖਿਡੌਣਾ ਪਿਸਤੌਲ ਵੀ ਬਰਾਮਦ

ਪੁਲਸ ਜਾਂਚ 'ਚ ਖੁਲਾਸਾ ਹੋਇਆ ਕਿ ਫੜਿਆ ਗਿਆ ਲੁਟੇਰਾ ਹੋਰ ਕੋਈ ਨਹੀਂ ਬਲਕਿ ਪੰਜਾਬ ਪੁਲਸ ਦਾ ਮੁਲਾਜ਼ਮ ਹੀ ਹੈ, ਜਦਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਥਾਣਾ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਫੜੇ ਗਏ ਲੁਟੇਰੇ ਦੀ ਪਛਾਣ ਲਵਪ੍ਰੀਤ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਦੇ ਖ਼ਿਲਾਫ਼ ਚੰਡੀਗੜ੍ਹ ਵਿਚ ਵੀ ਮਾਮਲਾ ਦਰਜ ਹੋਇਆ ਹੈ, ਜਦਕਿ ਉਸਦਾ ਦੂਜਾ ਫ਼ਰਾਰ ਸਾਥੀ ਵੀ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਉਸਦੇ ਦੂਜੇ ਫ਼ਰਾਰ ਸਾਥੀ ਦਾ ਪੁਲਸ ਨੂੰ ਆਈ. ਡੀ. ਕਾਰਡ ਵੀ ਬਰਾਮਦ ਹੋਇਆ ਹੈ, ਜਿਸ ’ਤੇ ਉਸਦਾ ਨਾਂ ਹਰਵਿੰਦਰ ਸਿੰਘ ਕਾਂਸਟੇਬਲ ਲਿਖਿਆ ਹੋਇਆ ਹੈ। ਫੜੇ ਗਏ ਮੁਲਜ਼ਮ ਕੋਲੋਂ ਪੁਲਸ ਨੇ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ’ਤੇ ਨੰਬਰ ਵੀ ਨਹੀਂ ਲਿੱਖਿਆ ਹੋਇਆ ਸੀ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਅਤੇ ਫੜੇ ਗਏ ਮੁਲਜ਼ਮ ਦੇ ਫਰਾਰ ਸਾਥੀ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਫੜੇ ਮੁਲਜ਼ਮ ਕੋਲੋਂ ਫਿਲਹਾਲ ਪੁੱਛਗਿਛ ਕੀਤੀ ਜਾ ਰਹੀ ਹੈ।
 


author

Bharat Thapa

Content Editor

Related News