ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ
Tuesday, Oct 14, 2025 - 01:18 PM (IST)

ਜਲੰਧਰ (ਵਰੁਣ)–ਕਬੀਰ ਨਗਰ ਵਿਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਕਮਲ ਅਰੋੜਾ ਉਰਫ਼ ਟੀਟੂ ਦੀ ਖ਼ੁਦਕੁਸ਼ੀ ਕੇਸ 'ਚ ਨਵਾਂ ਮੋੜ ਆਇਆ ਹੈ। ਟੀਟੂ ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਟੀਟੂ ਨੇ ਕੁਝ ਨਾਮੀ ਬੁੱਕੀਆਂ ਅਤੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਟੀਟੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜਾਣਕਾਰਾਂ ਵਿਚ ਦੁੱਖ਼ ਦੀ ਲਹਿਰ ਹੈ ਕਿਉਂਕਿ ਕਮਲ ਅਰੋੜਾ ਉਰਫ਼ ਟੀਟੂ ਲੋੜਵੰਦਾਂ ਦਾ ਮਦਦਗਾਰ ਸੀ ਅਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ
ਦਰਅਸਲ ਟੀਟੂ ਕੋਲ ਪੈਸਾ ਵੇਖ ਕੇ ਨਾਮੀ ਬੁੱਕੀ ਅਤੇ ਜੁਆਰੀਏ ਉਸ ਦੇ ਪਿੱਛੇ ਲੱਗ ਗਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਟੀਟੂ ਸ਼ਰਾਬ ਪੀਣ ਦਾ ਆਦੀ ਹੈ ਅਤੇ ਪਹਿਲਾਂ ਇਨ੍ਹਾਂ ਲੋਕਾਂ ਨੇ ਟੀਟੂ ਨਾਲ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਫਿਰ ਉਸ ਨੂੰ ਸੱਟੇਬਾਜ਼ੀ ਅਤੇ ਜੂਏ ਦੀ ਦਲਦਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਇਕ ਸਮਾਂ ਇਹ ਵੀ ਆਇਆ ਕਿ ਕਮਲ ਉਰਫ਼ਟੀਟੂ ਸੱਟੇਬਾਜ਼ੀ ਅਤੇ ਜੂਏ ਦਾ ਆਦੀ ਹੋ ਗਿਆ, ਜਿਸ ਤੋਂ ਬਾਅਦ ਜੁਆਰੀਆਂ ਨੇ ਉਸ ਦੇ ਘਰ ਵਿਚ ਹੀ ਜੂਆ ਖੇਡਣ ਦਾ ਅੱਡਾ ਬਣਾ ਲਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਮੁਅੱਤਲ SHO ਦੇ ਮਾਮਲੇ 'ਚ ਨਵਾਂ ਮੋੜ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਐਂਟਰੀ
ਇਸ ਮਾਮਲੇ ਵਿਚ ਕਈ ਬੁੱਕੀ ਅਤੇ ਜੁਆਰੀਏ ਹੁਣ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ। ਹਾਲਾਂਕਿ ਸਾਰੇ ਬੁੱਕੀਆਂ ਅਤੇ ਜੁਆਰੀਆਂ ਦੇ ਨਾਂ ਦੀ ਲਿਸਟ 'ਜਗ ਬਾਣੀ' ਕੋਲ ਪਹੁੰਚ ਚੁੱਕੀ ਹੈ, ਜਿਸ ਦਾ ਜਲਦ ਖ਼ੁਲਾਸਾ ਕੀਤਾ ਜਾਵੇਗਾ। ਇਸ ਵਿਚ ਕਈ ਵਪਾਰੀ ਵੀ ਸ਼ਾਮਲ ਹਨ। ਦੱਸ ਦੇਈਏ ਕਿ ਐਤਵਾਰ ਨੂੰ ਕਬੀਰ ਨਗਰ ਦੀ ਗਲੀ ਨੰਬਰ 2 ਵਿਚ ਰਹਿੰਦੇ ਕਮਲ ਅਰੋੜਾ ਉਰਫ਼ ਟੀਟੂ ਨੇ ਆਪਣੇ ਘਰ ਵਿਚ ਬਿਜਲੀ ਦੀ ਤਾਰ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਦਰਅਸਲ ਪਹਿਲਾਂ ਟੀਟੂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਉਨ੍ਹਾਂ ਦੇ ਦੋਵੇਂ ਬੱਚੇ ਨਿਊਜ਼ੀਲੈਂਡ ਵਿਚ ਹਨ, ਜਦਕਿ 3 ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਵਿਦੇਸ਼ੋਂ ਮੁੜੀ ਸੀ। ਫਿਲਹਾਲ ਕਮਲ ਅਰੋੜਾ ਉਰਫ਼ ਟੀਟੂ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਮੰਗਲਵਾਰ ਨੂੰ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਮ੍ਰਿਤਕ ਟੀਟੂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਮਾਮਲਾ ਮੇਰੇ ਧਿਆਨ ’ਚ ਨਹੀਂ ਪਰ ਜਾਂਚ ਕੀਤੀ ਜਾਵੇਗੀ : ਐੱਸ. ਐੱਚ. ਓ. ਰਾਕੇਸ਼ ਕੁਮਾਰ
ਇਸ ਮਾਮਲੇ ਸਬੰਧੀ ਜਦੋਂ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੁੱਕੀਆਂ ਅਤੇ ਜੁਆਰੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮੋਬਾਇਲ ਉਨ੍ਹਾਂ ਦੇ ਕੋਲ ਹੀ ਹਨ। ਜੇਕਰ ਬੁੱਕੀ ਅਤੇ ਜੁਆਰੀਆਂ ਕਾਰਨ ਕਮਲ ਅਰੋੜਾ ਨੇ ਖੁਦਕੁਸ਼ੀ ਕੀਤੀ ਹੋਵੇਗੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸ਼ੱਕੀਆਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਅਹਿਮ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8