ਪੰਜਾਬ ''ਚ ਮੂੰਗੀ ਦੀ ਬਿਜਾਈ ਨੇ ਕਾਇਮ ਕੀਤਾ ਨਵਾਂ ਰਿਕਾਰਡ

Saturday, May 21, 2022 - 11:13 PM (IST)

ਪੰਜਾਬ ''ਚ ਮੂੰਗੀ ਦੀ ਬਿਜਾਈ ਨੇ ਕਾਇਮ ਕੀਤਾ ਨਵਾਂ ਰਿਕਾਰਡ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦੀ ਬਿਜਾਈ ਕਰਕੇ ਪਾਣੀ ਦੀ ਬੱਚਤ ਕਰਨ ਦੀ ਕੀਤੀ ਅਪੀਲ ‘ਤੇ ਪੰਜਾਬ ਵਿੱਚ ਇਸ ਸਾਲ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਹੋਣ ਨਾਲ ਨਵਾਂ ਰਿਕਾਰਡ ਕਾਇਮ ਹੋਇਆ ਹੈ। ਪਿਛਲੇ ਸੀਜ਼ਨ ਨਾਲੋਂ ਇਸ ਵਾਰ ਲਗਭਗ 70 ਹਜ਼ਾਰ ਏਕੜ ਵੱਧ ਰਕਬੇ 'ਚ ਮੂੰਗੀ ਬੀਜੀ ਗਈ ਹੈ। ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ‘ਤੇ ਸਾਰੀ ਫਸਲ ਖਰੀਦਣ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਨੋਟੀਫਿਕੇਸ਼ਨ ਅਨੁਸਾਰ ਗਰਮੀ ਰੁੱਤ ਦੀ ਮੂੰਗੀ ਦੀ ਵਾਢੀ ਦਾ ਸਮਾਂ ਜੂਨ 2022 ਵਿੱਚ ਅਤੇ ਖਰੀਦ ਦਾ ਸਮਾਂ 1 ਜੂਨ ਤੋਂ 31 ਜੁਲਾਈ 2022 ਤੱਕ ਹੈ।

ਇਹ ਵੀ ਪੜ੍ਹੋ : CM ਮਾਨ ਨੇ ਮਸਤੂਆਣਾ ਸਾਹਿਬ ਨੇੜੇ ਜ਼ਮੀਨ ਦਾ ਕੀਤਾ ਦੌਰਾ, ਕਿਹਾ- ਜਲਦ ਹੋਵੇਗਾ ਮੈਡੀਕਲ ਕਾਲਜ ਦਾ ਨਿਰਮਾਣ ਸ਼ੁਰੂ

ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਅੰਤਿਮ ਰਿਪੋਰਟਾਂ ਦੇ ਆਧਾਰ ‘ਤੇ ਜੁਟਾਏ ਅੰਕੜਿਆਂ ਅਨੁਸਾਰ ਇਸ ਵਾਰ ਲਗਭਗ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ, ਜਦਕਿ 2020-21 ਦੌਰਾਨ 55,000 ਏਕੜ (22,000 ਹੈਕਟੇਅਰ) ਰਕਬਾ ਇਸ ਫਸਲ ਹੇਠ ਸੀ। ਇਸੇ ਤਰ੍ਹਾਂ ਸਾਲ 2019-20 ਵਿੱਚ ਲਗਭਗ 56,750 ਏਕੜ (22,700 ਹੈਕਟੇਅਰ) ਰਕਬਾ ਅਤੇ ਸਾਲ 2018-19 ਦੌਰਾਨ ਇਸ ਫਸਲ ਹੇਠ ਕੁੱਲ 40,750 ਏਕੜ (16,300 ਹੈਕਟੇਅਰ) ਰਕਬਾ ਸੀ।

ਇਹ ਵੀ ਪੜ੍ਹੋ : Weather Update: ਬਦਲੇਗਾ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ

ਸੂਬੇ ਦੇ ਖੇਤੀਬਾੜੀ ਵਿਭਾਗ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਬਠਿੰਡਾ ਜ਼ਿਲ੍ਹਾ 31,072 ਏਕੜ (12,429 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਬਿਜਾਈ ਕਰਕੇ ਸੂਬੇ ਭਰ 'ਚੋਂ ਮੋਹਰੀ ਰਿਹਾ, ਜਦੋਂ ਕਿ ਪਿਛਲੇ ਸਾਲ ਇਸ ਜ਼ਿਲ੍ਹੇ ਵਿੱਚ ਇਸ ਫਸਲ ਹੇਠ ਸਿਰਫ 500 ਹੈਕਟੇਅਰ ਰਕਬਾ ਹੀ ਸੀ। ਇਸ ਤੋਂ ਬਾਅਦ ਮਾਨਸਾ 'ਚ 25,000 ਏਕੜ (10,000 ਹੈਕਟੇਅਰ), ਮੋਗਾ 12,675 ਏਕੜ (5,070 ਹੈਕਟੇਅਰ), ਸ੍ਰੀ ਮੁਕਤਸਰ ਸਾਹਿਬ 11,975 ਏਕੜ (4,790 ਹੈਕਟੇਅਰ) ਅਤੇ ਲੁਧਿਆਣਾ 'ਚ 10,750 ਏਕੜ (4,300 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗੋਆ ਦੇ ਰਾਜ ਭਵਨ 'ਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਸਬੰਧੀ ਕਰਵਾਇਆ ਗੁਰਮਤਿ ਸਮਾਗਮ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਅਨੁਸਾਰ ਇਸ ਕਦਮ ਨਾਲ ਕਣਕ-ਝੋਨੇ ਦੇ ਚੱਕਰ ਦਰਮਿਆਨ ਇਕ ਹੋਰ ਫਸਲ ਬੀਜ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਮੂੰਗੀ ਦੇ ਕਾਸ਼ਤਕਾਰਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿੱਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫਸਲਾਂ ਪੱਕਣ ਵਿੱਚ ਬਹੁਤ ਘੱਟ ਸਮਾਂ ਲੈਂਦੀਆਂ ਹਨ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News