ਚੰਡੀਗੜ੍ਹ ’ਚ ਬਣਨਗੇ ਨਵੇਂ ਪੁਲਸ ਥਾਣੇ ਤੇ ਸਮਾਰਟ ਟ੍ਰੇਨਿੰਗ ਸੈਂਟਰ

Monday, Dec 25, 2023 - 11:05 AM (IST)

ਚੰਡੀਗੜ੍ਹ ’ਚ ਬਣਨਗੇ ਨਵੇਂ ਪੁਲਸ ਥਾਣੇ ਤੇ ਸਮਾਰਟ ਟ੍ਰੇਨਿੰਗ ਸੈਂਟਰ

ਚੰਡੀਗੜ੍ਹ (ਸੁਸ਼ੀਲ) : ਪੁਲਸ ਵਿਭਾਗ ਮਾਸਟਰ ਪਲਾਨ 2031 ਤਹਿਤ ਵੱਖ-ਵੱਖ ਪ੍ਰਾਜੈਕਟਾਂ ’ਤੇ ਕੰਮ ਕਰ ਰਿਹਾ ਹੈ। ਵੱਧਦੀ ਆਬਾਦੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਵਿਭਾਗ ਆਉਣ ਵਾਲੇ ਸਮੇਂ ਵਿਚ ਤਿੰਨ ਨਵੇਂ ਪੁਲਸ ਸਟੇਸ਼ਨ ਬਣਾਉਣ ਜਾ ਰਿਹਾ ਹੈ, ਜਿਨ੍ਹਾਂ ਵਿਚ ਪੀ. ਜੀ. ਆਈ., ਦੜਵਾ ਅਤੇ ਟ੍ਰੈਫ਼ਿਕ ਪੁਲਸ ਸਟੇਸ਼ਨ ਹੋਣਗੇ। ਪੀ. ਜੀ. ਆਈ. ਫਿਲਹਾਲ ਸੈਕਟਰ-11 ਥਾਣੇ ਅਧੀਨ ਆਉਂਦਾ ਹੈ ਪਰ ਵੱਧਦੇ ਏਰੀਆ ਨੂੰ ਦੇਖਦਿਆਂ ਪੁਲਸ ਸਟੇਸ਼ਨ ਬਣਾਇਆ ਜਾਵੇਗਾ।

ਇਸ ਤੋਂ ਇਲਾਵਾ ਦੜਵਾ ਪੁਲਸ ਚੌਂਕੀ ਨੂੰ ਪੁਲਸ ਸਟੇਸ਼ਨ ਬਣਾਇਆ ਜਾਵੇਗਾ। ਮੌਜੂਦਾ ਸਮੇਂ ਵਿਚ ਦੜਵਾ ਪੁਲਸ ਚੌਂਕੀ ਇੰਡਸਟਰੀਅਲ ਏਰੀਆ ਥਾਣੇ ਅਧੀਨ ਆਉਂਦੀ ਹੈ। ਇਸ ਤੋਂ ਇਲਾਵਾ ਟ੍ਰੈਫ਼ਿਕ ਪੁਲਸ ਵੀ ਬਣਾਈ ਜਾਵੇਗੀ ਕਿਉਂਕਿ ਚੰਡੀਗੜ੍ਹ ਵਿਚ ਕੋਈ ਵੀ ਟ੍ਰੈਫ਼ਿਕ ਪੁਲਸ ਸਟੇਸ਼ਨ ਨਹੀਂ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਸਾਰੰਗਪੁਰ ਵਿਚ ਸਮਾਰਟ ਟ੍ਰੇਨਿੰਗ ਸੈਂਟਰ ਬਣਾਉਣ ਜਾ ਰਹੀ ਹੈ। ਇਹ ਸਮਾਰਟ ਟ੍ਰੇਨਿੰਗ ਸੈਂਟਰ 99 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਪੁਰਸ਼ ਅਤੇ ਮਹਿਲਾ ਦੋਵਾਂ ਉਮੀਦਵਾਰਾਂ ਲਈ ਹੋਸਟਲ ਹੋਣਗੇ। ਅਧਿਕਾਰੀਆਂ ਦੀ ਰਿਹਾਇਸ਼ ਲਈ ਕੰਪਲੈਕਸ ਅੰਦਰ ਜਗ੍ਹਾ ਰਾਖਵੀਂ ਰੱਖੀ ਗਈ ਹੈ। ਇਸ ਤੋਂ ਇਲਾਵਾ ਕੈਡੇਟਾਂ ਦੀ ਸਰੀਰਕ ਫਿਟਨੈੱਸ ਅਤੇ ਸਿਖਲਾਈ ’ਤੇ ਜ਼ੋਰ ਦੇਣ ਦੇ ਨਾਲ ਇਸ ਸਹੂਲਤ ਵਿਚ ਇਕ ਸਟੇਡੀਅਮ ਵੀ ਹੋਵੇਗਾ। ਕੈਂਪਸ ਵਿਚ ਕੈਡੇਟਾਂ ਦੀ ਸਿਖਲਾਈ ਲਈ ਥੀਏਟਰ ਅਤੇ ਸੈਮੀਨਾਰ ਹਾਲ, ਮਲਟੀਪਰਪਜ਼ ਇਨਡੋਰ ਗੇਮ ਹਾਲ, ਪਰੇਡ ਗਰਾਊਂਡ ਅਤੇ ਕੋਰਸ ਹੋਣਗੇ। ਇਨ੍ਹਾਂ ਤੋਂ ਇਲਾਵਾ ਕੰਪਲੈਕਸ ਦੇ ਅੰਦਰ ਦੋ ਪ੍ਰਬੰਧਕੀ ਬਲਾਕ, ਅਸਲਾ ਬਲਾਕ ਅਤੇ ਸਿਹਤ ਸੰਭਾਲ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਪੁਲਸ ਜਵਾਨਾਂ ਲਈ ਧਨਾਸ ਪੁਲਸ ਕੰਪਲੈਕਸ ਵਿਚ ਫੇਜ਼ ਤਿੰਨ ਵਿਚ ਫਲੈਟ ਬਣਾਏ ਜਾਣਗੇ।
 


author

Babita

Content Editor

Related News