ਪੰਜਾਬ ਦੀ 'ਸਨਅਤ' ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ

Wednesday, Jul 29, 2020 - 04:29 PM (IST)

ਪੰਜਾਬ ਦੀ 'ਸਨਅਤ' ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ

ਲੁਧਿਆਣਾ (ਸਲੂਜਾ) : ਕੋਰੋਨਾ ਮਹਾਮਾਰੀ ਦੌਰਾਨ ਪਾਵਰਕਾਮ ਨੇ ਸੂਬੇ ਦੀ ਸਨਅਤ ਨੂੰ ਕੁੱਝ ਰਾਹਤ ਦੇਣ ਦੀ ਬਜਾਏ ਨਵਾਂ ਤਾਨਾਸ਼ਾਹੀ ਫਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੁਣ ਜੇਕਰ ਵੱਡੀਆਂ ਅਤੇ ਮੱਧਮ ਸਨਅਤਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੀਆਂ ਤਾਂ ਉਨ੍ਹਾਂ ਨੂੰ ਪ੍ਰਤੀ ਯੂਨਿਟ 2 ਰੁਪਏ ਜ਼ਿਆਦਾ ਦਾ ਭੁਗਤਾਨ ਕਰਨਾ ਪਵੇਗਾ। ਪਾਵਰਕਾਮ ਦੇ ਇਸ ਸਨਅਤ ਵਿਰੋਧੀ ਫ਼ੈਸਲੇ ਦੇ ਰੋਸ 'ਚ ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਮੀਟਿੰਗ ਬੁਲਾਈ।

ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ 'ਜੀ ਲੀਗ' 'ਚ ਚੋਣ 'ਤੇ ਕੈਪਟਨ ਨੇ ਦਿੱਤੀ ਵਧਾਈ

ਠੁਕਰਾਲ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਨਅਤ 'ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ, ਜੋ ਸਨਅਤਕਾਰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਆਫ਼ਤ ਦੇ ਦੌਰਾਨ ਸਨਅਤ ਦੀ ਹਾਲਤ ਤਾਂ ਪਹਿਲਾਂ ਤੋਂ ਹੀ ਡਾਵਾਂਡੋਲ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜੋ ਸਰਕਾਰ ਨੇ 2 ਮਹੀਨੇ ਦੇ ਫਿਕਸ ਚਾਰਜ ਖਤਮ ਕਰਨ ਦਾ ਐਲਾਨ ਕੀਤਾ ਸੀ, ਉਹ ਵੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦਿਨ ਚੜ੍ਹਦੇ ਹੀ 'ਫਤਿਹਗੜ੍ਹ ਸਾਹਿਬ' 'ਚ ਫਟਿਆ 'ਕੋਰੋਨਾ ਬੰਬ', ਵੱਡੀ ਗਿਣਤੀ 'ਚ ਕੇਸਾਂ ਦੀ ਪੁਸ਼ਟੀ

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਅਤ ਵਿਰੋਧੀ ਫ਼ੈਸਲੇ ਲੈਣ ਦਾ ਮਸ਼ਵਰਾ ਸਰਕਾਰ ਨੂੰ ਕੌਣ ਦਿੰਦਾ ਹੈ, ਇਹ ਸਮਝ ਤੋਂ ਪਰ੍ਹੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰ ਦੇਸ਼ ਅਤੇ ਰਾਜ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਨਅਤ ਨੂੰ ਹੀ ਮੰਨਿਆ ਜਾਂਦਾ ਹੈ ਅਤੇ ਜੇਕਰ ਸਰਕਾਰ ਹੀ ਨਹੀਂ ਚਾਹੁੰਦੀ ਕਿ ਸਨਅਤ ਚੱਲੇ ਤਾਂ ਫਿਰ ਸਨਅਤਕਾਰ ਕੀ ਕਰ ਸਕਦੇ ਹਨ। ਠੁਕਰਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਾਨਾਸ਼ਾਹੀ ਫਰਮਾਨ ਨਾਲ ਤਾਂ ਸਨਅਤਕਾਰ ਖੁਦ ਹੀ ਸਨਅਤ ਨੂੰ ਤਾਲੇ ਲਗਾਉਣ ਲਈ ਮਜਬੂਰ ਹੋ ਜਾਣਗੇ। ਠੁਕਰਾਲ ਨੇ ਦੱਸਿਆ ਕਿ ਉਹ ਜਲਦ ਹੀ ਇਸ ਸਬੰਧੀ ਪਾਵਰਕਾਮ ਦੇ ਚੇਅਰਮੈਨ ਏ. ਵੀਣੂੰ ਪ੍ਰਸਾਦ ਅਤੇ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਸਿੱਧੂ ਨਾਲ ਮੁਲਾਕਾਤ ਕਰਕੇ ਆਪਣਾ ਰੋਸ ਜਤਾਉਣਗੇ। ਇਸ ਮੌਕੇ ਇੰਦਰਜੀਤ ਸਿੰਘ ਵਲੈਤੀ, ਰਾਮ ਦੁਰਗਾ, ਸ਼ਵਿੰਦਰ ਸਿੰਘ, ਸੁਮੇਸ਼ ਕੁਮਾਰ ਕੌਛੜ, ਹਰਜੀਤ ਸਿੰਘ ਪਨੇਸਰ ਅਤੇ ਪਵਨ ਕੁਮਾਰ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪੀਤੀ ਜ਼ਹਿਰੀਲੀ ਦਵਾਈ, ਚਿੱਠੀ 'ਚ ਲਿਖਿਆ ਦਰਦ


author

Babita

Content Editor

Related News