ਪੰਜਾਬ ਦੇ ਨਵੇਂ ਮੰਤਰੀ ਸੋਮਵਾਰ ਤੋਂ ਸੰਭਾਲਣਗੇ ਨਵੀਂ ਜ਼ਿੰਮੇਵਾਰੀ
Friday, Jun 07, 2019 - 07:04 PM (IST)

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀਆਂ ਦੇ ਵਿਭਾਗਾਂ 'ਚ ਕੀਤੀ ਗਈ ਤਬਦੀਲੀ ਪਿਛੋਂ ਨਵੇਂ ਮੰਤਰੀਆਂ ਵਲੋਂ ਸੋਮਵਾਰ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਜਾਵੇਗੀ। ਸਥਾਨਕ ਸਰਕਾਰ ਵਿਭਾਗ ਦੀ ਜ਼ਿੰਮੇਵਾਰੀ ਬ੍ਰਹਿਮ ਮਹਿੰਦਰਾ ਨੂੰ ਸੌਂਪੀ ਗਈ ਹੈ। ਨਵੇਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸੋਮਵਾਰ ਆਪਣਾ ਅਹੁਦਾ ਸੰਭਾਲਣਗੇ। ਨਵੇਂ ਮੰਤਰੀਆਂ ਵਲੋਂ ਸ਼ਾਇਦ ਪੁਰਾਣੇ ਮੰਤਰੀਆਂ ਨਾਲ ਮਿਲ ਕੇ ਵਿਭਾਗਾਂ ਬਾਰੇ ਫੀਡਬੈਕ ਹਾਸਲ ਕੀਤੀ ਜਾਵੇਗੀ।
ਰਜ਼ੀਆ ਸੁਲਤਾਨਾ ਵੀ ਸੋਮਵਾਰ ਆਪਣਾ ਨਵਾਂ ਵਿਭਾਗ ਵੇਖਣਗੇ। ਉਨ੍ਹਾਂ ਨੂੰ ਟ੍ਰਾਂਸਪੋਰਟ ਵਰਗਾ ਅਹਿਮ ਮੰਤਰਾਲਾ ਸੌਂਪਿਆ ਗਿਆ ਹੈ। ਨਵੇਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸ਼ੁੱਕਰਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਮਾਲੀਆ ਵਿਭਾਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਤੋਂ ਇਲਾਵਾ 4 ਮੰਤਰੀਆਂ ਦੇ ਵਿਭਾਗਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਲਈ ਉਹ ਆਪਣੇ ਪੁਰਾਣੇ ਕਮਰਿਆਂ 'ਚ ਹੀ ਕੰਮ ਕਰਨਗੇ। ਨਵੇਂ ਮੰਤਰੀਆਂ ਵਲੋਂ ਆਪਣੇ ਨਾਲ ਪੁਰਾਣਾ ਸਟਾਫ ਵੀ ਰੱਖਿਆ ਜਾਵੇਗਾ। ਸੋਮਵਾਰ ਤੋਂ ਸਭ ਮੰਤਰੀ ਚੰਡੀਗੜ੍ਹ ਦੇ ਸਿਵਿਲ ਸਕੱਤਰੇਤ ਵਿਖੇ ਪਹੁੰਚਣਾ ਸ਼ੁਰੂ ਕਰ ਦੇਣਗੇ। ਉਹ ਆਪਣੇ-ਆਪਣੇ ਵਿਭਾਗਾਂ ਦਾ ਚਾਰਜ ਸੰਭਾਲ ਲੈਣਗੇ। ਹੁਣ ਸਭ ਦੀਆਂ ਨਜ਼ਰਾਂ ਨਵੇਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਕਦੋਂ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਦੇ ਹਨ।
ਨਵੇਂ ਮੰਤਰੀਆਂ 'ਚ ਸਿੱਖਿਆ ਵਿਭਾਗ ਵੀ ਅਹਿਮ ਥਾਂ ਰੱਖਦਾ ਹੈ। ਇਸ 'ਤੇ ਵਿਜੈ ਇੰਦਰ ਸਿੰਗਲਾ ਨੂੰ ਨਵਾਂ ਮੰਤਰੀ ਬਣਾਇਆ ਗਿਆ ਹੈ। ਅਧਿਆਪਕਾਂ ਦੀਆਂ ਸਾਲਾਨਾ ਤਬਦੀਲੀਆਂ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਨਵੀਂ ਨੀਤੀ ਇਸੇ ਮਹੀਨੇ ਬਣਾਈ ਜਾਣੀ ਹੈ। ਸਿਹਤ ਵਿਭਾਗ ਦੀ ਕਾਫੀ ਚੁਣੌਤੀ ਭਰਿਆ ਹੈ ਕਿਉਂਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਨਾ ਅਤੇ ਡਾਕਟਰਾਂ ਦੀ ਹਸਪਤਾਲਾਂ 'ਚ ਹਾਜ਼ਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਸ਼ੁਰੂ ਤੋਂ ਹੀ ਸਿੱਖਿਆ ਅਤੇ ਸਿਹਤ ਵਰਗੇ 2 ਖੇਤਰਾਂ ਵੱਲ ਪ੍ਰਮੁੱਖ ਧਿਆਨ ਦੇਣ ਦਾ ਐਲਾਨ ਕੀਤਾ ਹੈ। ਨਵੇਂ ਮੰਤਰੀਆਂ ਦੇ ਸਾਹਮਣੇ ਜਿਥੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਦਾ ਮੁੱਦਾ ਅਹਿਮ ਹੋਵੇਗਾ, ਉਥੇ ਨਵੇਂ ਵਿਭਾਗਾਂ 'ਚ ਕੰਮ ਕਰਨ ਦੀ ਰਫਤਾਰ ਨੂੰ ਵੀ ਵਧਾਉਣ ਹੋਵੇਗਾ।