ਜ਼ਰੂਰੀ ਖ਼ਬਰ : ਰਾਸ਼ਨ ਕਾਰਡ ਧਾਰਕਾਂ ਲਈ ਭਲਕੇ ਤੋਂ ਲਾਗੂ ਹੋਇਆ ਨਵਾਂ ਸਿਸਟਮ, ਹੁਣ QR ਕੋਡ ਨਾਲ ਹੀ...
Thursday, Aug 13, 2026 - 12:31 PM (IST)
ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ਦੇ ਰਾਸ਼ਨ ਕਾਰਡ ਧਾਰਕਾਂ ਲਈ ਸਰਕਾਰੀ ਰਾਸ਼ਨ ਲੈਣ ਦੀ ਪ੍ਰਕਿਰਿਆ ਹੁਣ ਨਵੇਂ ਡਿਜੀਟਲ ਰੂਪ ’ਚ ਬਦਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ.ਏ. ਵਾਈ.) ਤਹਿਤ ਚੰਡੀਗੜ੍ਹ ’ਚ ਹੁਣ ਖ਼ੁਰਾਕ ਸਬਸਿਡੀ ਸਿੱਧੇ ਬੈਂਕ ਖ਼ਾਤੇ ’ਚ ਨਕਦੀ ਵਜੋਂ ਭੇਜਣ ਦੀ ਬਜਾਏ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਦੇ ਡਿਜੀਟਲ ਰੁਪਏ ਰਾਹੀਂ ਦਿੱਤੀ ਜਾਵੇਗੀ। ਇਸ ਨਵੀਂ ਵਿਵਸਥਾ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਵੇਗੀ। ਪ੍ਰਸ਼ਾਸਨ ਮੁਤਾਬਕ ਇਸ ਨਾਲ ਚੰਡੀਗੜ੍ਹ ਦੇਸ਼ ਦਾ ਪਹਿਲਾ ਯੂ. ਟੀ. ਬਣੇਗਾ, ਜਿੱਥੇ ਭੋਜਨ ਸਬਸਿਡੀ ਲਈ ਸੀ. ਬੀ. ਡੀ. ਸੀ. ਆਧਾਰਿਤ ਡੀ. ਬੀ. ਟੀ. ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਇਸ ਸਹੂਲਤ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ।
ਇਹ ਵੀ ਪੜ੍ਹੋ : 454 ਫਾਰਮਾਸਿਸਟਾਂ ਦੀ ਭਰਤੀ ’ਤੇ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਹੈ ਪੂਰੀ ਖ਼ਬਰ
ਸਮਾਗਮ ’ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਕੇਂਦਰੀ ਰਾਜ ਮੰਤਰੀ ਨਿਮੂਬੇਨ ਜਯੰਤੀਭਾਈ ਬੰਭਾਨੀਆ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਰਹਿਣਗੇ। ਨਵੀਂ ਵਿਵਸਥਾ ’ਚ ਲਾਭਪਾਤਰੀ ਨੂੰ ਮਿਲਣ ਵਾਲਾ ਡਿਜੀਟਲ ਰੁਪਇਆ ਖ਼ਾਸ ਮਕਸਦ ਲਈ ਨਿਰਧਾਰਤ ਹੋਵੇਗਾ। ਇਸ ਦੀ ਵਰਤੋਂ ਸਿਰਫ਼ ਸਰਕਾਰ ਵੱਲੋਂ ਮਨਜ਼ੂਰ ਕੀਤੇ ਰਾਸ਼ਨ ਅਤੇ ਅਧਿਕਾਰਤ ਦੁਕਾਨਦਾਰਾਂ ਤੋਂ ਹੱਕਦਾਰ ਅਨਾਜ, ਜਿਵੇਂ ਕਣਕ ਤੇ ਚੌਲ ਖਰੀਦਣ ਲਈ ਕੀਤੀ ਜਾ ਸਕੇਗੀ। ਲਾਭਪਾਤਰੀ ਨੂੰ ਅਧਿਕਾਰਤ ਦੁਕਾਨ ’ਤੇ ਜਾ ਕੇ ਉੱਥੇ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ ਤੇ ਆਪਣੇ ਹੱਕ ਦਾ ਰਾਸ਼ਨ ਪ੍ਰਾਪਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ, 2 ਦਿਨਾਂ ’ਚ ਜਾਰੀ ਹੋਣਗੇ ਰੈਗੂਲਰ ਕਰਨ ਦੇ ORDER!
2015 ਦੇ ਡੀ. ਬੀ. ਟੀ. ਮਾਡਲ ਤੋਂ ਹੁਣ ਸੀ. ਬੀ. ਡੀ. ਸੀ. ਤੱਕ ਪਹੁੰਚਿਆ ਚੰਡੀਗੜ੍ਹ
ਚੰਡੀਗੜ੍ਹ ਨੇ ਸਤੰਬਰ 2015 ’ਚ ਖ਼ੁਰਾਕ ਸਬਸਿਡੀ ਲਈ ਸਿੱਧੇ ਲਾਭ ਤਬਾਦਲੇ (ਡੀ. ਬੀ. ਟੀ.) ਦਾ ਮਾਡਲ ਲਾਗੂ ਕਰਕੇ ਭੌਤਿਕ ਰਾਸ਼ਨ ਵੰਡ ਤੋਂ ਸਿੱਧੀ ਸਬਸਿਡੀ ਦੇਣ ਵੱਲ ਕਦਮ ਚੁੱਕਿਆ ਸੀ। ਹੁਣ ਇਸੇ ਪ੍ਰਣਾਲੀ ਨੂੰ ਅਗਲੇ ਪੱਧਰ ’ਤੇ ਲਿਜਾਂਦਿਆਂ ਸੀ. ਬੀ. ਡੀ. ਸੀ. ਆਧਾਰਿਤ ਡਿਜੀਟਲ ਤੇ ਉਦੇਸ਼-ਆਧਾਰਿਤ ਸਬਸਿਡੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਸਬਸਿਡੀ ਦੀ ਪਾਰਦਰਸ਼ਤਾ, ਟ੍ਰੇਸਬਿਲਟੀ, ਜਵਾਬਦੇਹੀ ਤੇ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ। ਇਸ ਸਮਾਗਮ ਦੌਰਾਨ ਦਾਦਰਾ ਤੇ ਨਗਰ ਹਵੇਲੀ ਲਈ ਵੀ ਸੀ. ਬੀ. ਡੀ. ਸੀ. ਆਧਾਰਤ ਖ਼ੁਰਾਕ ਸਬਸਿਡੀ ਪ੍ਰਣਾਲੀ ਦੀ ਆਨਲਾਈਨ ਸ਼ੁਰੂਆਤ ਕੀਤੀ ਜਾਵੇਗੀ। ਸਰਕਾਰ ਦਾ ਮਕਸਦ ਤਕਨਾਲੋਜੀ ਦੀ ਮਦਦ ਨਾਲ ਸਰਕਾਰੀ ਸਹਾਇਤਾ ਨੂੰ ਹੋਰ ਪਾਰਦਰਸ਼ੀ ਤੇ ਉਦੇਸ਼-ਆਧਾਰਿਤ ਬਣਾਉਣਾ ਹੈ, ਤਾਂ ਜੋ ਲਾਭਪਾਤਰੀ ਨੂੰ ਉਸ ਦੇ ਹੱਕ ਦਾ ਲਾਭ ਸਿੱਧੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
