ਪੰਜਾਬ 'ਚ ਹੁਣ ਆਪਣੀ ਮਰਜ਼ੀ ਨਾਲ ਨਹੀਂ ਉਡਾ ਸਕੋਗੇ 'ਡਰੋਨ', ਤਿਆਰ ਹੋ ਰਹੀ ਨਵੀਂ ਨੀਤੀ
Sunday, Mar 05, 2023 - 10:43 AM (IST)
ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ) : ਪੰਜਾਬ 'ਚ ਗੈਂਗਸਟਰ ਕਲਚਰ ਅਤੇ ਅੱਤਵਾਦੀਆਂ ਦੇ ਵੱਧਦੇ ਖ਼ਤਰੇ ਨੂੰ ਲੈ ਕੇ ਡਰੋਨ ਸਬੰਧੀ ਸਖ਼ਤੀ ਵਧਾਈ ਜਾ ਰਹੀ ਹੈ। ਇਸ ਦੇ ਤਹਿਤ ਹੁਣ ਕੋਈ ਵੀ ਵਿਅਕਤੀ ਸੂਬੇ 'ਚ ਆਪਣੀ ਮਰਜ਼ੀ ਨਾਲ ਡਰੋਨ ਨਹੀਂ ਉਡਾ ਸਕੇਗਾ। ਅਜਿਹਾ ਕਰਨ 'ਤੇ ਉਕਤ ਵਿਅਕਤੀ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਸ ਸਬੰਧੀ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਡਰੋਨ ਦੀ ਖ਼ਰੀਦ ਅਤੇ ਇਸਤੇਮਾਲ ਲਈ ਨਵੀਂ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PSEB ਦੀ 8ਵੀਂ ਤੇ 12ਵੀਂ ਦੀ ਡੇਟਸ਼ੀਟ 'ਚ 15 ਦਿਨਾਂ ਦੀਆਂ ਛੁੱਟੀਆਂ, ਜਾਣੋ ਕੀ ਹੈ ਕਾਰਨ
ਨਵੀਂ ਪਾਲਿਸੀ ਦੇ ਤਹਿਤ ਵੱਡਾ ਡਰੋਨ ਖ਼ਰੀਦਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਲੈਣੀ ਪਵੇਗੀ। ਡਰੋਨ ਖ਼ਰੀਦਣ ਤੋਂ ਬਾਅਦ ਵਾਹਨਾਂ ਦੀ ਤਰ੍ਹਾਂ ਹੀ ਇਸ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਰਜਿਸਟ੍ਰੇਸ਼ਨ ਤੋਂ ਬਾਅਦ ਵੀ ਜੇਕਰ ਡਰੋਨ ਇਸਤੇਮਾਲ ਕਰਨਾ ਹੈ ਤਾਂ ਡਿਪਟੀ ਕਮਿਸ਼ਨਰ ਜਾਂ ਏ. ਡੀ. ਸੀ. ਤੋਂ ਇਸ ਦੀ ਮਨਜ਼ੂਰੀ ਲੈਣੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਨਵੀਂ ਪਾਲਿਸੀ ਦੀ ਕਵਾਇਦ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਨੇ ਇਸ ਦਾ ਖਰੜਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੈ।
ਇਹ ਵੀ ਪੜ੍ਹੋ : ਬਾਪੂ ਸੂਰਤ ਸਿੰਘ ਖ਼ਾਲਸਾ ਪੁੱਜੇ ਘਰ, 8 ਸਾਲਾਂ ਬਾਅਦ DMC ਹਸਪਤਾਲ ਤੋਂ ਮਿਲੀ ਛੁੱਟੀ
ਇਸ ਦੇ ਮਨਜ਼ੂਰ ਹੁੰਦੇ ਹੀ ਇਸ ਨੀਤੀ ਨੂੰ ਸੂਬੇ 'ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਮਗਰੋਂ ਪੁਲਸ ਵੱਲੋਂ ਡਰੋਨ ਦੀ ਵਰਤੋਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪੰਜਾਬ 'ਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਦੀਆਂ ਸਾਂਝੀਆਂ ਟੀਮਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਮਿਲ ਕੇ ਕਾਰਵਾਈ ਕਰਨਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ