ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
Tuesday, Apr 01, 2025 - 08:42 AM (IST)

ਜਲੰਧਰ: ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਨਵੇਂ ਨਿਯਮ ਤੇ ਬਦਲਾਅ ਵੀ ਲਾਗੂ ਹੋ ਗਏ ਹਨ, ਜਿਸ ਦਾ ਪ੍ਰਭਾਅ ਸਿੱਧਾ ਤੁਹਾਡੇ ਉੱਤੇ ਹੋਣ ਵਾਲਾ ਹੈ। ਇਹ ਬਦਲਾਅ ਤੁਹਾਡੇ ਘਰ ਵਰਤੇ ਜਾ ਰਹੇ ਐੱਲ.ਪੀ. ਜੀ. ਸਿਲੰਡਰ ਜਾਂ ਵਪਾਰਕ ਸਿਲੰਡਰ, ਤੁਹਾਡੇ ਬੈਂਕ ਖਾਤੇ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀਆਂ ਕੀਮਤਾਂ ਵਿੱਚ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਹਾਈਵੇਅ ਉੱਤੇ ਯਾਤਰਾ ਕਰਨਾ ਵੀ ਮਹਿੰਗਾ ਹੋ ਜਾਵੇਗਾ, ਕਿਉਂਕਿ 1 ਅਪ੍ਰੈਲ ਤੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਸਮੇਤ ਦੇਸ਼ ਭਰ ਦੇ ਕਈ ਟੋਲ ਪਲਾਜ਼ੇ ਉੱਤੇ ਟੋਲ ਪਰਚੀ ਮਹਿੰਗੀ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਇਸ ਤਰ੍ਹਾਂ ਦੇ ਹੋਣ ਵਾਲੇ ਵੱਡੇ ਬਦਲਾਵਾਂ ਉੱਤੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਲੈ ਕੇ ਵੱਡੀ ਖ਼ਬਰ! ਅੱਜ ਰਾਤ 12 ਵਜੇ ਤੋਂ ਬਾਅਦ...
ਗੈਸ ਸਿਲੰਡਰਾਂ ਦੀਆਂ ਕੀਮਤਾਂ
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ, ਤੇਲ ਅਤੇ ਗੈਸ ਵੰਡ ਕੰਪਨੀਆਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਪ੍ਰੈਲ, 2025 ਨੂੰ ਨਵੀਆਂ ਦਰਾਂ ਜਾਰੀ ਕੀਤੀਆਂ ਹਨ, ਜਿਸ ਅਨੁਸਾਰ 19 ਕਿੱਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿਚ ਲਗਭਗ 45 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦਾ ਸਿੱਧਾ ਫਾਇਦਾ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਖਪਤਕਾਰਾਂ ਨੂੰ ਹੋਵੇਗਾ। ਹਾਲਾਂਕਿ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ।
ਟੋਲ ਟੈਕਸ ਵਿਚ ਵਾਧਾ
ਨੈਸ਼ਨਲ ਹਾਈਵੇਅ ਅਥਾਰਟੀ (NHAI) ਮਹੀਨਾ ਸ਼ੁਰੂ ਹੁੰਦੇ ਸਾਰ ਹੀ ਯਾਨੀ 31 ਮਾਰਚ ਅੱਧੀ ਰਾਤ ਤੋਂ ਹੀ ਟੋਲ ਟੈਕਸ ਦੀਆਂ ਦਰਾਂ ਵਧਾ ਕਰ ਸਕਦਾ ਹੈ, ਜਿਸਦਾ ਸਿੱਧਾ ਅਸਰ ਤੁਹਾਡੀ ਹਾਈਵੇਅ ਯਾਤਰਾ 'ਤੇ ਪੈ ਸਕਦਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ NHAI ਨੇ 1 ਅਪ੍ਰੈਲ ਤੋਂ ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਵਧੀਆਂ ਦਰਾਂ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਅਨੁਸਾਰ, ਲਖਨਊ ਤੋਂ ਲੰਘਣ ਵਾਲੇ ਹਾਈਵੇਅ 'ਤੇ ਹਲਕੇ ਵਾਹਨਾਂ ਲਈ ਟੋਲ 5 ਰੁਪਏ ਵਧਾਇਆ ਜਾ ਸਕਦਾ ਹੈ। ਇਸੇ ਤਰੀਕੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ, ਜਿਸ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆਖਿਆ ਜਾਂਦਾ ਹੈ, ਨੇ ਵੀ 1 ਅਪ੍ਰੈਲ ਤੋਂ ਟੋਲ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਕਾਰਨ ਹੁਣ ਇਸ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਵਾਧੂ ਪੈਸੇ ਦੇਣੇ ਪੈਣਗੇ।
ਬੈਂਕ ਖਾਤੇ ਨਾਲ ਸਬੰਧਤ ਬਦਲਾਅ
ਪਹਿਲੀ ਅਪ੍ਰੈਲ ਤੋਂ, ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਪੰਜਾਬ ਨੈਸ਼ਨਲ ਬੈਂਕ (PNB) ਸਮੇਤ ਕਈ ਬੈਂਕ ਗਾਹਕਾਂ ਦੇ ਬਚਤ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਨਾਲ ਸਬੰਧਤ ਨਿਯਮਾਂ ਵਿਚ ਸੋਧ ਕਰਨ ਜਾ ਰਹੇ ਹਨ। ਬੈਂਕ ਖਾਤਾ ਧਾਰਕ ਦੇ ਘੱਟੋ-ਘੱਟ ਬਕਾਇਆ ਲਈ ਸੈਕਟਰ-ਵਾਰ ਆਧਾਰ 'ਤੇ ਇੱਕ ਨਵੀਂ ਸੀਮਾ ਤੈਅ ਕਰੇਗਾ ਅਤੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਵਿਚ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨਾਂ 'ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
UPS ਦੀ ਸ਼ੁਰੂਆਤ
ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ, ਕੇਂਦਰੀ ਕਰਮਚਾਰੀਆਂ ਨੂੰ ਗਾਰੰਟੀਸ਼ੁਦਾ ਪੈਨਸ਼ਨ ਪ੍ਰਦਾਨ ਕਰਨ ਵਾਲੀ ਯੂਨੀਫਾਈਡ ਪੈਨਸ਼ਨ ਸਕੀਮ (UPS) 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਦੇ ਕਰਮਚਾਰੀ 1 ਅਪ੍ਰੈਲ ਤੋਂ ਪੋਰਟਲ 'ਤੇ ਅਰਜ਼ੀ ਦੇ ਸਕਣਗੇ। ਜੇਕਰ ਕਰਮਚਾਰੀ UPS ਅਧੀਨ ਪੈਨਸ਼ਨ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸਨੂੰ UPS ਵਿਕਲਪ ਚੁਣਨ ਲਈ ਦਾਅਵਾ ਫਾਰਮ ਭਰਨਾ ਹੋਵੇਗਾ। ਜੇਕਰ ਉਹ UPS ਦੀ ਚੋਣ ਨਹੀਂ ਕਰਨਾ ਚਾਹੁੰਦੇ ਤਾਂ ਉਹ NPS ਦੀ ਚੋਣ ਕਰ ਸਕਦੇ ਹਨ। ਇਸ ਤਹਿਤ 23 ਲੱਖ ਕੇਂਦਰੀ ਕਰਮਚਾਰੀਆਂ ਨੂੰ UPS ਅਤੇ NPS ਵਿੱਚੋਂ ਇੱਕ ਵਿਕਲਪ ਚੁਣਨਾ ਹੋਵੇਗਾ। ਕੇਂਦਰ ਸਰਕਾਰ ਯੂਪੀਐਸ ਵਿਕਲਪ ਦੀ ਚੋਣ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ (ਮੂਲ ਤਨਖਾਹ + ਮਹਿੰਗਾਈ ਭੱਤਾ) ਦਾ ਲਗਭਗ 8.5% ਵਾਧੂ ਯੋਗਦਾਨ ਵੀ ਪ੍ਰਦਾਨ ਕਰੇਗੀ। ਯੂਪੀਐਸ ਅਧੀਨ ਘੱਟੋ-ਘੱਟ ਪੈਨਸ਼ਨ 10,000 ਰੁਪਏ ਪ੍ਰਤੀ ਮਹੀਨਾ ਹੋਵੇਗੀ, ਜੋ ਕਿ ਯੂਪੀਐਸ ਵਲੋਂ ਘੱਟੋ-ਘੱਟ ਦਸ ਸਾਲ ਦੀ ਸੇਵਾ ਪੂਰੀ ਹੋਣ 'ਤੇ ਦਿੱਤੀ ਜਾਵੇਗੀ।
ਇਹ UPI ID ਹੋਣਗੀਆਂ ਬੰਦ
1 ਅਪ੍ਰੈਲ, 2025 ਤੋਂ ਅਗਲਾ ਬਦਲਾਅ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਨਾਲ ਸਬੰਧਤ ਹੈ ਅਤੇ ਮੋਬਾਈਲ ਨੰਬਰਾਂ ਨਾਲ ਜੁੜੇ UPI ਖਾਤੇ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ, ਨੂੰ ਬੈਂਕ ਰਿਕਾਰਡਾਂ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਫ਼ੋਨ ਨੰਬਰ UPI ਐਪ ਨਾਲ ਜੁੜਿਆ ਹੋਇਆ ਹੈ ਅਤੇ ਤੁਸੀਂ ਇਸ ਨੂੰ ਲੰਬੇ ਸਮੇਂ ਤੋਂ ਨਹੀਂ ਵਰਤਿਆ ਹੈ, ਤਾਂ ਇਸ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।
Debit Card ਦੇ ਨਵੇਂ ਨਿਯਮ
RuPay ਡੈਬਿਟ ਸਿਲੈਕਟ ਕਾਰਡ ਵਿਚ ਕੁਝ ਵੱਡੇ ਅਪਡੇਟ ਕੀਤੇ ਜਾਣ ਜਾ ਰਹੇ ਹਨ, ਜੋ ਕਿ 1 ਅਪ੍ਰੈਲ, 2025 ਤੋਂ ਲਾਗੂ ਹੋਣਗੇ। ਇਸ ਵਿੱਚ ਫਿਟਨੈੱਸ, ਵੈਲਨੈੱਸ, ਯਾਤਰਾ ਅਤੇ ਮਨੋਰੰਜਨ ਸ਼ਾਮਲ ਹਨ। ਅਪਡੇਟਸ ਬਾਰੇ ਗੱਲ ਕਰੀਏ ਤਾਂ, ਚੋਣਵੇਂ ਲਾਉਂਜਾਂ 'ਤੇ ਹਰ ਤਿਮਾਹੀ ਵਿਚ ਇਕ ਵਾਰ ਮੁਫਤ ਘਰੇਲੂ ਲਾਉਂਜ ਵਿਜ਼ਿਟ ਅਤੇ ਸਾਲ ਵਿਚ ਦੋ ਅੰਤਰਰਾਸ਼ਟਰੀ ਲਾਉਂਜ ਵਿਜ਼ਿਟ ਹੋਣਗੇ। ਇਸ ਤੋਂ ਇਲਾਵਾ, ਦੁਰਘਟਨਾ ਵਿਚ ਮੌਤ ਜਾਂ ਸਥਾਈ ਅਪੰਗਤਾ ਲਈ 10 ਲੱਖ ਰੁਪਏ ਤੱਕ ਦਾ ਨਿੱਜੀ ਦੁਰਘਟਨਾ ਕਵਰ ਉਪਲਬਧ ਹੋਵੇਗਾ। ਹਰ ਤਿਮਾਹੀ ਵਿੱਚ ਇੱਕ ਮੁਫ਼ਤ ਜਿੰਮ ਮੈਂਬਰਸ਼ਿਪ ਸਹੂਲਤ ਹੋਵੇਗੀ।
ਟੈਕਸ ਸਲੈਬ ਨਾਲ ਸਬੰਧਤ ਨਿਯਮ
ਬਜਟ 2025 ਵਿਚ, ਸਰਕਾਰ ਨੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਟੈਕਸ ਸਲੈਬ, TDS, ਟੈਕਸ ਛੋਟ ਅਤੇ ਹੋਰ ਚੀਜ਼ਾਂ ਵਿੱਚ ਬਦਲਾਅ ਸ਼ਾਮਲ ਸਨ। ਪੁਰਾਣੇ ਆਮਦਨ ਕਰ ਐਕਟ 1961 ਦੀ ਥਾਂ ਇੱਕ ਨਵਾਂ ਆਮਦਨ ਕਰ ਬਿੱਲ ਪ੍ਰਸਤਾਵਿਤ ਕੀਤਾ ਗਿਆ ਸੀ। ਇਹ ਸਾਰੇ ਬਦਲਾਅ 1 ਅਪ੍ਰੈਲ, 2025 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਟੈਕਸ ਸਲੈਬ ਦੇ ਤਹਿਤ, ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਟੈਕਸ ਦੇਣ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ, ਤਨਖਾਹਦਾਰ ਕਰਮਚਾਰੀ 75,000 ਰੁਪਏ ਦੀ ਮਿਆਰੀ ਕਟੌਤੀ ਲਈ ਯੋਗ ਹੋਣਗੇ। ਇਸਦਾ ਮਤਲਬ ਹੈ ਕਿ 12.75 ਲੱਖ ਰੁਪਏ ਤੱਕ ਦੀ ਤਨਖਾਹ ਆਮਦਨ ਹੁਣ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀ ਹੈ। ਹਾਲਾਂਕਿ, ਇਹ ਛੋਟ ਸਿਰਫ਼ ਉਨ੍ਹਾਂ 'ਤੇ ਲਾਗੂ ਹੁੰਦੀ ਹੈ ਜੋ ਨਵੇਂ ਟੈਕਸ ਵਿਕਲਪ ਦੀ ਚੋਣ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਕੂਲਰ-AC ਕਰਵਾ ਲਓ ਸਾਫ਼, ਤੇਜ਼ੀ ਨਾਲ ਵਧੇਗੀ ਗਰਮੀ
TDS ਲਿਮਟ ਵਿਚ ਵਾਧਾ
ਇਸ ਤੋਂ ਇਲਾਵਾ, TDS ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਵਿਚ ਬੇਲੋੜੀਆਂ ਕਟੌਤੀਆਂ ਨੂੰ ਘਟਾਉਣ ਅਤੇ ਟੈਕਸਦਾਤਾਵਾਂ ਲਈ CASH FLOW ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਵਰਗਾਂ ਵਿੱਚ ਲਿਮਟ ਵਧਾ ਦਿੱਤੀ ਗਈ ਹੈ। ਉਦਾਹਰਣ ਵਜੋਂ, ਬਜ਼ੁਰਗ ਨਾਗਰਿਕਾਂ ਲਈ ਵਿਆਜ ਆਮਦਨ 'ਤੇ ਟੀਡੀਐਸ ਸੀਮਾ ਦੁੱਗਣੀ ਕਰਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਬਜ਼ੁਰਗਾਂ ਲਈ ਵਿੱਤੀ ਸੁਰੱਖਿਆ ਵਧਦੀ ਹੈ। ਇਸੇ ਤਰ੍ਹਾਂ, ਕਿਰਾਏ ਦੀ ਆਮਦਨ 'ਤੇ ਛੋਟ ਸੀਮਾ ਵਧਾ ਕੇ 6 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ, ਜਿਸ ਨਾਲ ਮਕਾਨ ਮਾਲਕਾਂ 'ਤੇ ਬੋਝ ਘੱਟ ਹੋਵੇਗਾ ਅਤੇ ਸ਼ਹਿਰੀ ਖੇਤਰਾਂ ਵਿਚ ਕਿਰਾਏ ਦੀ ਮਾਰਕੀਟ ਨੂੰ ਹੁਲਾਰਾ ਮਿਲ ਸਕਦਾ ਹੈ।
ਕ੍ਰੈਡਿਟ ਕਾਰਡ ਨਾਲ ਸਬੰਧਤ ਨਿਯਮ
1 ਅਪ੍ਰੈਲ 2025 ਤੋਂ ਕ੍ਰੈਡਿਟ ਕਾਰਡਾਂ ਦੇ ਨਿਯਮਾਂ ਵਿੱਚ ਬਦਲਾਅ ਹੋਵੇਗਾ, ਜਿਸ ਨਾਲ ਉਨ੍ਹਾਂ 'ਤੇ ਉਪਲਬਧ ਇਨਾਮਾਂ (Reward) ਅਤੇ ਹੋਰ ਸਹੂਲਤਾਂ 'ਤੇ ਅਸਰ ਪਵੇਗਾ। ਜਦੋਂ ਕਿ SBI ਆਪਣੇ SimplyCLICK ਕ੍ਰੈਡਿਟ ਕਾਰਡ 'ਤੇ Swiggy ਰਿਵਾਰਡ ਨੂੰ 5 ਗੁਣਾ ਤੋਂ ਘਟਾ ਕੇ ਅੱਧਾ ਕਰ ਦੇਵੇਗਾ। ਇਸ ਲਈ ਏਅਰ ਇੰਡੀਆ ਦੇ ਸਿਗਨੇਚਰ ਪੁਆਇੰਟ 30 ਤੋਂ ਘਟਾ ਕੇ 10 ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਆਈ. ਡੀ. ਐੱਫ. ਸੀ. ਫਸਟ ਬੈਂਕ ਕਲੱਬ ਵਿਸਤਾਰਾ ਮਾਈਲਸਟੋਨ ਦੇ ਲਾਭਾਂ ਨੂੰ ਬੰਦ ਕਰਨ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8