ਮੁਹਾਲੀ ਏਅਰਪੋਰਟ ’ਤੇ ਨਵੀਂ ਕਾਰਗੋ ਸਹੂਲਤ ਦਸੰਬਰ ਤੋਂ ਹੋਵੇਗੀ ਸ਼ੁਰੂ : ਚੰਦੂਮਾਜਰਾ
Monday, Sep 06, 2021 - 06:16 PM (IST)
ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੱਸਿਆ ਕਿ ਮੁਹਾਲੀ ’ਚ ਚੰਡੀਗੜ੍ਹ ਏਅਰਪੋਰਟ ’ਤੇ ਨਵੀਂ ਕਾਰਗੋ ਸਹੂਲਤ ਇਸ ਸਾਲ ਦਸੰਬਰ ’ਚ ਸ਼ੁਰੂ ਹੋ ਜਾਵੇਗੀ, ਜਿਸ ਦੀ ਬਦੌਲਤ ਇਹ ਖੇਤਰ ਫ਼ਲਾਂ, ਸਬਜ਼ੀਆਂ ਤੇ ਫੁੱਲਾਂ ਦੀ ਬਰਾਮਦ ਦਾ ਕੇਂਦਰ ਬਣ ਜਾਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ’ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪ ਇਹ ਮਾਮਲਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਕੋਲ ਚੁੱਕਿਆ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਹ ਕਾਰਗੋ ਸਹੂਲਤ ਇਸ ਵੇਲੇ ਉਸਾਰੀ ਅਧੀਨ ਹੈ ਤੇ ਇਹ ਸਾਲ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਗੁੰਮ ਹੋਇਆ ਮਾਸੂਮ ਬੱਚਾ ਛੱਪੜ ’ਚੋਂ ਮਿਲਿਆ, ਪਰਿਵਾਰ ਨੇ ਜਾਰੀ ਕੀਤਾ ਬਿਆਨ
ਅਕਾਲੀ ਆਗੂ ਨੇ ਕਿਹਾ ਕਿ ਨਵੀਂ ਸਹੂਲਤ 12137 ਵਰਗ ਮੀਟਰ ’ਚ ਬਣ ਰਹੀ ਹੈ, ਜਿਸ ਨਾਲ ਮੱਧ-ਪੂਰਬ ਅਤੇ ਦੁਨੀਆ ਦੇ ਹੋਰ ਹਿੱਸਿਆਂ ਲਈ ਤੁਰੰਤ ਸਬਜ਼ੀਆਂ, ਫ਼ਲਾਂ ਤੇ ਫੁੱਲਾਂ ਦੀ ਬਰਾਮਦ ਸ਼ੁਰੂ ਹੋ ਸਕੇਗੀ, ਜੋ ਇਸ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਕੌਮਾਂਤਰੀ ਉਡਾਣਾਂ ’ਤੇ ਨਿਰਭਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਲਈ ਫਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਉੱਤਰੀ ਖਿੱਤੇ ’ਚ ਕੋਈ ਵੀ ਬੰਦਰਗਾਹ ਨਹੀਂ ਹੈ ਅਤੇ ਕਿਸਾਨਾਂ ਨੂੰ ਆਪਣੀਆਂ ਖ਼ਰਾਬ ਹੋਣ ਵਾਲੀਆਂ ਜਿਣਸਾਂ ਹੋਰ ਮੁਲਕਾਂ ’ਚ ਭੇਜਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵਾਹਗਾ ਵਿਖੇ ਇੰਟੀਗ੍ਰੇਟਿਡ ਚੈੱਕ ਪੋਸਟ ’ਚ ਵੀ ਤਰੁੱਟੀਆਂ ਹਨ ਤੇ ਇਸ ਰਾਹੀਂ ਵਸਤਾਂ ਸਿਰਫ ਪਾਕਿਸਤਾਨ ਹੀ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਾਡੀਆਂ ਛੇਤੀ ਖ਼ਰਾਬ ਹੋਣ ਵਾਲੀਆਂ ਜਿਣਸਾਂ ਵੀ ਕੁਝ ਹੀ ਘੰਟਿਆਂ ’ਚ ਮੱਧ-ਪੂਰਬ ਵਿਚ ਭੇਜੀਆਂ ਜਾ ਸਕਣਗੀਆਂ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਤੇ ਰੋਜ਼ਗਾਰ ਅਤੇ ਵਪਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਦੇ ਕਿਸਾਨਾਂ ਨੂੰ ਇਹ ਕਾਰਗੋ ਸਹੂਲਤ ਸ਼ੁਰੂ ਹੋਣ ਨਾਲ ਲਾਭ ਮਿਲੇਗਾ।
ਪ੍ਰੋ. ਚੰਦੂਮਾਜਰਾ ਨੇ ਜਯੋਤਿਰਦਿੱਤਿਆ ਸਿੰਧੀਆ ਨਾਲ ਆਪਣੀ ਮੀਟਿੰਗ ’ਚ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਵੱਧ ਤੋਂ ਵੱਧ ਗਿਣਤੀ ’ਚ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਵਸਦੇ ਪੰਜਾਬੀਆਂ ਦੀ ਇਹ ਵੰਡੀ ਮੰਗ ਹੈ ਕਿ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੰਤਰੀ ਨੇ ਇਸ ਮੰਗ ’ਤੇ ਗੌਰ ਕਰਨ ਦਾ ਭਰੋਸਾ ਦਿਵਾਇਆ। ਸਿੰਧੀਆ ਨੇ ਪ੍ਰੋ. ਚੰਦੂਮਾਜਰਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਚੰਡੀਗੜ੍ਹ ਤੋਂ ਉੱਤਰਾਖੰਡ ’ਚ ਪੰਤਨਗਰ ਲਈ ਉਡਾਣ ਸ਼ੁਰੂ ਕੀਤੇ ਜਾਣ ਦੀ ਮੰਗ ਏਅਰਲਾਈਨਜ਼ ਨਾਲ ਸਾਂਝੀ ਕਰ ਕੇ ਇਸ ’ਤੇ ਗੌਰ ਕਰਨ ਲਈ ਆਖਿਆ ਜਾਵੇਗਾ।