ਨਵੇਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਗੁਰੂ ਨਗਰੀ ਵਾਸੀਆਂ ਨੇ ਬਿਠਾਇਆ ਪਲਕਾਂ ''ਤੇ

Saturday, Apr 07, 2018 - 10:01 AM (IST)

ਨਵੇਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਗੁਰੂ ਨਗਰੀ ਵਾਸੀਆਂ ਨੇ ਬਿਠਾਇਆ ਪਲਕਾਂ ''ਤੇ


ਅੰਮ੍ਰਿਤਸਰ (ਕਮਲ/ਵੜੈਚ) - ਨਵ-ਨਿਯੁਕਤ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਐੱਮ. ਪੀ. ਰਾਜ ਸਭਾ ਸ਼ਵੇਤ ਮਲਿਕ ਦਾ ਗੁਰੂ ਨਗਰੀ ਪੁੱਜਣ 'ਤੇ ਖੰਨਾ ਸਮਾਰਕ 'ਚ ਜ਼ਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਦੀ ਅਗਵਾਈ 'ਚ ਸੈਂਕੜੇ ਭਾਜਪਾ ਨੇਤਾਵਾਂ ਤੇ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਮਲਿਕ ਰੋਡ ਸ਼ੋਅ ਕਰਦੇ ਹੋਏ ਜਗ੍ਹਾ-ਜਗ੍ਹਾ ਢੋਲ-ਨਗਾਰਿਆਂ ਤੇ ਪਟਾਕਿਆਂ ਨਾਲ ਹਾਥੀ ਗੇਟ 'ਚ ਰਾਹੁਲ ਮਹੇਸ਼ਵਰੀ ਅਤੇ ਹਾਲ ਗੇਟ 'ਚ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਗੋਲ ਹੱਟੀ ਚੌਕ 'ਚ ਸੈਂਕੜੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਰਾਸ਼ਟਰੀ ਮੰਤਰੀ ਤਰੁਣ ਚੁੱਘ ਤੇ ਭਰਾਵਾਂ ਦੇ ਢਾਬਾ 'ਚ ਰਾਕੇਸ਼ ਗਿੱਲ ਇੰਚਾਰਜ ਹਲਕਾ ਵੈਸਟ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਮਲਿਕ ਨੇ ਸ੍ਰੀ ਦਰਬਾਰ ਸਾਹਿਬ, ਜਲਿਆਂਵਾਲਾ ਬਾਗ ਤੇ ਰਾਮ ਤੀਰਥ 'ਚ ਨਤਮਸਤਕ ਹੋ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ।
ਸੂਚਨਾ ਕੇਂਦਰ 'ਚ ਮਲਿਕ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ, ਰਜਿੰਦਰ ਮੋਹਨ ਛੀਨਾ, ਕੇਵਲ ਗਿੱਲ ਤੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਸਨ। ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲਾਂ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੂਬੇ 'ਚ ਵਰਕਰਾਂ ਨਾਲ ਮਿਲ ਕੇ ਸੰਗਠਨ ਨੂੰ ਮਜ਼ਬੂਤ ਬਣਾਉਣਗੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। 21 ਰਾਜਾਂ 'ਚ ਭਾਜਪਾ ਦੀ ਸਰਕਾਰ ਹੈ, ਹੁਣ ਸਾਡਾ ਇਕ ਹੀ ਮਕਸਦ ਹੈ ਕਿ ਦੇਸ਼ ਨੂੰ ਕਾਂਗਰਸ-ਮੁਕਤ ਬਣਾਵਾਂਗੇ। ਮਲਿਕ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਜਨਤਾ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਾਂਗਰਸ ਖਿਲਾਫ ਸੜਕਾਂ 'ਤੇ ਉਤਰਾਂਗੇ। ਇਸ ਮੌਕੇ ਰਜਿੰਦਰ ਪੱਪੂ ਮਹਾਜਨ, ਡਾ. ਹਰਵਿੰਦਰ ਸੰਧੂ, ਵਰੁਣ ਪੁਰੀ, ਗੌਤਮ ਅਰੋੜਾ, ਅਨੁਜ ਸਿੱਕਾ ਆਦਿ ਤੋਂ ਇਲਾਵਾ ਕਈ ਲੋਕ ਮੌਜੂਦ ਸਨ।


Related News