'ਨਵਾਂ ਅਕਾਲੀ ਦਲ' ਬਾਦਲਾਂ ਲਈ ਖਤਰੇ ਦੀ ਘੰਟੀ!

Friday, Dec 07, 2018 - 12:55 PM (IST)

'ਨਵਾਂ ਅਕਾਲੀ ਦਲ' ਬਾਦਲਾਂ ਲਈ ਖਤਰੇ ਦੀ ਘੰਟੀ!

ਲੁਧਿਆਣਾ(ਮੁੱਲਾਂਪੁਰੀ)— ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ 'ਚੋਂ ਬਾਗੀ ਹੋ ਕੇ ਮਾਝੇ ਦੇ ਜਰਨੈਲਾਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨਾ ਸਿੰਘ ਅਜਨਾਲਾ ਨੇ ਜੋ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਾ ਕਬਜ਼ਾ ਖਤਮ ਕਰਨ ਲਈ 16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰ ਕੇ ਨਵਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ ਜਾਵੇਗਾ। ਉਸ ਨੂੰ ਲੈ ਕੇ ਅਕਾਲੀ ਦਲ 'ਚ ਹਲ-ਚਲ ਮਚਣ ਦੀ ਖਬਰ ਹੈ, ਕਿਉਂਕਿ ਮਾਝੇ ਦੇ ਜਰਨੈਲ ਜ਼ਿੱਦੀ ਤੇ ਅੜੀਅਲ ਰਵੱਈਏ ਵਾਲੇ ਮੰਨੇ ਜਾਂਦੇ ਹਨ, ਜਿਸ ਕਰ ਕੇ ਉਹ ਮਸ਼ਹੂਰ ਹਨ, ਜੇਕਰ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਤਾਂ ਮਾਝੇ 'ਚ ਅਕਾਲੀ ਦਲ ਬਾਦਲ ਲਈ ਖਤਰੇ ਦੇ ਘੰਟੀ ਹੋਵੇਗਾ, ਕਿਉਂਕਿ ਮਾਝੇ 'ਚ ਉਨ੍ਹਾਂ ਦਾ ਪੂਰਾ ਦਬਦਬਾ ਕਿਸੇ ਤੋਂ ਲੁਕਿਆ ਨਹੀਂ। ਬਾਕੀ ਹੋਰ ਵੀ ਜਿਹੜੇ ਮਾਝੇ 'ਚ ਅਕਾਲੀ ਬਾਦਲ ਪੱਖੀ ਆਗੂ ਬੈਠੇ ਹਨ, ਉਨ੍ਹਾਂ ਦਾ ਰਾਜਸੀ ਕੱਦ ਦੇ ਇਨ੍ਹਾਂ ਨਾਲੋਂ ਕਿਧਰੇ ਛੋਟੇ ਹਨ। ਇਥੇ ਹੀ ਬਸ ਨਹੀਂ ਮਾਝੇ 'ਚ ਬਾਦਲ ਪਰਿਵਾਰ ਨਾਲ ਜੁੜੇ ਸਾਬਕਾ ਮੰਤਰੀ ਦੀ ਨਾਰਾਜ਼ਗੀ ਦੀ ਵੀ ਚਰਚਾ ਹੋਣ ਲੱਗ ਪਈ ਹੈ। ਜਦੋਂ ਕਿ ਅਜੇ ਤਾਂ ਮਾਲਵੇ 'ਚ ਬਰਗਾੜੀ ਧਰਨਾ ਲਾ ਕੇ ਬੈਠੀ ਸੰਗਤ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਬੇਅਦਬੀ ਤੇ ਗੋਲੀ ਚਲਾਉਣ ਤੇ ਸਿਰਸਾ ਸਾਧ ਨੂੰ ਮੁਆਫੀ ਦੇਣ ਦਾ ਸਿੱਧਾ ਦੋਸ਼ ਲਾ ਕੇ ਲੋਕਾਂ 'ਚ ਨਵੀਂ ਰੋਸ ਤੇ ਰੋਹ ਭਰੀ ਲਹਿਰ ਪੈਦਾ ਕਰੀ ਬੈਠੀ ਹੈ।

ਇਕ ਬਜ਼ੁਰਗ ਟਕਸਾਲੀ ਆਗੂ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੇ ਨਵਾਂ ਅਕਾਲੀ ਦਲ ਬਣਾ ਲਿਆ ਤਾਂ ਫਿਰ 2002 ਵਾਂਗ ਮਰਹੂਮ ਜਥੇ. ਟੌਹੜਾ ਵਲੋਂ ਉਸ ਵੇਲੇ ਬਣਾਇਆ ਗਿਆ ਸਰਬ ਹਿੰਦ ਅਕਾਲੀ ਦਲ ਵਾਂਗ ਪਹਿਲਾਂ 2019 'ਚ ਅਤੇ 2022 'ਚ ਬਾਦਲਕਿਆਂ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਤੋਂ ਹੀ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।


author

cherry

Content Editor

Related News