‘ਨੇਤਾ ਜੀ ਸਤਿ ਸ੍ਰੀ ਅਕਾਲ’: ਮੰਤਰੀ ਧਾਲੀਵਾਲ ਨੇ ਅਖਬਾਰਾਂ ਵੇਚਣ ਤੋਂ ਲੈ ਕੇ ਕੈਬਨਿਟ ਮੰਤਰੀ ਬਣਨ ਤੱਕ ਦੀ ਦੱਸੀ ਕਹਾਣੀ
Tuesday, Feb 14, 2023 - 11:51 PM (IST)
ਜਲੰਧਰ (ਵੈੱਬ ਡੈਸਕ)-‘ਜਗ ਬਾਣੀ’ ਦੇ ਬਹੁ-ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਦੀ ਵਾਪਸੀ ਹੋ ਗਈ ਹੈ, ਨਿਵੇਕਲੇ ਐਪੀਸੋਡ ’ਚ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕੈਬਨਿਟ ਮੰਤਰੀ ਧਾਲੀਵਾਲ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਿਆਸੀ ਮਸਲਿਆਂ ਬਾਰੇ ਗੱਲ ਕੀਤੀ। ਇਸ ਦੌਰਾਨ ਧਾਲੀਵਾਲ ਨੇ ਸਿਆਸਤ ’ਚ ਸ਼ੁਰੂਆਤ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਬੋਲਦਿਆਂ ਕਿਹਾ ਕਿ ਮੈਂ ਅੰਮ੍ਰਿਤਸਰ ਡੀ. ਏ. ਵੀ. ਕਾਲਜ ’ਚ ਪੜ੍ਹਦਾ ਸੀ। ਉਸ ਸਮੇਂ ਕਾਲਜਾਂ ’ਚ ਵਿਦਿਆਰਥੀਆਂ ਦੀਆਂ ਖੱਬੇਪੱਖੀ ਜਥੇਬੰਦੀਆਂ ਹੁੰਦੀਆਂ ਸਨ, ਜਿਨ੍ਹਾਂ ਦੀ ਬਹੁਤ ਚਰਚਾ ਹੁੰਦੀ ਸੀ। ਉਸ ਦੌਰਾਨ ਮੈਂ ਵੀ ਪੰਜਾਬ ਸਟੂਡੈਂਟਸ ਯੂਨੀਅਨ ‘ਚ ਕਾਫ਼ੀ ਐਕਟਿਵ ਰਿਹਾ ਤੇ ਹੌਲੀ-ਹੌਲੀ ਜ਼ਿਲ੍ਹਾ ਪ੍ਰਧਾਨ ਬਣ ਗਿਆ, ਫਿਰ ਪੰਜਾਬ ਦਾ ਜਨਰਲ ਸਕੱਤਰ ਬਣਿਆ। ਮੰਤਰੀ ਧਾਲੀਵਾਲ ਨੇ ਦੱਸਿਆ ਕਿ ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਸਨ, ਕਾਲਜਾਂ ’ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦਾ ਵੀ ਬੋਲਬਾਲਾ ਹੋਣ ਲੱਗਾ ਸੀ। ਅਸੀਂ ਕਾਲਜਾਂ ਵਿਚ ਅਤੇ ਬਾਹਰ ਪੰਜਾਬ ਦੇ ਮਸਲੇ ’ਤੇ ਵੀ ਕਾਫ਼ੀ ਫਾਈਟ ਕੀਤੀ।
ਇਹ ਖ਼ਬਰ ਵੀ ਪੜ੍ਹੋ : ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ
ਉਨ੍ਹਾਂ ਦੱਸਿਆ ਕਿ ਉਹ ਉਸ ਸਮੇਂ ਪੜ੍ਹਨਾ ਤਾਂ ਚਾਹੁੰਦੇ ਸੀ ਪਰ ਘਰ ਦੇ ਹਾਲਾਤ ਕਾਰਨ ਉਹ ਪੜ੍ਹ ਨਹੀਂ ਸਕੇ। ਉਹ ਉਸ ਸਮੇਂ ਸਿਆਸੀ ਤੌਰ ’ਤੇ ਤਾਂ ਨਹੀਂ ਪਰ ਸਟੂਡੈਂਟਸ ਯੂਨੀਅਨ ’ਚ ਕਾਫ਼ੀ ਐਕਟਿਵ ਸੀ। ਉਨ੍ਹਾਂ ਪੂਰੇ ਪੰਜਾਬ ’ਚ ਬਹੁਤ ਕੰਮ ਕੀਤਾ। ਇਸ ਦੌਰਾਨ ਉਹ ਕਿਰਤੀ ਕਿਸਾਨ ਯੂਨੀਅਨ ’ਚ ਵੀ ਸ਼ਾਮਲ ਹੋਏ। ਉਹੀ ਤਜਰਬਾ ਹੁਣ ਖੇਤੀਬਾੜੀ ਮੰਤਰੀ ਹੁੰਦਿਆਂ ਕੰਮ ਆ ਰਿਹਾ ਹੈ। ਆਪਣੇ ਪਰਿਵਾਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਤਿੰਨ ਭਰਾ ਤੇ ਪੰਜ ਭੈਣਾਂ ਸਨ। ਦੋ ਭਰਾਵਾਂ ਦੀ ਮੌਤ ਹੋ ਗਈ। ਇਕ ਭਰਾ ਅੱਤਵਾਦ ਦੌਰਾਨ ਸ਼ਹੀਦ ਹੋਏ, ਉਹ ਪਿੰਡ ਦੇ ਸਰਪੰਚ ਸਨ। ਛੋਟੇ ਭਰਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਫ਼ੌਜ ’ਚ ਦਫ਼ੇਦਾਰ ਮੇਜਰ ਸਨ। ਉਹ ਫ਼ੌਜ ’ਚ ਘੋੜਸਵਾਰੀ ਦੇ ਕੋਚ ਸਨ। ਜਦੋਂ ਉਨ੍ਹਾਂ ਦੀ 1982 ’ਚ ਮੌਤ ਹੋਈ, ਉਦੋਂ ਉਹ ਬਹੁਤ ਛੋਟੇ ਸੀ। ਫਿਰ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਆ ਗਈ। ਧਾਲੀਵਾਲ ਨੇ ਦੱਸਿਆ ਕਿ ਮੈਨੂੰ ਪਰਿਵਾਰਕ ਜ਼ਿੰਮੇਵਾਰੀਆਂ ਦੇ ਬੋਝ ਕਾਰਨ ਅਮਰੀਕਾ ਜਾਣਾ ਪਿਆ। ਫਿਰ ਉਥੇ ਸੈੱਟ ਹੋ ਕੇ ਪਰਿਵਾਰ ਨੂੰ ਬੁਲਾਇਆ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਜਪਾਲ ’ਤੇ ਵਿੰਨ੍ਹਿਆ ਨਿਸ਼ਾਨਾ, ‘ਆਪ’ ਸਰਕਾਰ ਦਾ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਪੜ੍ਹੋ Top 10
ਅਮਰੀਕਾ ’ਚ ਸ਼ੁਰੂਆਤੀ ਦਿਨਾਂ ਬਾਰੇ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਉਥੇ ਗੈਸ ਸਟੇਸ਼ਨ ’ਤੇ 12-12 ਘੰਟੇ ਕਰਨਾ ਪੈਂਦਾ ਸੀ। ਇਸ ਦੌਰਾਨ ਉਥੋਂ ਨਿਕਲਦੀ ਇਕ ਅਖ਼ਬਾਰ, ਜਿਸ ਦਾ ਮਾਲਕ ਵੀ ਪੰਜਾਬ ਸਟੂਡੈਂਟਸ ਯੂਨੀਅਨ ’ਚ ਰਿਹਾ ਸੀ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕੈਲੀਫੋਰਨੀਆ ਦਾ ਇੰਚਾਰਜ ਬਣਾ ਦਿੱਤਾ। ਫਿਰ ਮੈਂ ਉਸ ਅਖ਼ਬਾਰ ਲਈ ਲਿਖਣ ਲੱਗ ਪਿਆ। ਇਸ ਦੌਰਾਨ ਜਿਹੜਾ ਬੰਦਾ ਕੈਲੀਫੋਰਨੀਆ ’ਚ ਇਸ ਅਖ਼ਬਾਰ ਨੂੰ ਡਿਸਟ੍ਰੀਬਿਊਟ ਕਰਦਾ ਸੀ, ਉਸ ਨੂੰ ਭਾਰਤ ਜਾਣਾ ਪਿਆ। ਫਿਰ ਮੈਂ ਨਾਲ-ਨਾਲ ਅਖਬਾਰ ਵੀ ਡਿਸਟ੍ਰੀਬਿਊਟ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਬਹੁਤ ਵੱਡੀ ਸਟੇਟ ਹੈ। ਮੈਨੂੰ ਸਾਨ ਫ੍ਰਾਂਸਿਸਕੋ ਤੋਂ ਅਖ਼ਬਾਰ ਚੁੱਕ ਕੇ ਗੱਡੀ ’ਚ ਲੱਦ ਕੇ ਦੁਕਾਨਾਂ ’ਤੇ ਅਖ਼ਬਾਰ ਰੱਖਣ ’ਚ ਪੂਰੇ 2 ਦਿਨ ਲੱਗਦੇ ਸਨ। ਇਸ ਦੌਰਾਨ ਮੈਂ ਬਹੁਤ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਅਖ਼ਬਾਰਾਂ ਡਿਸਟ੍ਰੀਬਿਊਟ ਕਰਨ ਦੌਰਾਨ ਫਰਿਜ਼ਨੋ ’ਚ ਇਕ ਮਿਊਜ਼ਿਕ ਦੀ ਦੁਕਾਨ ਸੀ, ਦੁਕਾਨ ਵਾਲਿਆਂ ਨੇ ਮੈਨੂੰ ਸੀ. ਡੀ. ਤੇ ਡੀ. ਵੀ. ਡੀ. ਲਿਆ ਕੇ ਵੇਚਣ ਦੀ ਸਲਾਹ ਦਿੱਤੀ ਤਾਂ ਜੋ ਮੇਰੇ ਹੋਰ ਪੈਸੇ ਬਣ ਸਕਣ। ਇਸ ਤੋਂ ਬਾਅਦ ਮੈਂ ਹੋਲਸੇਲਰਾਂ ਤੋਂ ਡੀ. ਵੀ. ਡੀਜ਼ ਤੇ ਸੀ. ਡੀਜ਼ ਲੈ ਕੇ ਵੇਚੀਆਂ। ਉਨ੍ਹਾਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਨੇ ਸੁਰਿੰਦਰ ਕੌਰ, ਯਮਲਾ ਜੱਟ, ਚਮਕੀਲਾ, ਹਰਭਜਨ ਮਾਨ ਤੇ ਭਗਵੰਤ ਮਾਨ ਦੀਆਂ ਸੀ. ਡੀਜ਼ ਵੀ ਵੇਚੀਆਂ। ਇਸ ਦੌਰਾਨ ਉਥੇ ਮੇਰੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ ਤੇ ਉਨ੍ਹਾਂ ਨੇ ਮੈਨੂੰ ਪੰਜਾਬ ਆਉਣ ਲਈ ਕਿਹਾ ਤੇ ਫਿਰ ਇਸ ਤਰ੍ਹਾਂ ਪੰਜਾਬ ’ਚ ਵਾਪਸੀ ਹੋਈ। ਸਾਡਾ ਕਾਫ਼ੀ ਪੁਰਾਣਾ ਪਿਆਰ ਸੀ।
ਇਹ ਖ਼ਬਰ ਵੀ ਪੜ੍ਹੋ : ਮਹਿੰਗਾ ਹੋਵੇਗਾ ਸਫ਼ਰ, ਡੀਜ਼ਲ ਦੇ ਭਾਅ ਵਧਣ ਮਗਰੋਂ ਪ੍ਰਾਈਵੇਟ-ਸਰਕਾਰੀ ਬੱਸਾਂ ਦਾ ਕਿਰਾਇਆ ਵਧਾਉਣ ਦੀ ਤਿਆਰੀ