ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)

Tuesday, Apr 14, 2020 - 01:47 PM (IST)

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)

ਲੇਖਕ – ਗੁਰਤੇਜ ਸਿੰਘ ਕੱਟੂ
98155 94197

ਜਦੋਂ ਨੈਲਸਨ ਨੇ ਪਹਿਲੀ ਵਾਰ ਪੂੰਜੀਵਾਦ ਦੀ ਝਲਕ ਦੇਖੀ...

ਜੋਹਾਨਸਬਰਗ ਸ਼ਹਿਰ 1886 ਵਿਚ ਵਿੱਟਵਾਟਰਸਰੈਂਡ ਦੇ ਇਲਾਕੇ ਵਿਚ ਸੋਨੇ ਦੀ ਖੋਜ ਤੋਂ ਬਾਅਦ ਵਸਾਇਆ ਗਿਆ ਸੀ ਅਤੇ ‘ਕਰਾਊਨ ਮਾਈਨਜ਼’ ਸੋਨੇ ਦੇ ਇਸ ਸ਼ਹਿਰ ਦੀ ਸਭ ਤੋਂ ਵੱਡੀ ਸੋਨੇ ਦੀ ਖਾਨ ਵਜੋਂ ਜਾਣਿਆ ਜਾਂਦਾ ਸੀ। ਉਂਜ ਤਾਂ ਭਾਵੇਂ ਇਹ ਸੋਨੇ ਦੀਆਂ ਖਾਣਾਂ ਸਨ ਪਰ ਅਸਲ ’ਚ ਮਜ਼ਦੂਰਾਂ ਦਾ ਇਥੇ ਮਾਸ ਨੋਚਿਆ ਜਾਂਦਾ ਸੀ।

ਨੈਲਸਨ ਨੇ ਜਦੋਂ ਪਹਿਲੀ ਵਾਰ ਇਨ੍ਹਾਂ ਖਾਣਾਂ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਹ ਆਪ ਕਹਿੰਦਾ ਕਿ, “ਮੈਂ ਇਹ ਸਭ ਦੇਖ ਪਹਿਲੀ ਵਾਰ ਦੱਖਣੀ ਅਫ਼ਰੀਕਾ ਦੇ ਪੂੰਜੀਵਾਦ ਦੀ ਝਲਕ ਪਾ ਰਿਹਾ ਸੀ।”

ਨੈਲਸਨ ਤੇ ਜਸਟਿਸ ਇਸ ਸੋਨੇ ਦੀ ਖਾਣ ਦੇ ਫੋਰਮੈਨ ਨੂੰ ਮਿਲੇ। ਉਸਦਾ ਨਾਂ ਪਿਲਿਸੋ ਸੀ। ਉਹ ਜਸਟਿਸ ਬਾਰੇ ਤਾਂ ਪਹਿਲਾਂ ਜਾਣਦਾ ਸੀ, ਕਿਉਂਕਿ ਰਾਜ-ਸਰਪ੍ਰਸਤ ਨੇ ਪਿਲਿਸੋ ਨੂੰ ਕਾਫ਼ੀ ਮਹੀਨੇ ਪਹਿਲਾਂ ਜਸਟਿਸ ਲਈ ਕਲਰਕ ਦੀ ਨੌਕਰੀ ਦਾ ਪ੍ਰਬੰਧ ਕਰਕੇ ਰੱਖਣ ਲਈ ਕਿਹਾ ਸੀ। ਪਿਲਿਸੋ ਨੇ ਤੁਰੰਤ ਹੀ ਜਸਟਿਸ ਨੂੰ ਤਾਂ ਨੌਕਰੀ ਦੇ ਦਿੱਤੀ ਪਰ ਨੈਲਸਨ ਵੱਲ ਦੇਖ ਕੇ ਪਿਲਿਸੋ ਜਸਟਿਸ ਨੂੰ ਉਸ ਬਾਰੇ ਪੁੱਛਦੇ ਹੋਏ ਕਹਿੰਦਾ ਹੈ ਕਿ “ਮੈਨੂੰ ਤਾਂ ਸਿਰਫ਼ ਤੁਹਾਡੇ ਬਾਰੇ ਨੌਕਰੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ।” ਪਰ ਜਸਟਿਸ ਦੇ ਕਹਿਣ ’ਤੇ ਫੋਰਮੈਨ ਨੈਲਸਨ ਨੂੰ ਵੀ ਸਿਪਾਹੀ ਦੀ ਨੌਕਰੀ ਦੇ ਦਿੰਦਾ ਹੈ।

ਜਸਟਿਸ ਦੀ ਏਥੇ ਕਾਫ਼ੀ ਚਲਦੀ ਸੀ। ਮਜ਼ਦੂਰ ਜਸਟਿਸ ਨੂੰ ਮੁਖੀਆ ਮੰਨਦੇ ਸਨ। ਇਸ ਲਈ ਉਥੋਂ ਦੀ ਰੀਤ ਮੁਤਾਬਕ ਜਦੋਂ ਜਸਟਿਸ ਮਜ਼ਦੂਰ ਖਾਣ ਦਾ ਮੁਆਇਨਾ ਕਰਦਾ ਤਾਂ ਮਜ਼ਦੂਰ ਉਸਨੂੰ ਕਾਫੀ ਪੈਸੇ ਭੇਟਾ ਵਜੋਂ ਦੇ ਦਿੰਦੇ। ਇਨ੍ਹਾਂ ਪੈਸਿਆਂ ਨੂੰ ਜਸਟਿਸ ਤੇ ਨੈਲਸਨ ਆਪਸ ’ਚ ਵੰਡ ਲੈਂਦੇ। ਪੈਸੇ ਦੇਖ ਨੈਲਸਨ ਕਾਫੀ ਖ਼ੁਸ਼ ਹੁੰਦਾ। ਇਕ ਵਾਰ ਤਾਂ ਉਹ ਸੋਚਦਾ ਕਿ ਜੇਕਰ ਉਸਨੇ ਕਾਲਜ ’ਚ ਰਹਿ ਕੇ ਸਮਾਂ ਬਰਬਾਦ ਨਾ ਕੀਤਾ ਹੁੰਦਾ ਤਾਂ ਹੁਣ ਤੱਕ ਉਸਨੇ ਇਕ ਧਨਾਢ ਵਿਅਕਤੀ ਬਣ ਜਾਣਾ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਸਮਾਂ ਨੇ ਇਕ ਵਾਰ ਫੇਰ ਤੋਂ ਉਸਨੂੰ ਘੇਰਨ ਲਈ ਤਿਆਰੀ ਕਰ ਰਹੀ ਸੀ।

ਆਖ਼ਰ ਇਕ ਦਿਨ ਫੋਰਮੈਨ ਨੇ ਜਸਟਿਸ ਤੇ ਨੈਲਸਨ ਦਾ ਝੂਠ ਪਕੜ ਹੀ ਲਿਆ। ਫੋਰਮੈਨ ਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਘਰੋਂ ਭੱਜ ਕੇ ਆਏ ਹਨ। ਫੋਰਮੈਨ ਨੂੰ ਰਾਜ-ਸਰਪ੍ਰਸਤ ਦੀ ਚਿੱਠੀ ਮਿਲ ਗਈ ਸੀ ਜਿਸ ਵਿਚ ਲਿਖਿਆ ਹੋਇਆ ਸੀ, “ਮੁੰਡਿਆਂ ਨੂੰ ਇਕ ਦਮ ਘਰ ਵਾਪਿਸ ਭੇਜ ਦਿਓ।” ਫੋਰਮੈਨ ਨੇ ਜਸਟਿਸ ਤੇ ਨੈਲਸਨ ਨੂੰ ਕਾਫ਼ੀ ਕੋਸਿਆ ਤੇ ਤੁਰੰਤ ਘਰ ਵਾਪਿਸ ਜਾਣ ਦਾ ਹੁਕਮ ਦੇ ਦਿੱਤਾ।

PunjabKesari

ਪਰ ਨੈਲਸਨ ਤੇ ਜਸਟਿਸ ਦਾ ਪੱਕਾ ਫ਼ੈਸਲਾ ਸੀ ਕਿ ਉਹ ਘਰ ਕਿਸੇ ਵੀ ਕੀਮਤ ਤੇ ਵਾਪਿਸ ਨਹੀਂ ਜਾਣਗੇ। ਉਨ੍ਹਾਂ ਨੂੰ ਪਤਾ ਸੀ ਕਿ ਘਰ ਵਾਪਿਸ ਜਾਂਦਿਆਂ ਸਾਰ ਹੀ ਉਨ੍ਹਾਂ ਦਾ ਵਿਆਹ, ਉਹ ਵੀ ਉਨ੍ਹਾਂ ਦੀਆਂ ਨਾ-ਪਸੰਦ ਲੜਕੀਆਂ ਨਾਲ ਕਰ ਦਿੱਤਾ ਜਾਵੇਗਾ। ਇਸ ਲਈ ਉਹ ਦੋਵੇਂ ਏਥੇ ਹੀ ਹੋਰ ਨੌਕਰੀ ਦਾ ਪ੍ਰਬੰਧ ਕਰਨ ਲੱਗ ਪਏ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦਾ ਬਚਪਨ

ਏਥੇ ਹੀ ਡਾਕਟਰ ਬੀ.ਏ. ਜ਼ੂਮਾ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ, ਜੋ ਰਾਜ-ਸਰਪ੍ਰਸਤ ਦਾ ਪੁਰਾਣਾ ਤੇ ਬਹੁਤ ਗੂੜ੍ਹਾ ਮਿੱਤਰ ਸੀ। ਉਹ ਹੁਣ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਮੈਂਬਰ ਸੀ। ਡਾ. ਜ਼ੂਮਾ ਦੀ ਸ਼ਹਿਰ ’ਚ ਕਾਫ਼ੀ ਚਲਦੀ ਸੀ। ਉਸਦੀ ਮਦਦ ਸਦਕਾ ਉਹ ਫੇਰ ਤੋਂ ਉਸੇ ਖਾਣ ’ਚ ਆ ਲੱਗੇ, ਜਿਥੋਂ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੱਢ ਦਿੱਤਾ ਗਿਆ ਸੀ। ਹੁਣ ਵੀ ਉਨ੍ਹਾਂ ਨੇ ਏਥੇ ਜ਼ਿਆਦਾ ਸਮਾਂ ਨਹੀਂ ਰਹਿਣਾ ਸੀ। ਕੁਝ ਦਿਨਾਂ ਬਾਅਦ ਫੇਰ ਤੋਂ ਜਦੋਂ ਫੋਰਮੈਨ ਨੇ ਉਨ੍ਹਾਂ ਨੂੰ ਦੁਬਾਰਾ ਖਾਣ ’ਚ ਫਿਰਦੇ ਦੇਖਿਆ ਤਾਂ ਤੁਰੰਤ ਹੀ ਘਰ ਵਾਪਿਸ ਜਾਣ ਲਈ ਕਿਹਾ। ਇਹ ਨੌਕਰੀ ਤਾਂ ਇਨ੍ਹਾਂ ਦੋਵਾਂ ਲਈ ਹੁਣ ਨਾਮੁਮਕਿਨ ਸੀ। ਇਸ ਲਈ ਹੁਣ ਉਹ ਹੋਰ ਨੌਕਰੀ ਦੀ ਤਲਾਸ਼ ਕਰਨ ਲੱਗੇ।

ਜੋਹਾਨਸਬਰਗ ’ਚ ਹੀ ਨੈਲਸਨ ਦਾ ਚਚੇਰਾ ਭਰਾ ਰਹਿੰਦਾ ਸੀ। ਉਸਨੇ ਨੈਲਸਨ ਨੂੰ ਆਰਜ਼ੀ ਤੌਰ ’ਤੇ ਇਕ ਦਫ਼ਤਰ ’ਚ ਮੁਨਸ਼ੀ ਲਗਵਾ ਦਿੱਤਾ। ਨੈਲਸਨ ਇਹ ਵੇਖ ਕੇ ਹੈਰਾਨ ਰਹਿ ਗਿਆ ਸੀ ਕਿ ਜਿਸ ਦਫ਼ਤਰ ’ਚ ਉਹ ਕੰਮ ਕਰਨ ਲੱਗਾ ਸੀ, ਉਸ ਦੇ ਦਫ਼ਤਰ ਦਾ ਪੱਕਾ ਮੁਨਸੀ ਸਿਸੁਲੂ ਛੇਵੀਂ ਪਾਸ ਹੀ ਸੀ। ਨੈਲਸਨ ਦਾ ਇਹ ਭਰਮ ਕਿ ਉੱਚ ਪੜ੍ਹਾਈ ਸਦਕਾ ਉੱਚੀ ਨੌਕਰੀ ਪ੍ਰਾਪਤ ਕੀਤੀ ਜਾਂਦੀ ਹੈ, ਇਸ ਦਫ਼ਤਰ ’ਚ ਆ ਕੇ ਟੁੱਟ ਗਿਆ ਸੀ। ਹੋਰ ਵੀ ਬਹੁਤ ਸਾਰੇ ਭਰਮ ਜੋ ਉਸਨੇ ਫੋਰਟ ਹੇਅਰ (ਯੂਨੀਵਰਸਿਟੀ ਕਾਲਜ) ਦੀ ਪੜ੍ਹਾਈ ਸਮੇਂ ਆਪਣੇ ਅੰਦਰ ਪਾਲੇ ਸਨ, ਜੋਹਾਨਸਬਰਗ ’ਚ ਹੌਲੀ-ਹੌਲੀ ਟੁੱਟਦੇ ਗਏ।

ਪਹਿਲਾਂ-ਪਹਿਲਾਂ ਤਾਂ ਨੈਲਸਨ ਏਥੇ ਆਪਣੇ ਚਚੇਰੇ ਭਰਾ ਦੇ ਘਰ ਹੀ ਰਿਹਾ ਪਰ ਬਾਅਦ ’ਚ ਉਹ ਅਲੈਗਜ਼ੈਂਡਰਾ ਬਸਤੀ ’ਚ ਇਕ ਕਿਰਾਏ ਦੇ ਘਰ ’ਚ ਰਹਿਣ ਲੱਗਾ। ਜਿਸ ਦਫ਼ਤਰ ’ਚ ਨੈਲਸਨ ਕੰਮ ਕਰਦਾ ਸੀ ਉਸਦਾ ਨਾਂ “ਵਿਟਕਿਨ, ਸਾਈਡੈਲਸੰਕੀ ਐਂਡ ਈਡਲਮੈਨ” ਕੰਪਨੀ ਸੀ। ਨੈਲਸਨ ਨੂੰ ਹੁਣ ਨੌਕਰੀ ਤਾਂ ਮਿਲ ਗਈ ਸੀ ਪਰ ਉਹ ਹੁਣ ਨਾਲ ਦੀ ਨਾਲ ਹੀ ਬੀ.ਏ. ਦੀ ਪੜ੍ਹਾਈ ਵੀ ਪੂਰੀ ਕਰਨਾ ਚਾਹੁੰਦਾ ਸੀ, ਕਿਉਂਕਿ ਮੁਨਸ਼ੀ ਬਣਨ ਲਈ ਹੁਣ ਬੀ.ਏ. ਦੀ ਡਿਗਰੀ ਜ਼ਰੂਰੀ ਕਰ ਦਿੱਤੀ ਗਈ ਸੀ। ਨੈਲਸਨ ਦਿਨ ਸਮੇਂ ਦਫ਼ਤਰੀ ਕੰਮ ਕਰਦਾ ਤੇ ਰਾਤ ਸਮੇਂ ਆਪਣੀ ਪੜ੍ਹਾਈ ਕਰਦਾ ਰਹਿੰਦਾ। ਉਸਨੇ ‘ਯੂਨੀਵਰਸਿਟੀ ਆਫ਼ ਸਾਊਥ ਅਫ਼ਰੀਕਾ’ ਰਾਹੀਂ ਆਪਣੀ ਪੜ੍ਹਾਈ ਅੱਗੇ ਤੋਰੀ। ਇਹ ਅਫ਼ਰੀਕਾ ਦੀ ਬਹੁਤ ਨਾਮਵਰ ਸੰਸਥਾ ਸੀ, ਜਿਥੇ ਪੱਤਰ-ਵਿਹਾਰ ਰਾਹੀਂ ਡਿਗਰੀ ਦਿੱਤੀ ਜਾਂਦੀ ਸੀ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)

ਅਸਲ ’ਚ ਨੈਲਸਨ ਦਾ ਵਿਚਾਰ ਸੀ ਕਿ ਉਹ ਵਕੀਲ ਬਣੇ ਕਿਉਂਕਿ ਵਕੀਲ ਉਸ ਸਮੇਂ ਬਹੁਤ ਉੱਚਾ ਤੇ ਸਤਿਕਾਰਤ ਆਹੁਦਾ ਸੀ। ਇਸ ਲਈ ਕੰਪਨੀ ਦਾ ਮਾਲਕ ਮਿਸਟਰ ਸਾਈਡੱਲਸਕੀ ਨੈਲਸਨ ਨੂੰ ਹਮੇਸ਼ਾ ਇਕ ਚੰਗੇ ਵਕੀਲ ਦੇ ਗੁਣਾਂ ਬਾਰੇ ਅਕਸਰ ਸੇਧਿਤ ਕਰਦਾ ਰਹਿੰਦਾ। ਉਹ ਨੈਲਸਨ ਨੂੰ ਦੱਸਦਾ ਰਹਿੰਦਾ ਕਿ ਸਾਨੂੰ ਸਮਾਜਿਕ ਤਬਦੀਲੀ ਕਾਨੂੰਨ ਦੁਆਰਾ ਲਿਆਉਣੀ ਚਾਹੀਦੀ ਹੈ। ਉਹ ਨੈਲਸਨ ਨੂੰ ਇਹ ਵੀ ਕਹਿੰਦਾ ਕਿ ਰਾਜਨੀਤੀ ਤੋਂ ਬਚ ਕੇ ਰਹੀਂ, ਕਿਉਂਕਿ ਇਹ ਵਿਅਕਤੀ ਨੂੰ ਗ਼ਲਤ ਰਾਹ ’ਤੇ ਚੱਲਣ ਲਈ ਪ੍ਰੇਰਦੀ ਹੈ ਤੇ ਇਹ ਸਾਰੀਆਂ ਤਕਲੀਫ਼ਾਂ ਤੇ ਭ੍ਰਿਸ਼ਟਾਚਾਰ ਦੀ ਜੜ੍ਹ ਹੈ, ਇਸ ਤੋਂ ਹਰ ਕੀਮਤ ਤੇ ਬਚ ਕੇ ਰਹਿਣਾ। ਉਹ ਨੈਲਸਨ ਨੂੰ ਆਪਣੇ ਦਫ਼ਤਰ ਦੇ ਦੋ ਵਿਅਕਤੀਆਂ ਗਾਉਰ ਰਾਦੇਬੇ ਅਤੇ ਵਾਲਟਰ ਸਿਸੁਲੂ ਤੋਂ ਵੀ ਬਚ ਕੇ ਰਹਿਣ ਲਈ ਕਹਿੰਦਾ। ਇਹ ਦੋਵੇਂ ਰਾਜਨੀਤਿਕ ਸਰਗਰਮੀਆਂ ਵਿਚ ਹਿੱਸਾ ਲੈਂਦੇ ਸਨ। ਇਹ ਦੋਵੇਂ ਅਫ਼ਰੀਕਨ ਨੈਸ਼ਨਲ ਕਾਂਗਰਸ  ਦੇ ਮੈਂਬਰ ਸਨ।

ਗਉਰ ਐਸੇ ਵਿਅਕਤੀ ਦੀ ਵਧੀਆ ਉਦਾਹਰਨ ਸੀ, ਜਿਨ੍ਹਾਂ ਕੋਲ ਫੋਰਟ ਹੇਅਰ ਯੂਨੀਵਰਸਿਟੀ ਕਾਲਜ ਵਰਗੀ ਬੀ.ਏ. ਦੀ ਡਿਗਰੀ ਤਾਂ ਨਹੀਂ ਸੀ ਪਰ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸੂਝਵਾਨ ਸਨ। ਉਸਦਾ ਨਾ ਕੇਵਲ ਗਿਆਨ ਵਿਸ਼ਾਲ ਸੀ ਸਗੋਂ ਉਹ ਨਿਡਰ ਤੇ ਸਵੈ-ਵਿਸ਼ਵਾਸੀ ਵੀ ਸੀ। ਉਹ ਆਪਣੇ ਕੰਪਨੀ ਮਾਲਕਾਂ ਨੂੰ ਸਿੱਧਾ ਹੀ ਕਹਿ ਦਿੰਦਾ ਸੀ ਕਿ, “ਤੁਸੀਂ ਸਾਡੇ ਤੋਂ ਸਾਡੀ ਹੀ ਜ਼ਮੀਨ ਖੋਹ ਕੇ ਸਾਨੂੰ ਗ਼ੁਲਾਮ ਬਣਾ ਲਿਆ, ਹੁਣ ਤੁਸੀਂ ਇਸ ਦੇ ਨਖਿੱਧ ਤੋਂ ਨਖਿੱਧ ਹਿੱਸੇ ਦੀ ਵੀ ਸਾਡੇ ਕੋਲੋਂ ਚੌਗੁਣੀ ਕੀਮਤ ਵਸੂਲ ਕਰਕੇ ਸਾਨੂੰ ਹੀ ਵੇਚ ਰਹੇ ਹੋ।”

ਨੈਲਸਨ ਦਾ ਵਿਚਾਰ ਜਾਂ ਭਰਮ ਕਿ ਡਿਗਰੀ ਪ੍ਰਾਪਤ ਕਰਕੇ ਵਿਅਕਤੀ ਸਮਾਜ ਦੇ ਮੋਹਰੀਆਂ ’ਚ ਆ ਜਾਂਦਾ ਹੈ, ਬਾਰੇ ਗਾਉਰ ਨੇ ਇਕ ਵਾਰ ਨੈਲਸਨ ਨੂੰ ਕਿਹਾ ਕਿ, “ਡਿਗਰੀ ਦਾ ਇਹ ਮਤਲਬ ਹਰਗਿਜ਼ ਨਹੀਂ ਹੁੰਦਾ ਕਿ ਤੁਸੀਂ ਸਮਾਜ ਦੇ ਮੋਹਰੀਆਂ ’ਚ ਆ ਜਾਂਦੇ ਹੋ। ਅਜਿਹਾ ਹੋਣ ਲਈ ਆਪਣੇ ਸਮਾਜ ’ਚ ਜਾ ਕੇ ਆਪਣੀ ਕਾਬਲੀਅਤ ਦਿਖਾਉਣੀ ਬਹੁਤ ਜ਼ਰੂਰੀ ਹੈ।”

ਹੌਲੀ-ਹੌਲੀ ਨੈਲਸਨ ਨੇ ਏਥੇ ਆਪਣੇ ਕਾਫ਼ੀ ਸਾਰੇ ਦੋਸਤ ਬਣਾ ਲਏ। ਉਸਦੇ ਜ਼ਿਆਦਾਤਰ ਦੋਸਤ ਪਹਿਲਾਂ ਤੋਂ ਹੀ ਏ.ਐਨ.ਸੀ. ਨਾਲ ਜੁੜੇ ਹੋਏ ਸਨ। ਨੈਲਸਨ ਉਹਨਾਂ ਨਾਲ ਕਦੇ-ਕਦੇ ਏ.ਐਨ.ਸੀ. ਦੇ ਪ੍ਰੋਗਰਾਮਾਂ ਜਾਂ ਮੀਟਿੰਗਾਂ ਵਿਚ ਚਲਾ ਜਾਂਦਾ। ਏ.ਐਨ.ਸੀ. ਦੀਆਂ ਮੀਟਿੰਗਾਂ ’ਚ ਜਾਣ ਸਮੇਂ ਹੁਣ ਨੈਲਸਨ ਨੂੰ ਦੇਸ਼ ਵਿਚਲੇ ਨਸਲੀ ਵਿਤਕਰੇ ਦੇ ਇਤਿਹਾਸ ਬਾਰੇ ਹੌਲੀ-ਹੌਲੀ ਸਮਝ ਆਉਣ ਲੱਗ ਗਈ ਸੀ।

ਦਫ਼ਤਰ ’ਚ ਹੀ ਨੈਲਸਨ ਦਾ ਇਕ ਗੋਰਾ ਦੋਸਤ ‘ਨੈਟ ਬਰੈਗਮੈਨ’ ਬਣਿਆ। ਉਹ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਸੀ। ਨੈਟ, ਨੈਲਸਨ ਨੂੰ ਅਕਸਰ ਹੀ ਆਪਣੇ ਨਾਲ ਕਮਿਊਨਿਸਟ ਪਾਰਟੀ ਦੀਆਂ ਮੀਟਿੰਗਾਂ ’ਚ ਆਪਣੇ ਨਾਲ ਲੈ ਜਾਂਦਾ। ਨੈਲਸਨ ਲਈ ਇਹ ਸ਼ੁਰੂਆਤੀ ਸਮਾਂ ਸੀ। ਉਸਨੂੰ ਉਸ ਸਮੇਂ ਜ਼ਿਆਦਾ ਕੁਝ ਤਾਂ ਪਤਾ ਨਹੀਂ ਚਲਦਾ ਸੀ ਪਰ ਨੈਲਸਨ ਚੁੱਪ-ਚਾਪ ਬੁਲਾਰਿਆਂ ਨੂੰ ਸੁਣਦਾ ਰਹਿੰਦਾ ਅਤੇ ਉਹਨਾਂ ਸਭ ਚੀਜ਼ਾਂ ਨੂੰ ਗ਼ੌਰ ਨਾਲ ਵੇਖਦਾ ਰਹਿੰਦਾ ਜੋ ਸਮਾਰੋਹਾਂ ’ਚ ਹੁੰਦੀਆਂ।


author

rajwinder kaur

Content Editor

Related News