ਬੀਬੀਐੱਮਬੀ ਸਿਰਫ਼ ਪੰਜਾਬ ਦਾ ਨਹੀਂ ਸਗੋਂ ਗੁਆਂਢੀ ਸੂਬਿਆਂ ਦਾ ਵੀ ਇਸ ''ਤੇ ਪੂਰਾ ਹੱਕ : ਸ਼ੇਖਾਵਤ

Thursday, Sep 01, 2022 - 02:48 PM (IST)

ਮੋਹਾਲੀ : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਆਖਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਸਿਰਫ਼ ਪੰਜਾਬ ਦਾ ਨਹੀਂ ਹੈ, ਸਗੋਂ ਇਹ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ ਤੇ ਇਸ ’ਤੇ ਇਨ੍ਹਾਂ ਚਾਰ ਸੂਬਿਆਂ ਦਾ ਬਰਾਬਰ ਹੱਕ ਹੈ। ਇਸ ਬਿਆਨ ਮਗਰੋਂ ਇਹ ਮਾਮਲਾ ਇਕ ਵਾਰ ਫਿਰ ਭਖ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਬੀਬੀਐੱਮਬੀ 'ਚੋਂ ਪੰਜਾਬ ਦੀ ਮੈਂਬਰੀ ਰੱਦ ਕਰਨ ਕਰਕੇ ਭਾਜਪਾ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਸੀ। ਉਹ ਅੱਜ ਮੋਹਾਲੀ 'ਚ ਪੱਤਰਕਾਰ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ। ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਿਤ ਪਾਣੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇੱਕ ਵੱਡੀ ਚੁਣੌਤੀ ਹੈ। ਇਨ੍ਹਾਂ ’ਚ ਫੈਕਟਰੀਆਂ ਦਾ ਰਸਾਇਣ ਸੁੱਟਿਆ ਜਾ ਰਿਹਾ ਹੈ, ਜਿਸ ਦਾ ਦੇਸ਼ ਦੀ ਸਿਖਰਲੀ ਅਦਾਲਤ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਗੰਭੀਰ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ : ਭਾਜਪਾ ਦੀ ਪੰਜਾਬ ਇਕਾਈ ਦਾ ਪੁਨਰਗਠਨ ਜਲਦ, ਹਾਈਕਮਾਨ ਨੇ ਅੱਜ ਦਿੱਲੀ ਬੁਲਾਈ ਮੀਟਿੰਗ

ਸ਼ੇਖਾਵਤ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਾਮਲੇ ’ਚ ਨਿੱਜੀ ਦਖ਼ਲ ਦੇਣ ਲਈ ਕਿਹਾ ਹੈ। ਕਿਸਾਨਾਂ ਵੱਲੋਂ ਮੁੜ ਸੰਘਰਸ਼ ਦੇ ਰਾਹ ਪੈਣ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁੱਲ੍ਹ ਦਿਲੀ ਨਾਲ ਖੇਤੀ ਕਾਨੂੰਨ ਵਾਪਸ ਲਏ ਸਨ ਪਰ ਹੁਣ ਵਿਰੋਧੀਆਂ ਵੱਲੋਂ ਐਮ.ਐਸ.ਪੀ ਕਮੇਟੀ ਦਾ ਰੌਲਾ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕੇਂਦਰੀ ਮੰਤਰੀ ਨੇ ਗੱਲ ਟਾਲਦਿਆਂ ਕਿਹਾ ਕਿ ਇਸ ਸਬੰਧੀ ਚੰਡੀਗੜ੍ਹੀਆਂ ਦੀ ਰਾਏ ਵੀ ਪੁੱਛ ਲੈਣੀ ਚਾਹੀਦੀ ਹੈ। ਪੰਜਾਬ ਵਿੱਚ ਜਲ ਸੰਕਟ ਬਾਰੇ ਭਾਜਪਾ ਆਗੂ ਨੇ ਬਰਸਾਤੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਘਰ ਪਾਣੀ ਸਪਲਾਈ ਨੀਤੀ ਦਾ 80 ਫੀਸਦੀ ਟੀਚਾ ਪੂਰਾ ਕਰ ਲਿਆ ਹੈ। 

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਸੂਚੀ ਮੰਗ ਮੰਗ ਕੇ ਥੱਕ ਗਏ ਹਨ ਪਰ ਹੁਣ ਤੱਕ ਕਿਸੇ ਨੇ ਵੀ ਕੇਂਦਰ ਸਰਕਾਰ ਨੂੰ ਸਿੱਖ ਕੈਦੀਆਂ ਦੀ ਸੂਚੀ ਨਹੀਂ ਦਿੱਤੀ। ਇਸ ਮਗਰੋਂ ਉਨ੍ਹਾਂ ਨੇ ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਬਾਰੇ ਇੱਕ ਪੁਸਤਕ ’ਤੇ ਗੋਸ਼ਟੀ ਕੀਤੀ।

2024 ਦੀਆਂ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ ਭਾਜਪਾ 

ਭਾਰਤੀ ਜਨਤਾ ਪਾਰਟੀ ਨੇ ਮਿਸ਼ਨ-2024 ਫ਼ਤਿਹ ਕਰਨ ਲਈ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ। ਪੰਜਾਬ ਦੌਰੇ ’ਤੇ ਆਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਤੇ ਆਗਾਮੀ ਲੋਕ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਅਤੇ ਵਿਕਾਸ ਦੇ ਨਾਂ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਣ ਕਰ ਕੇ ਭਾਜਪਾ ਛੋਟੇ ਭਾਈਵਾਲ ਵਜੋਂ ਚੋਣਾਂ ਵਿੱਚ ਹਿੱਸਾ ਲੈਂਦੀ ਸੀ ਪਰ ਹੁਣ ਪਾਰਟੀ ਵੱਲੋਂ ਆਪਣੇ ਦਮ ’ਤੇ ਚੋਣਾਂ ਲੜੀਆਂ ਜਾਣਗੀਆਂ। 

'ਆਪ; ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਨਾਖ਼ੁਸ਼
ਸੂਬਾ ਸਰਕਾਰ ਬਾਰੇ ਗੱਲ ਕਰਦਿਆਂ ਸ਼ੇਖਾਵਤ ਨੇ ਕਿਹਾ ਕਿ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ‘ਆਪ’ ਦੇ ਹੱਕ ਵਿੱਚ ਇਤਿਹਾਸਕ ਫ਼ਤਵਾ ਦੇ ਕੇ 92 ਵਿਧਾਇਕ ਚੁਣ ਕੇ ਭੇਜੇ ਪਰ ਮੁਢਲੇ ਸਮੇਂ ਵਿੱਚ ਹੀ ਕਈ ਪਿੰਡਾਂ ਵਿੱਚ ‘ਆਪ’ ਵਿਰੁੱਧ ‘ਨੌ ਐਂਟਰੀ’ ਦੇ ਬੋਰਡ ਲੱਗਣ ਦੀ ਸੂਚਨਾ ਮਿਲੀ ਹੈ। ਦੂਜੇ ਪਾਸੇ ਕਾਂਗਰਸ ਨੂੰ ਗਾਂਧੀ ਪਰਿਵਾਰ ਦੀ ਪਾਰਟੀ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ’ਚੋਂ ਕਾਂਗਰਸ ਦਾ ਲਗਪਗ ਸਫ਼ਾਇਆ ਹੋ ਚੁੱਕਾ ਹੈ ਤੇ 2024 ਤੋਂ ਬਾਅਦ ਕਾਂਗਰਸ ਕਿਤੇ ਵੀ ਨਜ਼ਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਅੱਧੇ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਏ ਜਾਣ ਦੀ ਗੱਲ ਕਰ ਰਹੇ ਹਨ, ਜਦਕਿ ਬਾਕੀ ਆਗੂ ਕਾਂਗਰਸ ਦੀ ਹੋਂਦ ਬਚਾਉਣ ਲਈ ਉਸ ਨੂੰ ਪ੍ਰਧਾਨਗੀ ਹਟਾਉਣ ਦੀ ਦੁਹਾਈ ਦੇ ਰਹੇ ਹਨ।

ਇਹ ਵੀ ਪੜ੍ਹੋ : 150 ਕਰੋੜ ਦੇ ਘਪਲੇ ਦੀ ਫਾਈਲ ਪਹੁੰਚੀ ਵਿਜੀਲੈਂਸ ਤੋਂ, ਜਲਦ ਹੋਵੇਗੀ ਕਾਰਵਾਈ : ਧਾਲੀਵਾਲ


Anuradha

Content Editor

Related News