Punjab Kings ਵੱਲੋੋਂ ਖੇਡਣਗੇ ਲੁਧਿਆਣਾ ਦੇ ਨਿਹਾਲ ਵਡੇਰਾ, ਕਿਹਾ- 'ਇਸ ਟੀਮ ਨਾਲ ਹੈ ਖ਼ਾਸ Connection...'
Tuesday, Nov 26, 2024 - 03:59 AM (IST)
ਲੁਧਿਆਣਾ (ਗਣੇਸ਼/ਵੈੱਬਡੈਸਕ)- ਬੀਤੇ ਦਿਨੀਂ ਹੋਈ ਆਈ.ਪੀ.ਐੱਲ. 2025 ਦੀ ਮੈਗਾ ਨਿਲਾਮੀ 'ਚ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਖਿਡਾਰੀਆਂ 'ਤੇ ਰੱਜ ਕੇ ਪੈਸਾ ਵਹਾਇਆ ਹੈ। ਹਰੇਕ ਟੀਮ ਨੇ ਚੰਗੇ ਖਿਡਾਰੀਆਂ 'ਤੇ ਵਧ-ਚੜ੍ਹ ਕੇ ਬੋਲੀ ਲਗਾਈ ਹੈ, ਤਾਂ ਜੋ ਉਨ੍ਹਾਂ ਦਾ ਖ਼ਿਤਾਬ 'ਤੇ ਕਬਜ਼ਾ ਕਰਨ ਦਾ ਰਾਹ ਆਸਾਨ ਹੋ ਸਕੇ।
ਇਸੇ ਦੌਰਾਨ ਪੰਜਾਬ ਕਿੰਗਜ਼ ਟੀਮ ਨੇ ਵੀ ਖਿਡਾਰੀਆਂ 'ਤੇ ਕਾਫ਼ੀ ਪੈਸਾ ਖ਼ਰਚ ਕੀਤਾ ਹੈ। ਟੀਮ ਨੇ ਪਿਛਲੇ ਸਾਲ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਨਿਹਾਲ ਵਡੇਰਾ ਨੂੰ ਇਸ ਵਾਰ ਨਿਲਾਮੀ 'ਚ 4.20 ਕਰੋੜ ਦੀ ਵੱਡੀ ਬੋਲੀ ਲਗਾ ਕੇ ਟੀਮ ਦਾ ਹਿੱਸਾ ਬਣਾਇਆ ਹੈ। ਲੁਧਿਆਣਾ 'ਚ ਜਨਮੇ ਨਿਹਾਲ ਵਡੇਰਾ ਦੇ ਨਿਲਾਮੀ ਮਗਰੋਂ ਪੰਜਾਬ ਕਿੰਗਜ਼ ਦਾ ਹਿੱਸਾ ਬਣਨ 'ਤੇ ਪੰਜਾਬ ਕਿੰਗਜ਼ ਨੇ ਆਪਣੇ ਫੇਸਬੁੱਕ ਪੇਜ 'ਤੇ ਨਿਹਾਲ ਵਡੇਰਾ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਨਿਹਾਲ ਨੇ ਕਿਹਾ ਕਿ ਉਹ ਪੰਜਾਬ ਟੀਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਨ।
Nehal Wadhera naal alag connection! ♥️🏠#NehalWadhera #IPL2025Auction #PunjabKings pic.twitter.com/jqNjopmxGf
— Punjab Kings (@PunjabKingsIPL) November 24, 2024
ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦੀ ਘਰੇਲੂ ਟੀਮ ਹੈ ਤੇ ਉਸ ਟੀਮ ਦਾ ਹਿੱਸਾ ਬਣ ਕੇ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦਾ ਟੀਮ ਨਾਲ ਇਕ ਵੱਖਰਾ ਕੁਨੈਕਸ਼ਨ ਹੈ ਤੇ ਇਸ ਟੀਮ ਦਾ ਹਿੱਸਾ ਬਣ ਕੇ ਖੇਡਣ ਲਈ ਉਹ ਬਹੁਤ ਉਤਸ਼ਾਹਿਤ ਹੈ।
ਇਸ ਮਗਰੋਂ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੋੜਾਂ ਦੀ ਬੋਲੀ ਲੱਗਣ ਕਾਰਨ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਤਾਂ ਸਥਿਰਤਾ ਮਿਲੀ ਹੈ, ਪਰ ਇਸ ਤੋਂ ਵੀ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਦਾ ਪੁੱਤਰ ਹੁਣ ਆਪਣਾ ਸੁਫ਼ਨਾ ਪੂਰਾ ਕਰਨ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਨਿਹਾਲ ਅਕੈਡਮੀ 'ਚ ਖੇਡਦਾ ਸੀ ਤਾਂ ਉਸ ਦੇ ਕੋਚ ਦੱਸਦੇ ਸੀ ਕਿ ਨਿਹਾਲ ਬਹੁਤ ਵਧੀਆ ਖਿਡਾਰੀ ਹੈ। ਇਸ ਮਗਰੋਂ ਆਸ-ਪਾਸ ਦੇ ਲੋਕ ਵੀ ਕਹਿਣ ਲੱਗੇ ਕਿ ਤੁਹਾਡਾ ਮੁੰਡਾ ਬਹੁਤ ਵਧੀਆ ਖੇਡਦਾ ਹੈ। ਇਸ ਮਗਰੋਂ ਉਨ੍ਹਾਂ ਨੇ ਸੋਚ ਲਿਆ ਕਿ ਉਹ ਆਪਣੇ ਪੁੱਤ ਦਾ ਸੁਪਨਾ ਪੂਰਾ ਕਰਨ 'ਚ ਪੂਰਾ ਸਾਥ ਦੇਣਗੇ ਤੇ ਉਸ ਨੂੰ ਜਿੰਨਾ ਹੋ ਸਕੇ ਅੱਗੇ ਲੈ ਕੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e