ਵਿਭਾਗ ਦੀ ਲਾਪ੍ਰਵਾਹੀ ਕਾਰਨ ਪਿੰਡ ਪਲਾਹੀ ਦੀ ਨਹਿਰ ਦਾ ਟੁੱਟਿਆ ਬੰਨ੍ਹ

Tuesday, Dec 05, 2017 - 04:49 AM (IST)

ਫਗਵਾੜਾ, (ਰੁਪਿੰਦਰ ਕੌਰ, ਜਲੋਟਾ)- 4 ਦਸੰਬਰ ਨੂੰ ਫਗਵਾੜਾ ਦੇ ਪਿੰਡ ਪਲਾਹੀ ਵਿਖੇ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਨਹਿਰ 'ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰ ਕੇ ਨਹਿਰ ਦੀ ਇਕ ਸਾਈਡ ਤੋਂ ਪਾੜ ਪੈ ਗਿਆ। ਇਸ ਪਾੜ ਨਾਲ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ। ਇਸ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਹਾਲਾਤ ਦਾ ਜਾਇਜ਼ਾ ਲਿਆ।
10 ਏਕੜ ਤੋਂ ਜ਼ਿਆਦਾ ਫਸਲ ਨੁਕਸਾਨੀ
ਇਸ ਬੰਨ੍ਹ ਦੇ ਟੁੱਟਣ ਨਾਲ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਘੱਟੋ-ਘੱਟ 10 ਏਕੜ ਤੋਂ ਜ਼ਿਆਦਾ ਫਸਲ ਨੁਕਸਾਨੀ ਗਈ ਤੇ ਨਵੀਂ ਬੀਜੀ ਕਣਕ ਪਾਣੀ 'ਚ ਵਹਿ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਨਾਲ ਜਾਨੀ ਨੁਕਸਾਨ ਹੋਣਾ ਵੀ ਤੈਅ ਹੀ ਸੀ ਪਰ ਕਿਸਮਤ ਨੇ ਬਚਾ ਲਿਆ।
ਅਧਿਕਾਰੀਆਂ ਨੇ ਬੰਨ੍ਹ ਟੁੱਟਣ ਦਾ ਕਾਰਨ ਕੂੜਾ-ਕਰਕਟ ਦੱਸ ਕੇ ਪੱਲਾ ਝਾੜਿਆ
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਇਕ ਸਾਂਝੇ ਬਿਆਨ 'ਚ ਇਹ ਕਿਹਾ ਕਿ ਪਿੰਡ ਵਾਸੀਆਂ ਵਲੋਂ ਨਹਿਰ 'ਚ ਸੁੱਟਿਆ ਕੂੜਾ-ਕਰਕਟ ਬੰਨ੍ਹ ਟੁੱਟਣ ਦਾ ਵੱਡਾ ਕਾਰਨ ਬਣਿਆ ਹੈ। ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਹਿਰ ਨੂੰ ਕੂੜੇਦਾਨ ਨਾ ਸਮਝਣ। ਨਾਇਬ ਤਹਿਸੀਲਦਾਰ ਸਵਪਨਦੀਪ ਕੌਰ  ਨੇ ਵੀ ਕੂੜਾ-ਕਰਕਟ ਲਿਫਾਫੇ ਆਦਿ ਨੂੰ ਵਜ੍ਹਾ ਦੱਸ ਕੇ ਪੱਲਾ ਝਾੜ ਲਿਆ ਹੈ ਪਰ ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਕੀ ਸਿਰਫ ਕੂੜਾ-ਕਰਕਟ ਹੀ ਜ਼ਿੰਮੇਵਾਰ ਹੈ, ਨਹਿਰੀ ਵਿਭਾਗ ਨੇ ਸਮੇਂ 'ਤੇ ਆ ਕੇ ਪੁਰਾਣੇ ਪਏ ਹੋਏ ਪਾੜਾਂ ਦੀ ਮੁਰੰਮਤ ਕਿਉਂ ਨਹੀਂ ਕੀਤੀ? ਲੇਬਰ ਦੇ ਬੰਦੇ ਅੱਜ ਵੀ ਮੌਕੇ 'ਤੇ ਉਦੋਂ ਪਹੁੰਚੇ ਜਦੋਂ ਲੋਕਾਂ ਵੱਲੋਂ ਪਾਣੀ ਦੇ ਵਹਾਅ ਨੂੰ ਕੰਟ੍ਰੋਲ ਕਰ ਲਿਆ ਗਿਆ ਸੀ।


Related News