ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਪੁਲਸ ਮੁਲਾਜ਼ਮ ਦੇ ਘਰ ''ਤੇ ਕੀਤਾ ਹਮਲਾ

Thursday, Apr 05, 2018 - 01:28 AM (IST)

ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਪੁਲਸ ਮੁਲਾਜ਼ਮ ਦੇ ਘਰ ''ਤੇ ਕੀਤਾ ਹਮਲਾ

ਵਲਟੋਹਾ,  (ਬਲਜੀਤ)-  ਇਕ ਪਾਸੇ ਤਾਂ ਪੰਜਾਬ ਪੁਲਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਦੂਜੇ ਪਾਸੇ ਪੁਲਸ ਖੁਦ ਹੀ ਸੁਰੱਖਿਅਤ ਨਹੀਂ ਲੱਗਦੀ, ਜਿਸ ਦੀ ਮਿਸਾਲ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਵਸਨੀਕ ਅਤੇ ਪੁਲਸ ਮੁਲਾਜ਼ਮ ਸਤਨਾਮ ਸਿੰਘ ਜਿਸ ਦੇ ਘਰ 'ਚ ਦਾਖਲ ਹੋ ਕੇ ਦਿਨ-ਦਿਹਾੜੇ ਧੱਕੇਸ਼ਾਹੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਦੇ ਘਰ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਪੁਲਸ ਮੁਲਾਜ਼ਮ ਸਤਨਾਮ ਸਿੰਘ ਦਾ ਪਿਤਾ ਰੇਸ਼ਮ ਲਾਲ ਅਤੇ ਉਸ ਦੀ ਮਾਤਾ ਜਸਬੀਰ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਪਰ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੁਲਸ ਥਾਣਾ ਵਲਟੋਹਾ ਵੱਲੋਂ ਕੋਈ ਵੀ ਕਾਰਵਈ ਇਸ ਸਬੰਧੀ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਸਤਨਾਮ ਸਿੰਘ ਦੇ ਪਿਤਾ ਪੀੜਤ ਰੇਸ਼ਮ ਲਾਲ ਨੇ ਦੱਸਿਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੇਰਾ ਲੜਕਾ ਸਤਨਾਮ ਸਿੰਘ ਜੋ ਕਿ ਲੁਧਿਆਣੇ 'ਚ ਨੌਕਰੀ 'ਤੇ ਤਾਇਨਾਤ ਸੀ ਤਾਂ ਉਸ ਦੇ ਰਿਸ਼ਤੇ ਦੀ ਗੱਲ ਪਿੰਡ ਥੋਬਾ ਜ਼ਿਲਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਹਾਲ ਵਾਸੀ ਅੰਮ੍ਰਿਤਸਰ ਛਹਿਰੇਟਾ ਵਿਖੇ ਚੱਲਦੀ ਸੀ ਜੋ ਕਿ ਸਾਨੂੰ ਸਹੀ ਨਹੀਂ ਲੱਗਾ ਤਾਂ ਅਸੀਂ ਇਸ ਰਿਸ਼ਤੇ ਤੋਂ ਕਿਨਾਰਾ ਕਰ ਲਿਆ, ਜਿਸ ਕਾਰਨ ਉਕਤ ਵਿਅਕਤੀਆਂ ਨੇ ਸਾਡੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੀ ਇਤਲਾਹ ਮੌਕੇ 'ਤੇ ਹੀ ਅਸੀਂ ਪੁਲਸ ਥਾਣਾ ਵਲਟੋਹਾ ਅਧੀਨ ਪੈਂਦੀ ਚੌਕੀ ਘਰਿਆਲਾ ਵਿਖੇ ਦਿੱਤੀ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੰਜਾਬ ਦੇ ਡੀ. ਜੀ. ਪੀ. ਅਤੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਦ ਇਸ ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਫਤੀਸ਼ ਜਾਰੀ ਹੈ ਜੋ ਵੀ ਸੱਚਾਈ ਸਾਡੇ ਸਾਹਮਣੇ ਆਵੇਗੀ ਉਸ ਸਬੰਧੀ ਕਰਵਾਈ ਕੀਤੀ ਜਾਵੇਗੀ।


Related News