ਕੈਪਟਨ ਸਰਕਾਰ ਨੇ ਐੱਨ. ਸੀ. ਏ. ਵਿਰੁੱਧ ਮਤਾ ਪਾਸ ਕਰਕੇ ਲੋਕ ਹਿੱਤਾਂ ਦੀ ਕੀਤੀ ਗੱਲ : ਵੜਿੰਗ

Tuesday, Jan 21, 2020 - 04:10 PM (IST)

ਕੈਪਟਨ ਸਰਕਾਰ ਨੇ ਐੱਨ. ਸੀ. ਏ. ਵਿਰੁੱਧ ਮਤਾ ਪਾਸ ਕਰਕੇ ਲੋਕ ਹਿੱਤਾਂ ਦੀ ਕੀਤੀ ਗੱਲ : ਵੜਿੰਗ

ਮਾਨਸਾ (ਜੱਸਲ) : ਪੰਜਾਬ ਵਿਧਾਨ ਸਭਾ 'ਚ ਕੈਪਟਨ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਗੈਰ-ਸੰਵਿਧਾਨਕ ਕਾਨੂੰਨ ਵਿਰੁੱਧ ਮਤਾ ਪਾਸ ਕਰਕੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਜੋ ਪੂਰੇ ਦੇਸ਼ ਦੇ ਲੋਕਾਂ 'ਤੇ ਥੋਪਿਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨਸਾ ਵਿਖੇ ਵਿਆਹ ਪ੍ਰੋਗਰਾਮ 'ਚ ਸ਼ਿਰਕਿਤ ਕਰਨ ਸਮੇਂ ਕੀਤਾ। ਵੜਿੰਗ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਦੇਖਦਿਆ ਕਾਂਗਰਸ ਪਾਰਟੀ ਇਸ ਦਾ ਵਿਰੋਧ ਜਾਰੀ ਰੱਖੇਗੀ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਮਾਨਸਾ ਜ਼ਿਲੇ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ ਜਾਣਗੀਆ ਤੇ ਇਸਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ ਤਾਂ ਜੋ ਵਿਕਾਸ ਕਾਰਜਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਵਿਰੋਧੀਆਂ ਦੇ ਜਲਦ ਮੂੰਹ ਬੰਦ ਕਰ ਦੇਵੇਗੀ। ਉਨ੍ਹਾਂ ਪੀਐਮ ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਦੇ ਢਿੱਡ 'ਚ ਲੱਤ ਮਾਰ ਕੇ ਸਿਰਫ ਕਾਰਪੋਰੇਟ ਘਰਾਣਿਆਂ ਦੇ ਅਮੀਰ ਲੋਕਾਂ ਨੂੰ ਫਾਇਦਾ ਪਹੁੰਚਾਇਆ ਹੈ। ਗ਼ਰੀਬਾਂ ਲਈ ਕੁਝ ਨਹੀਂ ਕੀਤਾ। ਮੋਦੀ ਦਾ ਗ਼ਰੀਬਾਂ ਦੇ ਖ਼ਾਤੇ ਵਿੱਚ 15-15 ਲੱਖ ਰੁਪਏ ਭੇਜਣ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ ਹੈ। ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਜੇ ਕਾਲੇ ਧਨ ਖਿਲਾਫ ਲੜਾਈ ਸੀ ਤਾਂ ਗਰੀਬ ਲੋਕ ਲਾਈਨਾਂ ਵਿਚ ਖੜ੍ਹੇ ਕਿਉਂ ਦਿਖਾਈ ਦਿੱਤੇ।


author

Gurminder Singh

Content Editor

Related News