ਨਵਾਂਸ਼ਹਿਰ ''ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
Friday, Jun 12, 2020 - 11:40 PM (IST)
ਨਵਾਂਸ਼ਹਿਰ,(ਤ੍ਰਿਪਾਠੀ)-ਨਵਾਂਸ਼ਹਿਰ ਵਿਖੇ ਅੱਜ ਤੀਜੇ ਦਿਨ ਵੀ ਕੋਰੋਨਾ ਦੇ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਸ਼ੁਰੂਆਤ ਦਾ ਕੇਂਦਰ ਬਣ ਕੇ 2 ਬਾਰ ਕੋਰੋਨਾ ਮੁਕਤ ਹੋਣ ਵਾਲੇ ਨਵਾਂਸ਼ਹਿਰ (ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਮੁੜ ਇੱਕ ਬਾਰ ਫਿਰ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਨਵਾਂਸ਼ਹਿਰ ਦੇ ਪੁਰਾਣੇ ਕਚਹਿਰੀ ਰੋਡ 'ਤੇ ਸਥਿਤ ਬਾਰਾਦਰੀ ਬਾਗ ਦੇ ਸਾਹਮਣੇ ਸਥਿਤ ਮੋਰ ਮੈਗਾ ਗ੍ਰੋਸਰੀ ਸਟੋਰ ਵਿਖੇ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਇਸੇ ਸਟੋਰ 'ਤੇ ਹੋਰ 14 ਵਿਅਕਤੀ ਕੰਮ ਕਰਦੇ ਹਨ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਪਾਏ ਗਏ 5 ਕੇਸਾਂ ਵਿੱਚ 4 ਪਿੰਡ ਸਾਹਲੋਂ ਨਾਲ ਸੰਬੰਧਤ ਹਨ, ਜੋ ਮਹਾਰਾਸ਼ਟਰ ਤੋਂ ਪਰਤੇ ਹਨ ਅਤੇ 1 ਮਰੀਜ਼ ਪਿੰਡ ਸੋਨਾ ਦਾ ਹੈ, ਜੋ ਨਵਾਂਸ਼ਹਿਰ ਦੇ ਮੋਰ ਸਟੋਰ ਵਿਖੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕੋਵਿਡ ਮਰੀਜ਼ ਨੂੰ ਅੱਜ ਰਿਕਵਰ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ, ਜਿਸਦੇ ਚਲਦੇ ਜਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 17 ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਸਟੋਰ 'ਤੇ ਰੋਜ਼ਾਨਾ ਭਾਰੀ ਗਿਣਤੀ 'ਚ ਲੋਕ ਗ੍ਰੋਸਰੀ ਆਈਟਮ ਖਰੀਦਣ ਲਈ ਆਉਂਦੇ ਹਨ। ਅਜਿਹੇ ਵਿੱਚ ਜੇਕਰ ਗ੍ਰੋਸਰੀ ਸਟੋਰ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਕੋਰੋਨਾ ਦਾ ਵਿਸਫੋਟ ਬਣਦੇ ਹਨ ਤਾਂ ਪ੍ਰਸ਼ਾਸਨ ਲਈ ਇਸ ਸਟੋਰ 'ਤੇ ਰੋਜ਼ਾਨਾ ਸ਼ਾਪਿੰਗ ਲਈ ਆਉਣ ਵਾਲੇ ਭਾਰੀ ਗਿਣਤੀ ਵਿੱਚ ਲੋਕਾਂ ਦੇ ਸੈਂਪਲ ਲੈਣਾ ਜ਼ਰੂਰੀ ਹੋ ਜਾਵੇਗਾ। ਜਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਉਣ 'ਤੇ ਕੋਰੋਨਾ ਦਾ ਅੰਕੜਾ ਵੱਧ ਕੇ 129 ਹੋ ਗਿਆ ਹੈ, ਹਾਲਾਂਕਿ ਜਿਲ੍ਹੇ ਵਿੱਚ ਕੋਰੋਨਾ ਤੋਂ 110 ਮਰੀਜ਼ ਰਿਕਵਰ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 1 ਦੀ ਮੌਤ ਹੋ ਗਈ ਹੈ, ਜਦਕਿ ਜਿਲ੍ਹੇ ਵਿੱਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 13 ਤੋਂ ਵੱਧ ਕੇ 18 ਹੋ ਗਈ ਹੈ।
ਸਿਹਤ ਤੇ ਸਿਵਿਲ ਪ੍ਰਸ਼ਾਸਨ ਕੋਰੋਨਾ ਮਾਮਲਿਆਂ 'ਚ ਕਰਦਾ ਹੈ ਅਣਉਚਿਤ ਦੇਰੀ
ਕੋਰੋਨਾ ਮਾਮਲਿਆਂ ਦਾ ਖੁਲ੍ਹਾਸਾ ਕਰਨ 'ਚ ਵਿਭਾਗ ਦਾ ਵਤੀਰਾ ਤੰਗਦਿਲ ਚੱਲ ਰਿਹਾ ਹੈ। ਪ੍ਰੈੱਸ ਨੂੰ ਵੀ ਇਸ ਸੰਬੰਧੀ ਜਾਣਕਾਰੀ ਦੇਣ ਲਈ ਲਗਾਤਾਰ ਲਟਕਾਇਆ ਜਾਂਦਾ ਹੈ। ਸਿਵਲ ਸਰਜਨ ਪ੍ਰੈੱਸ ਦਾ ਫੋਨ ਚੁੱਕਣ ਤੋਂ ਕੰਨੀ ਕੱਟ ਜਾਂਦੇ ਹਨ ਤਾਂ ਉੱਥੇ ਹੀ ਜਿਲ੍ਹਾ ਪ੍ਰਸ਼ਾਸਨ ਅਜਿਹੇ ਨਾ ਲੁਕਾਏ ਜਾ ਸਕਣ ਵਾਲੇ ਮਾਮਲਿਆਂ ਪ੍ਰਤੀ ਉਦਾਸੀਨ ਵਤੀਰਾ ਅਪਣਾਉਂਦਾ ਹੈ, ਜਿਸ ਨੂੰ ਲੈ ਕੇ ਮੀਡੀਆ 'ਚ ਵੀ ਸਿਹਤ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਪ੍ਰਤੀ ਆਕ੍ਰੋਸ਼ ਹੈ।