ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ

Monday, Oct 12, 2020 - 08:38 PM (IST)

ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ

ਨਾਭਾ (ਜੈਨ)— ਇਥੋਂ ਦੇ ਜੰਮਪਲ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇਸ ਸਮੇਂ ਸਿਆਸਤ 'ਚ ਹਾਸ਼ੀਏ 'ਤੇ ਆ ਗਏ ਹਨ। ਸਿੱਧੂ ਦਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨਾਲ 36 ਦਾ ਅੰਕੜਾ ਹੈ, ਜਦਕਿ ਕਈ ਸਾਲ ਪਹਿਲਾਂ ਇਹ ਤਿੰਨੋਂ ਆਪਸ 'ਚ ਘਿਓ-ਖਿੱਚੜੀ ਸਨ। ਸਾਲ 2017 ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਦੀਆਂ ਅਰਵਿੰਦ ਕੇਜਰੀਵਾਲ ਨਾਲ ਗੁਪਤ ਮੀਟਿੰਗਾਂ ਅੰਦਰਖਾਤੇ ਹੋਈਆਂ ਪਰ ਗੱਲਬਾਤ ਦੇ ਠੋਸ ਨਤੀਜੇ ਨਾ ਨਿਕਲਣ ਕਾਰਨ ਸਿੱਧੂ ਨੇ ਕਾਂਗਰਸ 'ਚ ਆ ਗਏ ਸਨ। ਪੰਜਾਬ 'ਚ ਕੈਬਨਿਟ ਮੰਤਰੀ ਬਣਨ ਦੇ ਬਾਵਜੂਦ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਹੋ ਗਈ।

ਮਹਿਕਮਾ ਤਬਦੀਲ ਹੋਣ ਤੋਂ ਬਾਅਦ ਸਿੱਧੂ ਮਾਯੂਸ ਹੋ ਗਏ। ਸਰਕਾਰ ਤੋਂ ਵੱਖ ਹੋਣ ਤੋਂ ਬਾਅਦ ਲੰਬਾ ਸਮਾਂ ਸਿੱਧੂ ਭਗਤੀ 'ਚ ਲੀਨ ਰਹੇ। ਪਹਿਲਾਂ ਸਿੱਧੂ ਦਾ ਸੁਖਬੀਰ ਬਾਦਲ ਮੰਡਲੀ ਅਤੇ ਭਾਜਪਾ ਹਾਈਕਮਾਂਡ ਨਾਲ ਟੱਕਰ ਲੈਣਾ, ਹੁਣ ਕੈਪਟਨ ਅਮਰਿੰਦਰ ਸਿੰਘ ਨਾਲ 36 ਦਾ ਅੰਕੜਾ ਹੋਣ ਕਾਰਨ ਇੰਝ ਲੱਗਦੈ ਕਿ ਨਵਜੋਤ ਕੁਝ ਸਮੇਂ ਲਈ ਸਿਆਸਤ ਤੋਂ ਅਲੱਗ-ਥਲੱਗ ਹੋ ਗਏ ਹਨ।

ਇਹ ਵੀ ਪੜ੍ਹੋ: ਪਠਾਨਕੋਟ: ਦਰਿੰਦਿਆਂ ਦੀ ਹੈਵਾਨੀਅਤ, ਹਵਸ ਦੇ ਭੁੱਖਿਆਂ ਨੇ ਰਾਹ ਜਾਂਦੀ ਜਨਾਨੀ ਨੂੰ ਰੋਕ ਕੀਤਾ ਗੈਂਗਰੇਪ

ਨਵਜੋਤ ਸਿੱਧੂ ਦੇ ਪਿਤਾ ਸਵ. ਭਗਵੰਤ ਸਿੰਘ ਸਿੱਧੂ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਦਰਬਾਰਾ ਸਿੰਘ ਸਰਕਾਰ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਸਨ। ਨਵਜੋਤ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੋਵੇਂ ਨਾਭਾ ਦੇ ਹਨ। ਬੇਦੀਆਂ ਸਟਰੀਟ 'ਚ ਨਵਜੋਤ ਸਿੱਧੂ ਦਾ ਬਚਪਣ ਬਤੀਤ ਹੋਇਆ ਅਤੇ ਨਵਜੋਤ ਕੌਰ ਨੇ ਪਿੰਡ ਸਾਧੋਹੇੜੀ ਅਤੇ ਸੌਜਾ ਹੈਲਥ ਕੇਂਦਰਾਂ 'ਚ ਲੰਬਾ ਸਮਾਂ ਡਾਕਟਰ ਵਜੋਂ ਸੇਵਾ ਕੀਤੀ। ਮੌਜੂਦਾ ਹਾਲਾਤ 'ਚ ਭਾਜਪਾ 'ਚ ਵੀ ਸਿੱਧੂ ਦੀ ਐਂਟਰੀ ਅਸੰਭਵ ਹੈ ਕਿਉਂਕਿ ਭਾਜਪਾ ਨੇ 3 ਵਾਰ ਐੱਮ. ਪੀ. ਬਣਾਇਆ ਪਰ ਨਵਜੋਤ ਨੇ ਭਾਜਪਾ ਨੂੰ ਅੱਖਾਂ ਵਿਖਾਈਆਂ। ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦੀ ਸਹਿਮਤੀ ਬਿਨ੍ਹਾਂ ਸਿੱਧੂ ਦੀ ਐਂਟਰੀ ਨਹੀਂ ਹੋ ਸਕਦੀ। ਸਿੱਧੂ ਨਰਮ ਪੈਣ ਨੂੰ ਤਿਆਰ ਨਹੀਂ ਹਨ ਪਰ ਆਉਣ ਵਾਲੇ 4-5 ਮਹੀਨਿਆਂ ਦੌਰਾਨ ਸਿੱਧੂ ਕੋਈ ਵੀ ਸਿਆਸੀ ਧਮਾਕਾ ਕਰ ਸਕਦੇ ਹਨ।

ਉਸ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਸ਼ਤਰੰਜ ਦੇ ਖਿਡਾਰੀ ਹਨ ਅਤੇ ਮਈ/ਜੂਨ 2021 'ਚ ਸਿਆਸਤ 'ਚ ਕਿੰਗ ਵਜੋਂ ਪ੍ਰਵੇਸ਼ ਕਰਨਗੇ। ਵਰਨਣਯੋਗ ਹੈ ਕਿ ਪੰਜਾਬ ਦੇ ਵਧੇਰੇ ਮੰਤਰੀ ਅਜੇ ਵੀ ਨਵਜੋਤ ਸਿੱਧੂ ਦੇ ਖ਼ਿਲਾਫ਼ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਸਿਆਸਤ 'ਚ ਕਿਸੇ ਵੀ ਸਮੇਂ ਕੁਝ ਵੀ ਸੰਭਵ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ (ਵੀਡੀਓ)


author

shivani attri

Content Editor

Related News