ਸਿੱਧੂ ਦੇ ਹੱਕ ’ਚ ਡਟੇ ਨਵਤੇਜ ਚੀਮਾ, ਰਾਣਾ ਗੁਰਜੀਤ ਨੂੰ ਦਿੱਤਾ ਜਵਾਬ

Monday, Dec 20, 2021 - 06:30 PM (IST)

ਸਿੱਧੂ ਦੇ ਹੱਕ ’ਚ ਡਟੇ ਨਵਤੇਜ ਚੀਮਾ, ਰਾਣਾ ਗੁਰਜੀਤ ਨੂੰ ਦਿੱਤਾ ਜਵਾਬ

ਸੁਲਤਾਨਪੁਰ ਲੋਧੀ (ਓਬਰਾਏ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਬੀਤੇ ਦਿਨ ਵੱਡਾ ਸ਼ਬਦੀ ਹਮਲਾ ਕਰ ਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਸੂਤੇ ਘਿਰਦੇ ਨਜ਼ਰ ਆ ਰਹੇ ਹਨ। ਪਹਿਲਾਂ ਸਿੱਧੂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਨੂੰ ਘੇਰਿਆ ਸੀ ਤੇ ਹੁਣ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਰਾਣਾ ਗੁਰਜੀਤ ਸਿੰਘ ਨੂੰ ਘੇਰਦਿਆਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਆਪਣੀ ਕਪੂਰਥਲਾ ਸੀਟ ਆਪਣੇ ਪੁੱਤਰ ਲਈ ਛੱਡ ਦੇਣ। ਉਨ੍ਹਾਂ ਰਾਣਾ ਗੁਰਜੀਤ ਸਿੰਘ ’ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਆਬਾ ਦੀਆਂ 10 ਤੋਂ ਵੱਧ ਸੀਟਾਂ ’ਤੇ ਕਾਂਗਰਸ ਨੂੰ ਦੋਫਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਰਗੇ ਨੇਕ ਤੇ ਈਮਾਨਦਾਰ ਇਨਸਾਨ ਹਨ।

ਇਹ ਵੀ ਪੜ੍ਹੋ : ਸਿੱਖ ਜਥੇਬੰਦੀਆਂ ਨਾਲ ਮੀਟਿੰਗ ਮਗਰੋਂ ਹਰਜਿੰਦਰ ਧਾਮੀ ਦਾ ਵੱਡਾ ਫ਼ੈਸਲਾ, SGPC ਵੀ ਬਣਾਏਗੀ ਸਿੱਟ

ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਬਿਆਨਬਾਜ਼ੀ ਕਰਦਿਆਂ ਤਿੱਖੇ ਤੰਜ਼ ਕੱਸੇ ਸਨ ਤੇ ਵੱਡੇ ਇਲਜ਼ਾਮ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਸਿਰਫ਼ ਮੁੱਖ ਮੰਤਰੀ ਬਣਨ ਦੀ ਇੱਛਾ ਲੈ ਕੇ ਹੀ ਕਾਂਗਰਸ ’ਚ ਆਏ ਹਨ, ਜਦਕਿ ਉਹ ਜਨਮ ਤੋਂ ਹੀ ਕਾਂਗਰਸੀ ਹਨ। ਰਾਣਾ ਗੁਰਜੀਤ ਸਿੰਘ ਨੇ ਪਾਰਟੀ ਅੰਦਰ ਦੋਫਾੜ ਪੈਦਾ ਕਰਨ ਦੇ ਯਤਨਾਂ ਲਈ ਵੀ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ। ਇਸ ਪਿੱਛੋਂ ਸੁਖਪਾਲ ਖਹਿਰਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਖਹਿਰਾ ਨੇ ਕਿਹਾ ਸੀ ਉਹ ਸਰਕਾਰ ਦੀ ਆੜ ਵਿਚ ਰੱਜ ਕੇ ਟੈਕਸ ਚੋਰੀ ਕਰਦਾ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
 


author

Manoj

Content Editor

Related News