ਬੇਘਰ ਹੋਏ ਪਰਿਵਾਰਾਂ ਦੇ ਮੁੜ-ਵਸੇਬੇ ਲਈ ਨਵਤੇਜ ਗੁੱਗੂ ਪਹੁੰਚੇ ਨਿਆਂਪਾਲਿਕਾ
Tuesday, Mar 13, 2018 - 12:21 AM (IST)

ਬਟਾਲਾ, (ਮਠਾਰੂ)– ਬੀਤੇ ਦਿਨੀਂ ਸ਼ਿਵਾਲਾ ਮੰਦਰ ਕਲਾਨੌਰ ਨੇੜੇ ਰਹਿ ਰਹੇ 6 ਗਰੀਬ ਪਰਿਵਾਰਾਂ ਦੇ ਘਰਾਂ ਨੂੰ ਪ੍ਰਸ਼ਾਸਨ ਵੱਲੋਂ ਢਹਿ- ਢੇਰੀ ਕਰਨ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਸਮਾਜਸੇਵੀ ਆਗੂ ਅਤੇ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਨੇ ਸੀਨੀਅਰ ਐਡਵੋਕੇਟ ਖੁਸ਼ਬੀਰ ਕੌਰ ਭੁੱਲਰ ਨਾਲ ਮਿਲ ਕੇ ਇਨ੍ਹਾਂ ਪਰਿਵਾਰਾਂ ਦੇ ਮੁੜ-ਵਸੇਬੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਣ ਦਾ ਫੈਸਲਾ ਲਿਆ ਹੈ। ਸਮਾਜਸੇਵੀ ਨਵਤੇਜ ਸਿੰਘ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇਥੇ ਰਹਿ ਰਹੇ ਸਨ ਪਰ ਅਚਾਨਕ ਪ੍ਰਸ਼ਾਸਨ ਨੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਸਿਰ ਉਪਰੋਂ ਛੱਤ ਖੋਹ ਲਈ ਹੈ, ਜਿਸ ਕਰ ਕੇ ਇਹ ਪਰਿਵਾਰ ਆਪਣੇ ਬੱਚਿਆਂ ਅਤੇ ਔਰਤਾਂ ਸਮੇਤ ਖੁੱਲ੍ਹੇ ਆਸਮਾਨ ਹੇਠਾਂ ਦਿਨ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਡੀ. ਸੀ. ਦਫ਼ਤਰ ਅੱਗੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਸਾਰ ਲੈਣ ਅਤੇ ਗੱਲਬਾਤ ਸੁਣਨ ਦੀ ਬਜਾਏ, ਜ਼ਿਲਾ ਪ੍ਰਸ਼ਾਸਨ ਵੱਲੋਂ ਪੁਲਸ ਰਾਹੀਂ ਦਬਕੇ ਮਾਰ ਕੇ ਪਾਰਕ ਵਿਚ ਰਾਤ ਕੱਟਣ ਲਈ ਭੇਜਿਆ ਗਿਆ ਹੈ।
ਨਵਤੇਜ ਗੁੱਗੂ ਨੇ ਦੱਸਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਘਰ ਦਿਵਾਉਣ ਲਈ ਹਿਊਮੈਨਿਟੀ ਕਲੱਬ ਵੱਲੋਂ ਐਡਵੋਕੇਟ ਖੁਸ਼ਬੀਰ ਕੌਰ ਭੁੱਲਰ ਨਾਲ ਮਿਲ ਕੇ ਮਾਣਯੋਗ ਹਾਈਕੋਰਟ ਵਿਚ ਕੇਸ ਲਾਇਆ ਜਾਵੇਗਾ ਅਤੇ ਇਨ੍ਹਾਂ ਪਰਿਵਾਰਾਂ ਦੇ ਸਿਰ ਉਪਰ ਛੱਤ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਐਡਵੋਕੇਟ ਖੁਸ਼ਬੀਰ ਕੌਰ ਭੁੱਲਰ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਕੇਸ ਦੇ ਹਰ ਪਹਿਲੂ ਉਪਰ ਗੌਰ ਕੀਤਾ ਗਿਆ ਹੈ। ਇਸ ਲਈ ਅਦਾਲਤ ਰਾਹੀਂ ਬੇਘਰ ਹੋਏ ਪਰਿਵਾਰਾਂ ਦੇ ਮੁੜ-ਵਸੇਬੇ ਲਈ ਯਤਨ ਕੀਤਾ ਜਾਵੇਗਾ।