ਨਵਰਾਤਰੇ 2020 : ਸ਼ਨੀਵਾਰ ਨਹੀਂ ਸਗੋਂ ਸ਼ੁੱਕਰਵਾਰ ਹੈ 'ਕੰਜਕ ਪੂਜਨ', ਇਸ ਖ਼ਬਰ ਰਾਹੀਂ ਜਾਣੋ ਪੂਰੀ ਜਾਣਕਾਰੀ
Thursday, Oct 22, 2020 - 12:20 PM (IST)
ਜਲੰਧਰ (ਵੈੱਬ ਡੈਸਕ) — ਸ਼ਾਰਦੀਯ ਨਰਾਤਿਆਂ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋ ਚੁੱਕੀ ਹੈ। ਅੱਜ ਨਰਾਤਿਆਂ ਦਾ ਛੇਵਾਂ ਦਿਨ ਹੈ। ਨਤਾਰਿਆਂ 'ਚ ਅਸ਼ਟਮੀ ਤੇ ਨੌਮੀ 'ਤੇ ਘਰਾਂ ਅਤੇ ਮੰਦਰਾਂ 'ਚ ਕੰਨਿਆ ਪੂਜਨ ਕੀਤਾ ਜਾਂਦਾ ਹੈ। ਨਰਾਤਿਆਂ ਤੋਂ ਬਾਅਦ ਕੰਨਿਆ ਪੂਜਨ ਦਾ ਵਿਸ਼ੇਸ਼ (ਖ਼ਾਸ) ਮਹੱਤਵ ਮੰਨਿਆ ਜਾਂਦਾ ਹੈ। ਇਸ ਵਾਰ ਨਵਰਾਤਰੀ ਪੂਰੇ 9 ਦਿਨ ਦੇ ਹਨ।
ਦਰਅਸਲ, ਇਸ ਵਾਰ ਨਵਰਾਤਰੀ 'ਚ ਅਸ਼ਟਮੀ, ਨੌਮੀ ਤੇ ਦਸ਼ਮੀ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਬਣ ਰਹੀ ਹੈ ਪਰ ਹਿੰਦੂ ਪੰਚਾਂਗ ਮੁਤਾਬਕ ਸਪਤਮੀ ਤਿਥੀ 23 ਅਕਤੂਬਰ 2020 (ਸ਼ੁੱਕਰਵਾਰ) ਨੂੰ ਪੈ ਰਹੀ ਹੈ। ਉਥੇ ਅਸ਼ਟਮੀ ਵੀ 23 ਅਕਤੂਬਰ (ਸ਼ੁੱਕਰਵਾਰ) ਦੀ ਸਵੇਰੇ 6:57 'ਤੇ ਸ਼ੁਰੂ ਹੋ ਜਾਵੇਗੀ, ਜੋ ਕਿ ਸ਼ਨੀਵਾਰ 24 ਅਕਤੂਬਰ ਦੀ ਸਵੇਰੇ 6:58 ਤੱਕ ਰਹੇਗੀ। ਉਸ ਤੋਂ ਬਾਅਦ ਨੌਮੀ ਸ਼ੁਰੂ ਹੋ ਜਾਵੇਗੀ। ਯਾਨੀਕਿ ਕੰਜਕ ਪੂਜਨ ਸ਼ਨੀਵਾਰ ਨਹੀਂ ਸ਼ੁੱਕਰਵਾਰ ਨੂੰ ਹੋਵੇਗਾ। ਇਸ ਮਾਮਲੇ 'ਚ ਨਾਰਥ ਇੰਡੀਆ ਦੇ ਸਾਰੇ ਪੰਡਿਤ ਆਪਣੀ ਵੱਖ-ਵੱਖ ਰਾਏ ਦੇ ਰਹੇ ਹਨ। ਕੁਝ ਕਹਿ ਰਹੇ ਹਨ ਕਿ ਸ਼ਨੀਵਾਰ ਨੂੰ ਕੰਜਕ ਪੂਜਨ ਕਰਨਾ ਠੀਕ ਹੋਵੇਗਾ ਪਰ ਜ਼ਿਆਦਾਤਰ ਪੰਡਿਤ ਸ਼ੁੱਕਰਵਾਰ ਨੂੰ ਕੰਜਕ ਪੂਜਨ ਕਰਨਾ ਸਹੀਂ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਸ਼ਟਮੀ ਦਾ ਲਗਨ ਖ਼ਤਮ ਹੋ ਜਾਵੇਗਾ।
ਇਸ ਤੋਂ ਇਲਾਵਾ ਨੌਮੀ 24 ਅਕਤੂਬਰ ਦੀ ਸਵੇਰੇ 6:58 ਮਿੰਟ ਤੋਂ ਸ਼ੁਰੂ ਹੋ ਕੇ 25 ਅਕਤੂਬਰ ਦੀ ਸਵੇਰੇ 7:41 ਤੱਕ ਰਹੇਗੀ। ਇਸ ਤੋਂ ਬਾਅਦ ਦਸ਼ਮੀ ਸ਼ੁਰੂ ਹੋ ਜਾਵੇਗੀ। ਦਸ਼ਮੀ 25 ਅਕਤੂਬਰ ਦੀ ਸਵੇਰ 7:41 ਤੋਂ ਸ਼ੁਰੂ ਹੋਵੇਗੀ, ਜੋ 26 ਅਕਤੂਬਰ ਸਵੇਰੇ 9 ਵਜੇ ਤੱਕ ਸਮਾਪਤ ਹੋ ਜਾਵੇਗੀ। ਦਸ਼ਮੀ 25 ਅਕਤੂਬਰ ਦੀ ਸਵੇਰ ਸ਼ੁਰੂ ਹੋ ਜਾਣ ਕਾਰਨ ਵਿਜੈ ਦਸ਼ਮੀ ਇਸੇ ਦਿਨ ਮਨਾਈ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰ ਪੱਛਮੀ ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਆਦਿ ਪ੍ਰਦੇਸ਼ਾਂ 'ਚ ਦੁਰਗਾ ਅਸ਼ਟਮੀ 23 ਅਕਤੂਬਰ 2020 ਨੂੰ ਮਨਾਈ ਜਾਵੇਗੀ। ਜਦੋਂਕਿ ਭਾਰਤ (ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਪੂਰਵੀ ਰਾਜਸਥਾਨ, ਮਧ-ਪੂਰਵੀ ਮਹਾਰਾਸ਼ਟਰ ਅਤੇ ਪੂਰਵੀ ਭਾਰਤ) 'ਚ ਇਹ 24 ਅਕਤੂਬਰ 2020 ਨੂੰ ਮਨਾਈ ਜਾ ਰਹੀ ਹੈ। ਪੰਡਿਤ ਰਾਜ ਕਿਸ਼ੋਰ ਨੇ ਕਿਹਾ ਕਿ ਨਵਰਾਤਰਿਆਂ ਤੋਂ ਬਾਅਦ ਮਾਂ ਦੀ ਮੂਰਤੀ ਵਿਸਰਜਨ ਦਾ ਸਮਾਂ ਸੋਮਵਾਰ 26 ਅਕਤੂਬਰ ਸਵੇਰੇ 6:29 ਤੋਂ ਲੈ ਕੇ 8:43 ਤੱਕ ਹੋਵੇਗਾ।