ਵਿਸ਼ੇਸ਼ ਇਜਲਾਸ ਤੋਂ ਕਿਸਾਨਾਂ ਦੇ ਦਿੱਲੀ ਅੰਦੋਲਨ ਤੱਕ ''ਨਵਜੋਤ'' ਸਿੱਧੂ ਸਰਗਰਮ, ਰੌਚਕ ਸ਼ਾਇਰੀ ਨਾਲ ਭਰ ਰਹੇ ਹੌਂਸਲਾ
Monday, Dec 07, 2020 - 09:57 AM (IST)
ਚੰਡੀਗੜ੍ਹ (ਰਮਨਜੀਤ) : ਕ੍ਰਿਕਟਰ, ਕੁਮੈਂਟੇਟੇਰ, ਕਾਮੇਡੀਅਨ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਦੀ ਫੀਲਡ 'ਚ ਵੀ ਲਗਾਤਾਰ ਸਰਗਰਮੀ ਦਿਖਾ ਰਹੇ ਹਨ। ਆਪਣੀ ਹੀ ਸਰਕਾਰ ਤੋਂ ਨਾਰਾਜ਼ ਅਤੇ ਕਈ ਮਹੀਨਿਆਂ ਤੱਕ ਸਿਆਸੀ ਤੌਰ ’ਤੇ ਚੁੱਪ ਰਹੇ ਸਿੱਧੂ ਨੇ ਨਾ ਸਿਰਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜੰਮ ਕੇ ਬੋਲਿਆ, ਸਗੋਂ ਉਦੋਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ 'ਚ ਕਿਸੇ ਨਾ ਕਿਸੇ ਮੰਚ ’ਤੋਂ ਆਪਣਾ ਯੋਗਦਾਨ ਦੇ ਰਹੇ ਹਨ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦਿਨਾਂ 'ਚ ਆਯੋਜਿਤ ਕੀਤੀ ਰਾਹੁਲ ਗਾਂਧੀ ਦੀ ਸ਼ਿਰਕਤ ਵਾਲੀ ਰੈਲੀ 'ਚ ਵੀ ਹਿੱਸਾ ਲਿਆ ਸੀ ਪਰ ਉਸ ਨੂੰ ਸਿੱਧੂ ਦੀ ਸਿਆਸੀ ਮਜਬੂਰੀ ਮੰਨਿਆ ਜਾ ਰਿਹਾ ਸੀ ਪਰ ਸਿੱਧੂ ਵੱਲੋਂ ਕਿਸਾਨਾਂ ਦੇ ਪੱਖ 'ਚ ਲਏ ਗਏ ਸਟੈਂਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਪ੍ਰਤੀ ਆਪਣੀ ਸਾਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਜੁੱਟੇ ਹੋਏ ਹਨ। ਸਿਆਸੀ ਤੌਰ ’ਤੇ ਇਹ ਵੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੰਚ ਡਿਪਲੋਮੇਸੀ ਰਾਹੀਂ ਆਪਣੇ ਵਿਵਾਦ ਸ਼ਾਂਤ ਕਰ ਚੁੱਕੇ ਹਨ ਪਰ ਕਿਸਾਨ ਅੰਦੋਲਨ 'ਚ ਆਪਣੀ ਸਰਗਰਮੀ ਨਾਲ ਉਹ ਇਹ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸਲ 'ਚ ਪੰਜਾਬ ਦੇ ਉਹ ‘ਲੀਡਰ ਆਫ਼ ਮਾਸੇਜ’ ਹਨ। ਇਸ ਨੂੰ ਇਕ ਤਰੀਕੇ ਦਾ ਸ਼ਕਤੀ ਪ੍ਰਦਰਸ਼ਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਹੋਏ ਲੰਚ ਤੋਂ ਬਾਅਦ ਤੋਂ ਹੀ ਇਹ ਸੰਭਾਵਨਾ ਪ੍ਰਬਲ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਅਤੇ ਵਿਸਥਾਰ ਕਰਨਗੇ ਤਾਂ ਕਿ ਸਿੱਧੂ ਨੂੰ ਫਿਰ ਤੋਂ ਸਰਕਾਰ 'ਚ ਸਨਮਾਨਜਨਕ ਸਥਾਨ ਦਿੱਤਾ ਜਾ ਸਕੇ।
ਵਿਧਾਨ ਸਭਾ ਸੈਸ਼ਨ ਤੋਂ ਜੰਤਰ-ਮੰਤਰ, ਸਭ ਜਗ੍ਹਾ ਮਿਲੀ ਤਾਰੀਫ਼
ਪੰਜਾਬ ਵਿਧਾਨ ਸਭਾ 'ਚ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਅਤੇ ਉਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਅਮੈਂਡਮੈਂਟ ਪ੍ਰਸਤਾਵਾਂ ’ਤੇ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਭਾਸ਼ਣ ਨੂੰ ਨਾ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਹਿਆ, ਸਗੋਂ ਉਹੀ ਭਾਸ਼ਣ ਕੈਪਟਨ ਅਤੇ ਸਿੱਧੂ 'ਚ ਨਜ਼ਦੀਕੀਆਂ ਦੇ ਇਕ ਵੱਡੇ ਕਾਰਣ ਦੇ ਤੌਰ ’ਤੇ ਵੀ ਦੇਖਿਆ ਗਿਆ ਹੈ। ਪੰਜਾਬ ਕਾਂਗਰਸ ਦੇ ਐਲਾਨ ’ਤੇ ਦਿੱਲੀ ਦੇ ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ 'ਚ ਵੀ ਸਿੱਧੂ ਵੱਲੋਂ ਕਿਸਾਨਾਂ ਦੇ ਪੱਖ 'ਚ ਲਾਈ ਗਈ ਦਹਾੜ ਨੂੰ ਲੋਕਾਂ ਵਲੋਂ, ਖ਼ਾਸ ਕਰਕੇ ਰਾਜਨੇਤਾਵਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ 'ਚ ਮੁੜ ਸ਼ਾਮਲ ਹੋਏ ਵਿਧਾਇਕ 'ਜਗਤਾਰ ਸਿੰਘ ਜੱਗਾ'
ਟਵੀਟ ਵੀ ਕੀਤੇ ਅਤੇ ਵੀਡੀਓ ਵੀ ਸ਼ੇਅਰ
ਨਵਜੋਤ ਸਿੰਘ ਸਿੱਧੂ ਭਾਵੇਂ ਹੀ ਪੰਜਾਬ ਸਰਕਾਰ 'ਚ ਮੰਤਰੀ ਦੇ ਤੌਰ ’ਤੇ ਸ਼ਾਮਲ ਨਹੀਂ ਹਨ ਪਰ ਕਿਸਾਨੀ ਮਸਲੇ ’ਤੇ ਉਹ ਲਗਾਤਾਰ ਸਰਕਾਰ ਦੇ ਪੈਰਲਲ ਆਪਣੀ ਧਾਰਾ ਬਣਾਏ ਹੋਏ ਹਨ। ਜਿੱਥੇ ਸਰਕਾਰ ਦੇ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕੇਂਦਰ ਦੀ ਬਿਆਨਬਾਜ਼ੀ ਨੂੰ ਟੱਕਰ ਦੇ ਰਹੇ ਹਨ, ਉੱਥੇ ਹੀ ਨਵਜੋਤ ਸਿੱਧੂ ਆਪਣੇ ਪੱਧਰ ’ਤੇ ਕਿਸਾਨਾਂ ਦਾ ਹੌਂਸਲਾ ਵਧਾਉਣ ਤੋਂ ਲੈ ਕੇ, ਖੇਤੀ ਉਤਪਾਦਾਂ ਦੀਆਂ ਕੀਮਤਾਂ 'ਚ ਵਿਚੋਲਿਆਂ ਦੀ ਕਮਾਈ, ਮਜ਼ਦੂਰਾਂ ਦੇ ਹਾਲਾਤਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾਖੋਰੀ ਕਰਾਉਣ ਲਈ ਨੀਤੀਆਂ ਬਣਾਏ ਜਾਣ ਵਰਗੇ ਮਾਮਲਿਆਂ ’ਤੇ ਆਪਣੇ ‘ਤੀਰ’ ਛੱਡ ਰਹੇ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਇਸ ਤਾਰੀਖ਼ ਨੂੰ ਖੁੱਲ੍ਹਣ ਜਾ ਰਿਹੈ 9 ਮਹੀਨਿਆਂ ਤੋਂ ਬੰਦ 'ਛੱਤਬੀੜ ਚਿੜੀਆਘਰ'
ਸਿੱਧੂ ਰੌਚਕ ਸ਼ਾਇਰੀ ਨਾਲ ਭਰ ਰਹੇ ਹੌਂਸਲਾ
ਸਿੱਧੂ ਨਾ ਸਿਰਫ਼ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਜਿੱਤੇਗਾ ਪੰਜਾਬ’ ਰਾਹੀਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵੀਡੀਓ ਹੀ ਸ਼ੇਅਰ ਕਰ ਰਹੇ ਹਨ, ਸਗੋਂ ਹੋਰ ਮਾਧਿਅਮਾਂ ਨਾਲ ਆਪਣੀ ‘ਰੌਚਕ’ ਸਟਾਈਲ ’ਚ ਸ਼ਾਇਰੀ ਨਾਲ ਵੀ ਕਿਸਾਨਾਂ ਅਤੇ ਕਿਸਾਨ ਅੰਦੋਲਨ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਜਿੱਥੇ ‘ਕਾਲੇ ਬਿੱਲ ਪਾਸ, ਪੂੰਜੀਪਤੀਆਂ ਨੂੰ ਕਮਾਈ ਦਾ ਰਸਤਾ ਸਾਫ਼, ਕਿਸਾਨ ਦੇ ਰਸਤਾ 'ਚ ਕੰਢੇ ਅਤੇ ਉਦਯੋਗਪਤੀਆਂ ਦੇ ਰਸਤੇ 'ਚ ਫੁੱਲ, ਭਾਰੀ ਪਵੇਗੀ ਭੁੱਲ।’ ਵਰਗੇ ਸ਼ੇਅਰਾਂ ਨਾਲ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨਾਲ ਗੰਢਤੁਪ ਕਰਨ ਵੱਲ ਇਸ਼ਾਰਾ ਕੀਤਾ, ਉੱਥੇ ਹੀ ਕਿਸਾਨ ਅੰਦੋਲਨ 'ਚ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਲਾ ‘ਸਖ਼ਤੀਆਂ ਸਹਿਨੇ ਕੇ ਲੀਏ ਪੱਥਰ ਕਾ ਜਿਗਰ ਪੈਦਾ ਕਰੋ, ਕਿਸਾਨ ਕੀ ਖਾਤਰ ਜੋ ਕਟ ਸਕੇ ਵੋ ਸਿਰ ਪੈਦਾ ਕਰੋ।’ ਵਰਗੀ ਜੋਸ਼ੀਲੀ ਸ਼ਾਇਰੀ ਵੀ ਸ਼ੇਅਰ ਕੀਤੀ ਗਈ ਹੈ।
ਇਹ ਵੀ ਪੜ੍ਹੋ :ਸਿਵਲ ਹਸਪਤਾਲ ’ਚ ਐੱਮ. ਐੱਲ. ਆਰ., ਡੋਪ ਤੇ ਓ. ਪੀ. ਡੀ. ਤੋਂ ਪਹਿਲਾਂ ਜ਼ਰੂਰੀ ਹੋਵੇਗਾ 'ਕੋਰੋਨਾ ਟੈਸਟ'
ਕਿਸਾਨਾਂ ਨੂੰ ਸਿਆਸਤ 'ਚ ਸਰਗਰਮ ਹੋਣ ਦੀ ਵੀ ਦਿੱਤੀ ਨਸੀਹਤ
ਅਜਿਹਾ ਵੀ ਨਹੀਂ ਹੈ ਕਿ ਸਿੱਧੂ ਵੱਲੋਂ ਸਿਰਫ਼ ਕਿਸਾਨ ਅੰਦੋਲਨ ਲਈ ਕਿਸਾਨਾਂ ਦਾ ਮਨੋਬਲ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਸਗੋਂ ਸੰਗਰੂਰ ਜ਼ਿਲ੍ਹੇ ਦੇ ਇਕ ਪ੍ਰੋਗਰਾਮ ਦੇ ਮੰਚ ’ਤੇ ਹੀ ਸਿੱਧੂ ਨੇ ਕਿਸਾਨਾਂ ਨੂੰ ਸਿਆਸਤ 'ਚ ਸਰਗਰਮ ਹੋਣ ਅਤੇ ਆਪਣੇ ਵਿਚੋਂ ਹੀ ਆਪਣੇ ਜਨ ਪ੍ਰਤੀਨਿਧੀ ਚੁਣ ਕੇ ਵਿਧਾਨ ਸਭਾ ਅਤੇ ਸੰਸਦ 'ਚ ਭੇਜਣ ਦਾ ਐਲਾਨ ਕੀਤਾ। ਸਿੱਧੂ ਨੇ ਕਿਹਾ ਕਿ ਦੇਸ਼ ਦੀ 70 ਫ਼ੀਸਦੀ ਆਬਾਦੀ ਜਦੋਂ ਖੇਤੀਬਾੜੀ ਨਾਲ ਜੁੜੀ ਹੈ ਤਾਂ ਉਸ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਵਿਚੋਂ ਹੀ ਲੋਕਾਂ ਨੂੰ ਚੁਣ ਕੇ ਸੰਸਦ ਅਤੇ ਵਿਧਾਨ ਸਭਾ ਭੇਜਣਾ ਹੋਵੇਗਾ।
ਨੋਟ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਿਸਾਨ ਅੰਦੋਲਨ 'ਚ ਸਰਗਰਮੀ ਬਾਰੇ ਦਿਓ ਆਪਣੇ ਵਿਚਾਰ