ਨਵਜੋਤ ਸਿੱਧੂ ਦਾ ਛਲਕਿਆ ਦਰਦ, ਮੰਤਰੀ ਸਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦੱਸਿਆ ਕਾਰਨ
Sunday, Dec 05, 2021 - 11:20 AM (IST)
ਜਲੰਧਰ (ਖੁਰਾਣਾ)– ਆਪਣੀ ਹੀ ਸਰਕਾਰ ਤੋਂ ਨਾਰਾਜ਼ ਚੱਲ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਦਰਦ ਸ਼ਨੀਵਾਰ ਉਸ ਸਮੇਂ ਛਲਕ ਉੱਠਿਆ, ਜਦੋਂ ਉਨ੍ਹਾਂ ਇਥੇ ਇਕ ਭਰਵੇਂ ਸਮਾਰੋਹ ਦੌਰਾਨ ਕਿਹਾ ਕਿ ਮੈਂ 3-3 ਸਰਕਾਰਾਂ ਬਣਾ ਕੇ ਦਿੱਤੀਆਂ ਪਰ ਹੱਥ ਬੱਝੇ ਰਹੇ, ਇਸ ਲਈ ਪਹਿਲਾਂ ਮੰਤਰੀ ਦੇ ਅਹੁਦੇ ਅਤੇ ਫਿਰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦਿੱਤੇ। ਸਿੱਧੂ ਨੇ ਕਿਹਾ ਕਿ ਮੈਨੂੰ ਇਕੱਲਿਆਂ ਰਹਿਣਾ ਪ੍ਰਵਾਨ ਹੋਵੇਗਾ ਪਰ ਮੈਂ ਸਿਸਟਮ ਵਿਰੁੱਧ ਲੜਦਾ ਰਹਾਂਗਾ। ਮਰ ਮਿਟ ਜਾਵਾਂਗਾ ਪਰ ਚੋਰ ਭਜਾ ਕੇ ਰਹਾਂਗਾ।
ਦੱਸਣਯੋਗ ਹੈ ਕਿ ਸਿੱਧੂ ਜਲੰਧਰ ਦੇ ਕੰਨਿਆ ਮਹਾਵਿਦਿਆਲਾ ਵਿਖੇ ਆਯੋਜਿਤ ਸਟੂਡੈਂਟ ਇੰਟਰੈਕਸ਼ਨ ਸੈਸ਼ਨ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਸੈਸ਼ਨ ਦਾ ਆਯੋਜਨ ਯੂਥ ਕਾਂਗਰਸ ਦੇ ਕੌਮੀ ਬੁਲਾਰਾ ਰਹੇ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਜਨਰਲ ਸਕੱਤਰ ਗੌਤਮ ਸੇਠ ਵੱਲੋਂ ਗਠਿਤ ਸੰਸਥਾ ਯੁਵਾ ਮਾਰਗਦਰਸ਼ਨ ਫਾਊਂਡੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਸੈਸ਼ਨ ਦੌਰਾਨ ਗੌਤਮ ਸੇਠ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਦੇ ਜੁਆਇੰਟ ਸਕੱਤਰ ਕ੍ਰਿਸ਼ਨਾ ਅਲਾਵਰੂ, ਆਲ ਇੰਡੀਆ ਕਾਂਗਰਸ ਦੀ ਬੁਲਾਰਨ ਅਲਕਾ ਲਾਂਬਾ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਵੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਈ ਅਹਿਮ ਟਿਪਸ ਦਿੱਤੇ।
ਕੇ.ਐੱਮ.ਵੀ. ਨੂੰ 10 ਲੱਖ ਦੀ ਗ੍ਰਾਂਟ ਦੇਣ ਦਾ ਪਰਗਟ ਸਿੰਘ ਨੇ ਕੀਤਾ ਐਲਾਨ
ਪ੍ਰੋਗਰਾਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਕਾਲਜ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਪਰਗਟ ਸਿੰਘ ਨੇ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਕਿਹਾ ਕਿ ਇੰਡਸਟਰੀ ਦੀਆਂ ਲੋੜਾਂ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਧਿਆਨ ਵਿਚ ਰੱਖ ਕੇ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਮੰਗ ਅਤੇ ਸਪਲਾਈ ਵਿਚ ਗੈਪ ਘੱਟ ਹੋਵੇਗਾ। ਸੈਸ਼ਨ ਦੌਰਾਨ ਪਹੁੰਚੇ ਸਭ ਮਹਿਮਾਨਾਂ ਦਾ ਸਵਾਗਤ ਪ੍ਰਿੰ. ਪ੍ਰੋ. ਆਤਿਮਾ ਸ਼ਰਮਾ ਦਿਵੇਦੀ ਨੇ ਕੀਤਾ। ਮਹਿਮਾਨਾਂ ਨੂੰ ‘ਹਾਲ ਆਫ਼ ਫੇਮ’ ਵਿਖਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਡਾ. ਅਬਦੁੱਲ ਕਲਾਮ ਵਰਗੀਆਂ ਮਹਾਨ ਹਸਤੀਆਂ ਇਸ ਕਾਲਜ ਵਿਚ ਪਧਾਰ ਚੁੱਕੀਆਂ ਹਨ। 1886 ਤੋਂ ਲੈ ਕੇ ਹੁਣ ਤੱਕ ਇਹ ਅਦਾਰਾ ਮਹਿਲਾ ਸਿੱਖਿਆ ਖੇਤਰ ’ਚ ਅੱਗੇ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ
ਅਸੀਂ ਸੋਮੇ ਛੱਡ ਕੇ ਸ਼ਗੂਫੇ ਫੜ ਲਏ: ਸਿੱਧੂ
ਵਿਦਿਆਰਥਣਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ’ਤੇ ਹਮਲਾਵਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 2 ਕਰੋੜ ਨੌਕਰੀਆਂ, ਦਿੱਲੀ ਸਰਕਾਰ ਨੇ 8 ਲੱਖ ਨੌਕਰੀਆਂ ਅਤੇ ਪੰਜਾਬ ਸਰਕਾਰ ਨੇ 26 ਲੱਖ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਪਰ ਕਿਸੇ ਦਾ ਕੋਈ ਵਾਅਦਾ ਪੂਰਾ ਨਹੀਂ ਹੋਇਆ। ਇਥੇ ਇਕ ਲੱਖ ਨੌਕਰੀ ਤੱਕ ਨਹੀਂ ਦਿੱਤੀ ਗਈ। ਅਫ਼ਸੋਸ ਵਾਲੀ ਹੈ ਕਿ ਅਸੀਂ ਸੋਮੇ ਛੱਡ ਕੇ ਸ਼ਗੂਫੇ ਫੜ ਲਏ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਆਗੂਆਂ ਨੂੰ ਸਵਾਲ ਕਰੇ ਕਿ ਪੈਸੇ ਕਿਥੋਂ ਆਉਣਗੇ। ਅੱਜ ਲੋੜ ਹੈ 24 ਘੰਟੇ ਅਤੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲੇ, ਨਾ ਕਿ ਮੁਫ਼ਤ ਮਿਲੇ। ਪੰਜਾਬ ਦੀਆਂ ਔਰਤਾਂ ਭਿਖਾਰੀ ਨਹੀਂ ਹਨ, ਜੋ ਸਰਕਾਰ ਕੋਲੋਂ ਹਰ ਮਹੀਨੇ ਇਕ ਹਜ਼ਾਰ ਰੁਪਏ ਲੈਣਗੀਆਂ। ਉਨ੍ਹਾਂ ਨੂੰ ਸਵੈ-ਨਿਰਭਰ ਬਣਾ ਕੇ ਇਸ ਯੋਗ ਕਰਨਾ ਹੋਵੇਗਾ ਕਿ ਉਹ ਹੋਰਨਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇ ਸਕਣ।
ਵਿਦੇਸ਼ ਜਾਣ ਦੇ ਰੁਝਾਨ ’ਤੇ ਹੋਈ ਵਧੇਰੇ ਚਰਚਾ
ਸੈਸ਼ਨ ਦੇ ਸ਼ੁਰੂ ਵਿਚ ਕਾਲਜ ਦੀ ਇਕ ਵਿਦਿਆਰਥਣ ਨੇ ਸਪੱਸ਼ਟ ਕਿਹਾ ਕਿ ਇਥੇ ਕੋਈ ਭਵਿੱਖ ਨਾ ਵੇਖ ਕੇ ਨੌਜਵਾਨ ਵਰਗ ਆਈਲੈਟਸ ਕਰਕੇ ਵਿਦੇਸ਼ਾਂ ਵਿਚ ਦੌੜ ਰਿਹਾ ਹੈ। ਇਸ ਬ੍ਰੇਨ ਡ੍ਰੇਨ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ? ਜਵਾਬ ਵਿਚ ਸਿੱਧੂ ਨੇ ਕਿਹਾ ਕਿ ਅੱਜ ਸਿੱਖਿਆ ਦਾ ਸਿਸਟਮ ਸਿਰਫ਼ ਖ਼ਾਨਾਪੂਰਤੀ ਵਾਲਾ ਹੈ। ਨੌਕਰੀ ਲਈ ਪਾਲਿਸੀ ਨਹੀਂ ਸਿਰਫ਼ ਯੋਜਨਾਵਾਂ ਹਨ। ਬਜਟ ਦਾ ਵੀ ਕੋਈ ਪ੍ਰਬੰਧ ਨਹੀਂ। ਸਿਰਫ਼ ਵਾਅਦੇ ਕੀਤੇ ਜਾ ਰਹੇ ਹਨ। ਅੱਜ ਲੋੜ ਮਾਤਾ-ਪਿਤਾ ਕੋਲੋਂ ਮਿਲਣ ਵਾਲੇ ਸੰਸਕਾਰਾਂ ਦੀ ਹੈ ਪਰ ਆਧੁਨਿਕ ਮਾਵਾਂ ਕਿੱਟੀ ਪਾਰਟੀਆਂ ਨੂੰ ਪਹਿਲ ਦੇਣ ਲੱਗ ਪਈਆਂ ਹਨ। ਨੌਜਵਾਨ ਵਰਗ ਜੇ ਆਪਣਾ ਕੰਮ ਦਿਲਚਸਪੀ ਨਾਲ ਕਰਨ ਲੱਗੇ ਅਤੇ ਉਸ ਨੂੰ ਭਾਰ ਨਾ ਸਮਝੇ ਤਾਂ ਹਾਲਾਤ ਬਦਲ ਸਕਦੇ ਹਨ। ਕਿਸੇ ਵਰਗਾ ਬਣਨ ਅਤੇ ਨਕਲ ਕਰਨ ਦੀ ਬਜਾਏ ਆਪਣੇ ਅੰਦਰ ਦੇ ਹੁਨਰ ਨੂੰ ਪਛਾਣ ਕੇ ਅਤੇ ਆਪਣੇ ਅੰਦਰ ਬੈਠੇ ਬੱਚੇ ਨੂੰ ਜ਼ਿੰਦਾ ਰੱਖ ਕੇ ਜ਼ਿੰਦਗੀ ਦਾ ਆਨੰਦ ਲਿਆ ਜਾ ਸਕਦਾ ਹੈ। ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਸਿੱਖਿਆ ਦੇ ਡਿੱਗਦੇ ਪੱਧਰ, ਵਪਾਰੀਕਰਨ, ਸਿੱਖਣ ਦੀ ਬਜਾਏ ਸਿਰਫ਼ ਰਟਨ ’ਤੇ ਜ਼ੋਰ ਦੇਣ ਵਰਗੇ ਮੁੱਦੇ ਵੀ ਉਠਾਏ, ਜਿਨ੍ਹਾਂ ਦਾ ਜਵਾਬ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਦਿੱਤਾ।
ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ
ਸੈਸ਼ਨ ਦਾ ਮੰਤਵ ਨੌਜਵਾਨ ਵਰਗ ਕੋਲੋਂ ਫੀਡਬੈਕ ਲੈਣਾ : ਗੌਤਮ ਸੇਠ
ਸੈਸ਼ਨ ਦੀ ਸ਼ੁਰੂਆਤ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੌਤਮ ਸੇਠ ਨੇ ਕਿਹਾ ਕਿ ਸੈਸ਼ਨ ਦਾ ਮੰਤਵ ਆਉਂਦੀ ਪੀੜ੍ਹੀ ਲਈ ਵਿਜ਼ਨ ਤਿਆਰ ਕਰਨਾ ਅਤੇ ਨੌਜਵਾਨ ਵਰਗ ਕੋਲੋਂ ਫੀਡਬੈਕ ਲੈਣਾ ਹੈ ਕਿ ਉਹ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹਨ। ਸਿੱਧੂ ਦੇ ਪੰਜਾਬ ਮਾਡਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਰੋਲ ਮਾਡਲ ਬਣਨਾ ਅਤੇ ਵਿਚਾਰਾਂ ਨੂੰ ਪਾਲਿਸੀ ਦਾ ਰੂਪ ਦੇਣਾ ਉਨ੍ਹਾਂ ਦੀ ਖੂਬੀ ਹੈ, ਜੋ ਪੂਰੇ ਸੂਬੇ ਵਿਚ ਊਰਜਾ ਦਾ ਸੰਚਾਰ ਵੀ ਕਰ ਰਿਹਾ ਹੈ। ਅੱਵਲ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਔਸਤ ਵਿਦਿਆਰਥੀਆਂ ਨੂੰ ਵੀ ਮੌਕਾ ਮਿਲੇ, ਅਜਿਹੇ ਯਤਨ ਕੀਤੇ ਜਾ ਰਹੇ ਹਨ।
ਆਗੂਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ: ਵਰਿੰਦਰ ਢਿੱਲੋਂ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਆਗੂਆਂ ਨੂੰ ਜਵਾਬਦੇਹ ਬਣਾਉਣ। ਭਾਈਚਾਰੇ ਦੇ ਆਧਾਰ ’ਤੇ ਵੋਟਾਂ ਪਾਉਣ ਦੀ ਬਜਾਏ ਚੰਗੇ ਨੇਤਾਵਾਂ ਦੀ ਚੋਣ ਕਰਨ। ਨੌਜਵਾਨ ਵਰਗ ਨੂੰ ਸਰਕਾਰ ਅਤੇ ਆਗੂਆਂ ਦੀ ਸਕਿਓਰਿਟੀ ਤੋਂ ਘਬਰਾਉਣਾ ਨਹੀਂ ਚਾਹੀਦਾ। ਪੰਜਾਬ ਵਿਚ ਇਹੀ ਡਰ ਕੱਢਣ ਲਈ ਕਾਂਗਰਸ ਯਤਨਸ਼ੀਲ ਹੈ। ਇਸ ਲਈ ਆਮ ਆਦਮੀ ਨੂੰ ਸਿਆਸਤ ਵਿਚ ਮੌਕੇ ਦਿੱਤੇ ਜਾ ਰਹੇ ਹਨ।
ਪੰਜਾਬ ’ਚ ਚੋਣ ਲਾਲਚ ਦੇ ਰਹੇ ਹਨ ਕੇਜਰੀਵਾਲ : ਅਲਕਾ ਲਾਂਬਾ
ਸਰਬ ਭਾਰਤੀ ਕਾਂਗਰਸ ਕਮੇਟੀ ਦੀ ਬੁਲਾਰਨ ਅਲਕਾ ਲਾਂਬਾ, ਜੋ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਵੀ ਰਹਿ ਚੁੱਕੀ ਹੈ, ਨੇ ਕਿਹਾ ਕਿ ਅੱਜ ਪੰਜਾਬ ਵਿਚ ਚੋਣਾਂ ਨੂੰ ਨੇੜੇ ਵੇਖ ਕੇ ਕੇਜਰੀਵਾਲ ਵੋਟਰਾਂ ਨੂੰ ਲਾਲਚ ਦੇ ਰਹੇ ਹਨ। ਦਿੱਲੀ ਵਿਚ ਕੇਜਰੀਵਾਲ ਨੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਹਰ ਔਰਤ ਨੂੰ ਇਕ-ਇਕ ਹਜ਼ਾਰ ਰੁਪਏ ਕਿਉਂ ਨਹੀਂ ਦਿੱਤੇ। ਇਸ ਦਾ ਕਾਰਨ ਇਹ ਹੈ ਕਿ ਦਿੱਲੀ ਵਿਚ ਅਜੇ ਚੋਣਾਂ ਨਹੀਂ ਹੋ ਰਹੀਆਂ। ਪੰਜਾਬੀਆਂ ਨੂੰ ਕੇਜਰੀਵਾਲ ਦੇ ਲਾਲਚ ਵਿਚ ਨਹੀਂ ਆਉਣਾ ਚਾਹੀਦਾ। ਮਹਿਲਾ ਸ਼ਕਤੀ ਨੂੰ ਆਪਣੇ ਆਂਚਲ ਨੂੰ ਪਰਚਮ ਬਣਾਉਣਾ ਹੋਵੇਗਾ। ਪੰਜਾਬ ’ਤੇ ਕੰਨਿਆ ਭਰੂਣ ਹੱਤਿਆ ਦਾ ਜਿਹੜਾ ਧੱਬਾ ਕਦੇ ਲੱਗਾ ਸੀ, ਉਹ ਮਿਟ ਰਿਹਾ ਹੈ।
ਮੁੱਦਿਆਂ ਨੂੰ ਭਟਕਾ ਰਿਹੈ ਮੀਡੀਆ: ਕ੍ਰਿਸ਼ਨਾ ਅਲਾਵਰੂ
ਸਰਬ ਭਾਰਤੀ ਕਾਂਗਰਸ ਦੇ ਜੁਆਇੰਟ ਸਕੱਤਰ ਕ੍ਰਿਸ਼ਨਾ ਅਲਾਵਰੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇਸ਼ ਦਾ ਮੀਡੀਆ ਰੋਜ਼ਗਾਰ, ਸਿੱਖਿਆ ਅਤੇ ਬਰਾਬਰੀ ਵਰਗੇ ਮੁੱਦਿਆਂ ਦੀ ਬਜਾਏ ਸ਼ਾਹਰੁਖ ਖਾਨ ਦੇ ਪੁੱਤਰ ਦੀਆਂ ਖਬਰਾਂ ਨੂੰ ਵਧੇਰੇ ਵਿਖਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਵ੍ਹਟਸਐਪ ਯੂਨੀਵਰਸਿਟੀ ਦੇ ਝਾਂਸੇ ਵਿਚ ਨਾ ਆਉਣ ਅਤੇ ਅਸਲ ਸਮੱਸਿਆ ਬਾਰੇ ਆਗੂਆਂ ਨੂੰ ਜਵਾਬਦੇਹ ਬਣਾਉਣ। ਅੱਜ ਲੋੜ ਪੰਜਾਬ ਨੂੰ ਹੇਠਾਂ ਤੋਂ ਉੱਪਰ ਚੁੱਕਣ ਦੀ ਹੈ ਪਰ ਇਸ ਨੂੰ ਚੋਟੀ ਤੋਂ ਫੜ ਕੇ ਉੱਪਰ ਉਠਾਇਆ ਜਾ ਰਿਹਾ ਹੈ, ਜੋ ਪੰਜਾਬ ਨੂੰ ਵਿਗਾੜ ਰਹੀ ਹੈ। ਨੋਟਬੰਦੀ, ਜੀ. ਐੱਸ. ਟੀ. ਅਤੇ ਬਿਨਾਂ ਸੋਚੇ ਸਮਝੇ ਲਾਏ ਗਏ ਲਾਕਡਾਊਨ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਤਬਾਹ ਕੀਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ, ਕਿਹਾ-ਕੈਪਟਨ ਨਾਲ ਪਾਰਟੀ ’ਚ ਹੋ ਰਿਹਾ ਸੀ ਨੁਕਸਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ