550ਵੇਂ ਪ੍ਰਕਾਸ਼ ਪੁਰਬ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ''ਚ ਹਿੱਸਾ ਲੈਣਗੇ ਸਿੱਧੂ

11/07/2018 8:38:08 AM

ਚੰਡੀਗੜ੍ਹ (ਰਮਨਜੀਤ) - ਯਾਦਗਾਰੀ ਸਮਾਗਮਾਂ ਸਬੰਧੀ ਬਣੀ 'ਕੌਮੀ ਲਾਗੂ ਕਰਨ ਕਮੇਟੀ' ਦੀ 8 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ 'ਚ ਪੰਜਾਬ ਵਲੋਂ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੇ। ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ 2019 'ਚ ਮਨਾਏ ਜਾਣ ਵਾਲੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਤਾਬਦੀ ਸਮਾਗਮ ਮਨਾਉਣ ਸਬੰਧੀ ਪ੍ਰੋਗਰਾਮ ਨਿਰਧਾਰਿਤ ਕਰਨ ਲਈ ਕੌਮੀ ਲਾਗੂ ਕਰਨ ਕਮੇਟੀ ਦੀ ਮੀਟਿੰਗ 8 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਇਸ ਮੀਟਿੰਗ 'ਚ ਹਿੱਸਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਸਿੱਧੂ ਤੇ ਸਕੱਤਰ ਵਿਕਾਸ ਪ੍ਰਤਾਪ ਨੂੰ ਜ਼ਿੰਮੇਵਾਰੀ ਸੌਂਪੀ ਗਈ, ਜੋ ਮੀਟਿੰਗ 'ਚ ਅਗਲੇ ਸਾਲ ਆ ਰਹੇ ਧਾਰਮਿਕ ਤੇ ਇਤਿਹਾਸਕ ਸਮਾਗਮਾਂ ਨੂੰ ਹੋਰ ਯਾਦਗਾਰ ਬਣਾਉਣ ਲਈ ਰੂਪ ਰੇਖਾ ਉਲੀਕਣਗੇ।


Related News