ਸੈਟਿੰਗ ਤੇ ਸਿਫਾਰਸ਼ ਤੋਂ ਬਿਨਾਂ ਬਣ ਰਹੀਆਂ ਇਮਾਰਤਾਂ ਦੇ ਹੀ ਕੀਤੇ ਜਾ ਰਹੇ ਹਨ ਚਲਾਨ
Wednesday, Jun 27, 2018 - 04:27 AM (IST)
ਲੁਧਿਆਣਾ(ਹਿਤੇਸ਼)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੇਅਰ ਦੀ ਸਖ਼ਤੀ ਦਾ ਹਵਾਲਾ ਦਿੰਦੇ ਹੋਏ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੇ ਨਾਜਾਇਜ਼ ਉਸਾਰੀਆਂ ਖਿਲਾਫ ਜੋ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੇ ਪਹਿਲੇ ਪੜਾਅ 'ਚ ਸਿਰਫ ਸੈਟਿੰਗ ਤੇ ਸਿਫਾਰਸ਼ ਤੋਂ ਬਿਨਾਂ ਬਣ ਰਹੀਆਂ ਇਮਾਰਤਾਂ ਦੇ ਚਾਲਾਨ ਪਾਏ ਜਾ ਰਹੇ ਹਨ। ਸਿੱਧੂ ਤੇ ਮੇਅਰ ਦਾ ਕਹਿਣਾ ਹੈ ਕਿ ਲੁਧਿਆਣਾ ਵਿਚ ਵੱਡੇ ਪੱਧਰ 'ਤੇ ਅਜਿਹੀਆਂ ਇਮਾਰਤਾਂ ਬਣ ਰਹੀਆਂ ਹਨ, ਜਿਨ੍ਹਾਂ ਦੇ ਨਾ ਤਾਂ ਨਕਸ਼ੇ ਪਾਸ ਹਨ ਤੇ ਨਾ ਹੀ ਚਲਾਨ ਪਾ ਕੇ ਜੁਰਮਾਨਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਨਾਨ-ਕੰਪਾਊਂਡੇਬਲ ਉਸਾਰੀਆਂ ਤੋੜਨ ਤੇ ਸੀਲ ਕਰਨ ਦੀ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ। ਸਿੱਧੂ ਮੁਤਾਬਕ ਨਾਜਾਇਜ਼ ਉਸਾਰੀਆਂ ਕਾਰਨ ਨਗਰ ਨਿਗਮ ਦੇ ਮਾਲੀਏ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਉਹ ਪੈਸਾ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦੀ ਜੇਬ 'ਚ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਿੱਧੂ ਨੇ ਪਿਛਲੇ ਦਿਨੀਂ ਜਲੰਧਰ 'ਚ ਚੈਕਿੰਗ ਕਰ ਕੇ ਫੜੀ ਨਾਜਾਇਜ਼ ਕਾਲੋਨੀ ਤੇ ਇਮਾਰਤੀ ਸ਼ਾਖਾ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ 'ਚ ਸ਼ਾਖਾ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਸਿੱਧੂ ਵੱਲੋਂ ਲੁਧਿਆਣਾ 'ਚ ਵੀ ਨਾਜਾਇਜ਼ ਉਸਾਰੀਆਂ ਦੀ ਭਰਮਾਰ ਹੋਣ ਕਰ ਕੇ ਅਜਿਹੀ ਚੈਕਿੰਗ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਜਲੰਧਰ ਵਿਚ ਹੋਈ ਕਾਰਵਾਈ ਦੇ ਵਿਰੋਧ ਕਾਰਨ ਕਾਂਗਰਸੀ ਵਿਧਾਇਕਾਂ ਨਾਲ ਉਲਝਣ ਦਾ ਕੇਸ ਦਿੱਲੀ ਦਰਬਾਰ ਤੱਕ ਪੁੱਜਣ ਤੋਂ ਬਾਅਦ ਸਿੱਧੂ ਕੁਝ ਦੇਰ ਲਈ ਸ਼ਾਂਤ ਹੋ ਗਏ ਹਨ। ਹਾਲਾਂਕਿ ਸਿੱਧੂ ਨੇ ਮੇਅਰ ਨੂੰ ਬੁਲਾ ਕੇ ਸਾਫ ਕਰ ਦਿੱਤਾ ਹੈ ਕਿ ਨਾਜਾਇਜ਼ ਉਸਾਰੀਆਂ ਖਿਲਾਫ ਪੁਖਤਾ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਉਹ ਆਪ ਫੀਲਡ 'ਚ ਉਤਰਨ ਤੋਂ ਪ੍ਰਹੇਜ਼ ਨਹੀਂ ਕਰਨਗੇ ਅਤੇ ਇਸ ਦੌਰਾਨ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਮੇਅਰ ਨੇ ਸਪੈਸ਼ਲ ਮੀਟਿੰਗ ਬੁਲਾ ਕੇ ਸਿੱਧੂ ਦਾ ਸੁਨੇਹਾ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਹੈ ਕਿ ਉਹ ਆਪਣੇ ਕੰਮਕਾਜ ਵਿਚ ਸੁਧਾਰ ਕਰ ਲੈਣ ਨਹੀਂ ਤਾਂ ਸਿੱਧੂ ਦੇ ਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ, ਜਿਸ ਤਹਿਤ ਨਕਸ਼ਾ ਪਾਸ ਕਰਵਾਏ ਜਾਂ ਚਲਾਨ ਪਾਏ ਬਿਨਾਂ ਕੋਈ ਇਮਾਰਤ ਨਾ ਬਣਨ ਦੇਣ ਦੀ ਹਦਾਇਤ ਦਿੱਤੀ ਗਈ ਹੈ। ਸਿੱਧੂ ਅਤੇ ਮੇਅਰ ਦੇ ਇਸ ਰੁਖ਼ ਨੂੰ ਦੇਖਦੇ ਹੋਏ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਉਸਾਰੀਆਂ ਦੀ ਚੈਕਿੰਗ ਲਈ ਫੀਲਡ 'ਚ ਉਤਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਮੁਤਾਬਕ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ 'ਤੇ ਨਕਸ਼ਾ ਪਾਸ ਕਰਵਾਉਣ ਜਾਂ ਜੁਰਮਾਨਾ ਜਮ੍ਹਾ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ਪਰ ਇਹ ਕਾਰਵਾਈ ਸਿਰਫ ਉਨ੍ਹਾਂ ਇਮਾਰਤਾਂ ਤੱਕ ਹੀ ਸੀਮਤ ਹੈ ਜੋ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਸੈਟਿੰਗ ਜਾਂ ਸਿਫਾਰਸ਼ ਤੋਂ ਬਿਨਾਂ ਬਣ ਰਹੀਆਂ ਹਨ ਤੇ ਉਨ੍ਹਾਂ ਦੇ ਚਲਾਨ ਪਾ ਦਿੱਤੇ ਗਏ ਹਨ। ਇਥੋਂ ਤੱਕ ਕਿ ਕਈ ਇਮਾਰਤਾਂ ਨੂੰ ਤਾਂ ਡੇਗਣ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ। ਉਧਰ, ਜਿਹੜੀਆਂ ਇਮਾਰਤਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਣ ਰਹੀਆਂ ਹਨ, ਉਨ੍ਹਾਂ ਦੇ ਮਾਲਕਾਂ ਨੂੰ ਜਲਦੀ ਉਸਾਰੀ ਪੂਰੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਥੋਂ ਤੱਕ ਕਿ ਮੌਜੂਦਾ ਸਮੇਂ ਵਿਚ ਵੀ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜਿਨ੍ਹਾਂ 'ਤੇ ਕਾਰਵਾਈ ਨਾ ਕਰਨ ਬਦਲੇ ਰਿਸ਼ਵਤ ਦੇ ਰੇਟ ਵਿਚ ਸਿੱਧੂ ਦੀ ਸਖ਼ਤੀ ਦਾ ਹਵਾਲਾ ਦਿੰਦੇ ਹੋਏ ਇਜ਼ਾਫਾ ਕਰ ਦਿੱਤਾ ਗਿਆ ਹੈ।
ਇਕੱਲੇ ਜ਼ੋਨ ਡੀ 'ਚ ਬਣ ਰਹੀਆਂ ਹਨ 450 ਨਾਜਾਇਜ਼ ਇਮਾਰਤਾਂ, ਕਾਰਵਾਈ ਜ਼ੀਰੋ!
ਮੇਅਰ ਨੇ ਪਿਛਲੇ ਦਿਨੀਂ ਆਪ ਫੀਲਡ 'ਚ ਉਤਰ ਕੇ ਸੈਂਕੜੇ ਨਾਜਾਇਜ਼ ਉਸਾਰੀਆਂ ਦੀ ਲਿਸਟ ਤਿਆਰ ਕੀਤੀ ਸੀ ਜਿਸ ਲਿਸਟ ਨੂੰ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਦੇ ਕੇ ਰਿਪੋਰਟ ਮੰਗੀ ਗਈ ਸੀ। ਉਸ ਤੋਂ ਬਾਅਦ ਨੀਂਦ ਤੋਂ ਜਾਗੇ ਸਟਾਫ ਨੇ ਫੀਲਡ 'ਚ ਉਤਰ ਕੇ ਚੈਕਿੰਗ ਕੀਤੀ ਤਾਂ ਇਕੱਲੇ ਜ਼ੋਨ ਡੀ ਅਧੀਨ ਆਉਂਦੇ ਇਲਾਕੇ ਵਿਚ 450 ਇਮਾਰਤਾਂ ਬਣ ਰਹੀਆਂ ਸਨ। ਇਨ੍ਹਾਂ ਦੀ ਲਿਸਟ ਮੇਅਰ ਨੂੰ ਪਹੁੰਚਾ ਦਿੱਤੀ ਗਈ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਇਮਾਰਤਾਂ ਨਕਸ਼ਾ ਪਾਸ ਕਰਵਾਉਣ ਤੋਂ ਬਿਨਾਂ ਬਣ ਰਹੀਆਂ ਹਨ ਤੇ ਉਨ੍ਹਾਂ ਦਾ ਚਲਾਨ ਪਾ ਕੇ ਜੁਰਮਾਨਾ ਵੀ ਨਹੀਂ ਵਸੂਲ ਕੀਤਾ ਗਿਆ। ਇਥੋਂ ਤੱਕ ਕਿ ਕਈ ਇਮਾਰਤਾਂ ਵਿਚ ਨਾਨ-ਕੰਪਾਊਂਡੇਬਲ ਉਸਾਰੀਆਂ ਮੌਜੂਦ ਹਨ ਜਿਨ੍ਹਾਂ ਨੂੰ ਡੇਗਣ ਜਾਂ ਸੀਲ ਕਰਨ ਦੀ ਕਾਰਵਾਈ ਬਣਦੀ ਹੈ ਪਰ ਸਿੱਧੂ ਦੇ ਡਰੋਂ ਇਕ ਦਿਨ ਚਲਾਈ ਗਈ ਡਰਾਈਵ 30 ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਕ ਹਫਤੇ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਠੱਪ ਪਈ ਹੈ।
