ਸਿੱਧੂ ਦੇ ਦਖਲ ਨਾਲ ਪੈਂਡਿੰਗ ਪਾਰਕਿੰਗ ਸਾਈਟਾਂ ਦੀ ਈ-ਬੀਡਿੰਗ

Thursday, Jun 15, 2017 - 06:54 AM (IST)

ਸਿੱਧੂ ਦੇ ਦਖਲ ਨਾਲ ਪੈਂਡਿੰਗ ਪਾਰਕਿੰਗ ਸਾਈਟਾਂ ਦੀ ਈ-ਬੀਡਿੰਗ

ਲੁਧਿਆਣਾ(ਹਿਤੇਸ਼)-ਮਹਾਨਗਰ ਵਿਚ 5 ਪਾਰਕਿੰਗ ਸਾਈਟਾਂ ਨੂੰ ਠੇਕੇ 'ਤੇ ਦੇਣ ਲਈ ਲਾਏ ਗਏ ਟੈਂਡਰਾਂ ਦੀਆਂ ਸ਼ਰਤਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਮਾਮਲਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਕੋਲ ਪਹੁੰਚਣ 'ਤੇ ਈ-ਬੀਡਿੰਗ ਨੂੰ ਐਨ ਮੌਕੇ 'ਤੇ ਪੈਂਡਿੰਗ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦਾ ਖੁਲਾਸਾ ਬੀਤੇ ਦਿਨੀਂ ਐੱਫ. ਐਂਡ ਸੀ. ਸੀ. ਮੀਟਿੰਗ ਦੌਰਾਨ ਮੇਅਰ ਤੇ ਡਿਪਟੀ ਮੇਅਰ ਦਰਮਿਆਨ ਤਕਰਾਰ ਹੋਣ ਦਾ ਰੌਲਾ ਬਾਹਰ ਤੱਕ ਆਉਣ 'ਤੇ ਹੋਇਆ ਸੀ, ਜਿਸ ਵਿਚ ਡਿਪਟੀ ਮੇਅਰ ਦਾ ਕਹਿਣਾ ਹੈ ਕਿ ਪਹਿਲਾਂ 5 ਪਾਰਕਿੰਗਾਂ ਨੂੰ ਇਕ ਸਾਲ ਲਈ ਵੱਖ-ਵੱਖ ਠੇਕੇ 'ਤੇ ਦੇਣ ਦੀ ਰਵਾਇਤ ਕਈ ਸਾਲਾਂ ਤੋਂ ਚਲੀ ਰਹੀ ਹੈ ਪਰ ਹੁਣ 5 ਪਾਰਕਿੰਗਾਂ ਦਾ ਠੇਕਾ ਇਕੱਠਾ ਕਰ ਕੇ ਤਿੰਨ ਸਾਲ ਲਈ ਟੈਂਡਰ ਲਾ ਦਿੱਤਾ ਗਿਆ ਹੈ, ਜੋ ਸਭ ਇਕ ਕੰਪਨੀ ਨੂੰ ਫਾਇਦਾ ਲੈਣ ਲਈ ਕੀਤਾ ਜਾ ਰਿਹਾ ਹੈ। ਉਸ ਦਾ ਸਬੂਤ ਇਹ ਹੈ ਕਿ ਬਿਨਾਂ ਕਿਸੇ ਠੋਸ ਆਧਾਰ ਦੇ ਤਿੰਨ ਸਾਲ ਤੱਕ 1 ਕਰੋੜ ਦੀ ਪਾਰਕਿੰਗ ਚਲਾਉਣ 'ਤੇ 1.75 ਕਰੋੜ ਦੀ ਟਰਨਓਵਰ ਹੋਣ ਬਾਰੇ ਅਜਿਹੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ, ਜੋ ਇਕ ਹੀ ਪਾਰਟੀ ਪੂਰੀਆਂ ਕਰਦੀ ਹੈ। ਡਿਪਟੀ ਮੇਅਰ ਦਾ ਇਹ ਇਤਰਾਜ਼ ਵੀ ਹੈ ਕਿ ਪੁਰਾਣੇ ਟੈਂਡਰ ਖਤਮ ਹੋਣ ਵਿਚ ਕਾਫੀ ਸਮਾਂ ਬਾਕੀ ਹੋਣ ਦੇ ਬਾਵਜੂਦ ਐਮਰਜੈਂਸੀ ਨੇਚਰ ਦੇ ਕੰਮਾਂ ਲਈ ਅਪਣਾਈ ਜਾਂਦੀ ਐਂਟੀਸਿਪੇਸ਼ਨ ਦੀ ਪ੍ਰਕਿਰਿਆ ਨੂੰ ਅਪਣਾਇਆ ਗਿਆ, ਜਦਕਿ ਪਹਿਲਾਂ ਤੋਂ ਚਲੀਆਂ ਆ ਰਹੀਆਂ ਸ਼ਰਤਾਂ ਜਾਂ ਪੈਟਰਨ ਬਦਲਣ ਲਈ ਐੱਫ. ਐਂਡ ਸੀ. ਸੀ. ਵਿਚ ਚਰਚਾ ਹੋਣਾ ਜ਼ਰੂਰੀ ਹੈ ਅਤੇ ਇਥੇ ਮੀਟਿੰਗ ਦੇ ਬਾਵਜੂਦ ਪ੍ਰਸਤਾਵ ਨੂੰ ਮਨਜ਼ੂਰੀ ਲਈ ਪੇਸ਼ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਉਨ੍ਹਾਂ ਨੇ ਮੇਅਰ-ਕਮਿਸ਼ਨਰ ਨੂੰ ਲਿਖਤੀ ਇਤਰਾਜ਼ ਦੇਣ ਸਮੇਤ ਵਿਜੀਲੈਂਸ ਵਿਚ ਸ਼ਿਕਾਇਤ ਦੇਣ ਦੀ ਚਿਤਾਵਨੀ ਵੀ ਦਿੱਤੀ ਸੀ।  ਮੇਅਰ ਦੀ ਮੰਨੀਏ ਤਾਂ 5 ਪਾਰਕਿੰਗਾਂ ਇਕੱਠੀਆਂ ਕਰ ਕੇ ਇਸ ਲਈ ਟੈਂਡਰ ਲਾਏ ਗਏ ਹਨ ਕਿ ਉਨ੍ਹਾਂ ਦੀ ਮੇਨਟੀਨੈਂਸ ਦਾ ਜ਼ਿੰਮਾ ਵੀ ਕੰਪਨੀ ਨੂੰ ਹੀ ਦਿੱਤਾ ਜਾਣਾ ਹੈ, ਜਿਸ ਲਈ ਵੱਡੀਆਂ ਕੰਪਨੀਆਂ ਆਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਵਧ ਸਕਿਓਰਟੀ ਜਮ੍ਹਾ ਹੋਣ 'ਤੇ ਜ਼ਬਤ ਹੋਣ ਦੇ ਡਰ ਕਾਰਨ ਓਵਰ ਚਾਰਜਿੰਗ ਦੀ ਸਮੱਸਿਆ ਵਿਚ ਕਮੀ ਆਵੇਗੀ। ਮੇਅਰ ਵੱਲੋਂ ਕਿਸੇ ਕੰਪਨੀ  ਦੇ ਹਿੱਤ ਵਿਚ ਕੰਮ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਇਹ ਗੱਲ ਵੀ ਕਹੀ ਜਾ ਚੁੱਕੀ ਹੈ ਕਿ ਜੇਕਰ ਕੋਈ ਗੜਬੜ ਸਾਹਮਣੇ ਆਈ ਤਾਂ ਟੈਂਡਰ ਰੱਦ ਕਰ ਕੇ ਦੁਬਾਰਾ ਲਾਏ ਜਾ ਸਕਦੇ ਹਨ, ਜਿਸ ਕਾਰਨ ਟੈਕਨੀਕਲ ਬਿਡ ਦੀ ਸਕਰੂਟਨੀ ਸਬੰਧੀ ਬਣਾਈ ਕਮੇਟੀ ਦੇ ਮੈਂਬਰਾਂ ਵਿਚ ਵਾਧਾ ਕਰਨ ਸਮੇਤ ਟੈਂਡਰ ਖੋਲ੍ਹਣ ਦੀ ਡੈੱਡਲਾਈਨ ਵੀ ਅੱਗੇ ਵਧਾਈ ਗਈ ਸੀ। ਇਸ ਮੁੱਦੇ 'ਤੇ ਪਾਰਕਿੰਗ ਲਾਈਨ ਨਾਲ ਜੁੜੀਆਂ ਕੁਝ ਹੋਰ ਕੰਪਨੀਆਂ ਨੇ ਵੀ ਲੋਕਲ ਲੈਵਲ 'ਤੇ ਕਮਿਸ਼ਨਰ ਤੋਂ ਇਲਾਵਾ ਐੱਮ. ਪੀ. ਰਵਨੀਤ ਬਿੱਟੂ ਤੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਨੂੰ ਮਿਲਣ ਤੋਂ ਇਲਾਵਾ ਨਵਜੋਤ ਸਿੱਧੂ ਤੋਂ ਮਿਲ ਕੇ ਵੀ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ। ਇਥੋਂ ਤਕ ਕਿ ਸੀ. ਐੱਮ. ਕੋਲ ਸ਼ਿਕਾਇਤ ਪਹੁੰਚਣ ਦੀ ਖ਼ਬਰ ਹੈ, ਜਿਸ 'ਤੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਤਾਂ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ, ਜਦ ਕਿ ਟੈਕਨੀਕਲ ਬਿਡ ਖੁੱਲ੍ਹਣ ਨਾਲ ਸਾਫ ਹੋ ਗਿਆ ਕਿ ਪਹਿਲਾਂ ਤੋਂ ਕੰਮ ਕਰ ਰਹੇ ਪਲੇਅਰਾਂ ਨੇ ਹੀ ਵੱਖ-ਵੱਖ ਨਾਵਾਂ ਨਾਲ ਹਿੱਸਾ ਲਿਆ ਹੈ, ਜਿਨ੍ਹਾਂ ਦੀ ਭਿਣਕ ਲੱਗਣ 'ਤੇ ਸਿੱਧੂ ਵੱਲੋਂ ਜਾਰੀ ਆਦੇਸ਼ਾਂ ਕਾਰਨ ਈ-ਬੀਡਿੰਗ ਨੂੰ ਪੈਂਡਿੰਗ ਕਰ ਦਿੱਤਾ ਗਿਆ।


Related News