ਸਿੱਧੂ ਦੀਆਂ ਸਰਗਰਮੀਆਂ ਨੇ ਸਿਆਸੀ ਪਾਰਟੀਆਂ ''ਚ ਮਚਾਈ ਹਲਚਲ

03/03/2020 7:15:33 PM

ਜਲੰਧਰ (ਚੋਪੜਾ)— ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਤੇਜ਼-ਤਰਾਰ ਆਗੂ ਨਵਜੋਤ ਸਿੰਘ ਸਿੱਧੂ ਦੇ ਕੁਝ ਮਹੀਨਿਆਂ ਤੋਂ ਗਾਇਬ ਰਹਿਣ ਉਪਰੰਤ ਅਚਾਨਕ ਸਿਆਸਤ 'ਚ ਸਰਗਰਮ ਹੋਣ ਨਾਲ ਕਾਂਗਰਸ ਹੀ ਨਹੀਂ, ਸਗੋਂ ਸੂਬੇ ਦੀਆਂ ਸਾਰੀਆਂ ਪਾਰਟੀਆਂ 'ਚ ਹਲਚਲ ਪੈਦਾ ਹੋ ਗਈ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਭਵਿੱਖ ਦਾ ਮੁੱਖ ਮੰਤਰੀ ਅਹੁਦਾ ਦੇਣ ਦਾ ਲਾਲਚ ਦੇ ਰਹੀ ਹੈ, ਉੱਥੇ ਹੀ ਅਕਾਲੀ ਦਲ ਬਾਦਲ (ਬ) ਤੋਂ ਟੁੱਟ ਕੇ ਵੱਖਰਾ ਗਰੁੱਪ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਕੇ ਪੰਜਾਬ ਦੀ ਅਗਲੀ ਸਰਕਾਰ ਦੀ ਅਗਵਾਈ ਕਰੇ।

PunjabKesari

ਸਿੱਧੂ ਦੇ ਅਗਲੇ ਕਦਮ 'ਤੇ ਟਿਕੀਆਂ ਸਿਆਸੀ ਪਾਰਟੀਆਂ ਸਣੇ ਲੋਕਾਂ ਦੀਆਂ ਨਜ਼ਰਾਂ
ਇਨ੍ਹਾਂ ਲਾਲਚਾਂ ਦੇ ਉਲਟ ਸਿੱਧੂ ਨੇ ਅਜੇ ਆਪਣੀ ਚੁੱਪੀ ਨਹੀਂ ਤੋੜੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਕਿਸੇ ਤੋਂ ਲੁਕੀ ਨਹੀਂ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸਿੱਧੂ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਲੰਬੀ ਮੁਲਾਕਾਤ ਕੀਤੀ ਸੀ। ਇਸ ਮੀਟਿੰਗ 'ਚ ਕਿਹੜੀਆਂ ਗੱਲਾਂ 'ਤੇ ਚਰਚਾ ਹੋਈ ਇਸ ਦਾ ਖੁਲਾਸਾ ਨਹੀਂ ਹੋ ਸਕਿਆ। ਹੁਣ ਸੂਬੇ ਨਾਲ ਸਬੰਧਤ ਸਿਆਸੀ ਪਾਰਟੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ ਵੱਲ ਹਨ। ਇਹੀ ਚਰਚਾ ਚਲ ਰਹੀ ਹੈ ਕਿ ਸਿੱਧੂ ਹੁਣ ਕਿਹੜਾ ਧਮਾਕਾ ਕਰਨਗੇ।

PunjabKesari

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸਿੱਧੂ ਨੇ ਜਿਸ ਤਰ੍ਹਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਸਟਾਰ ਕੰਪੇਨ ਕਮੇਟੀ 'ਚ ਸ਼ਾਮਲ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਤੋਂ ਦੂਰੀ ਰੱਖੀ, ਉਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸ਼ਾਇਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਆਪ' ਪ੍ਰਤੀ ਉਨ੍ਹਾਂ ਦੇ ਦਿਲ 'ਚ ਸਾਫਟ ਕਾਰਨਰ ਹੈ। ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਕ ਵੀ ਮੀਟਿੰਗ ਨੂੰ ਸੰਬੋਧਨ ਨਹੀਂ ਕੀਤਾ। ਆਖਰ ਚੋਣ ਨਤੀਜਿਆਂ 'ਚ 'ਆਪ' ਨੇ 70 'ਚੋਂ 63 ਸੀਟਾਂ 'ਤੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਅਜਿਹੇ ਮੌਕੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਵੀ ਅਹਿਮੀਅਤ ਰੱਖਦਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਜੇਕਰ ਸਿੱਧੂ 'ਆਪ' ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਉਨ੍ਹਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਨਗੇ। ਅੱਜ ਅਚਾਨਕ ਪੰਜਾਬ 'ਚ ਲੋਕਾਂ ਨੂੰ ਰੇਤ ਮੁਫਤ ਦੇਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਨਾਲ ਨਵੀਂ ਚਰਚਾ ਵੀ ਸ਼ੁਰੂ ਗਈ ਹੈ। ਕੀ ਅਜਿਹਾ ਅਹਿਮ ਫੈਸਲਾ ਕਾਂਗਰਸ ਹਾਈਕਮਾਨ ਦੇ ਹੁਕਮਾਂ 'ਤੇ ਤਾਂ ਨਹੀਂ ਲਿਆ ਜਾ ਰਿਹਾ? ਕੀ ਇਸ ਫੈਸਲੇ ਦੀ ਜ਼ਮੀਨ ਸਿੱਧੂ ਦੀ ਸੋਨੀਆ ਅਤੇ ਪ੍ਰਿਯੰਕਾ ਦੀ ਮੀਟਿੰਗ 'ਚ ਤਾਂ ਨਹੀਂ ਤਿਆਰ ਕੀਤੀ ਗਈ? ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਵਾਦ ਕਾਰਨ ਜਦੋਂ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਤਾਂ ਸਿੱਧੂ ਨੇ ਨਵਾਂ ਮੰਤਰਾਲਾ ਸਾਂਭਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਵੀ ਪੰਜਾਬ ਦੀ ਜਨਤਾ ਸਿੱਧੂ ਵੱਲੋਂ ਬਣਾਈਆਂ ਚੰਗੀਆਂ ਨੀਤੀਆਂ ਦੀ ਸ਼ਲਾਘਾ ਕਰਦੀ ਹੈ।

PunjabKesari

ਸਿੱਧੂ ਦੀ ਮਾਈਨਿੰਗ ਪਾਲਸੀ ਲਾਗੂ ਹੁੰਦੀ ਤਾਂ ਕਰੀਬ 1500 ਕਰੋੜ ਦਾ ਮਾਲੀਆ ਆਉਂਦਾ
ਸਿੱਧੂ ਨੇ ਆਪਣੀਆਂ ਪਾਲਸੀਆਂ 'ਚ ਰੇਤ ਖੋਦਾਈ, ਸ਼ਹਿਰਾਂ ਅਤੇ ਪਿੰਡਾਂ ਦਾ ਵਿਕਾਸ ਕਰਵਾਉਣ ਸਮੇਤ ਹੋਰ ਅਜਿਹੇ ਸਖਤ ਫੈਸਲੇ ਲਏ ਸਨ, ਜਿਨ੍ਹਾਂ ਨੂੰ ਲਾਗੂ ਕਰਨ ਨਾਲ ਪੰਜਾਬ ਦਾ ਗੁਆਚਿਆ ਰੂਪ ਪਰਤ ਸਕਦਾ ਸੀ। ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਫੁੱਲ ਪਰੂਫ ਮਾਈਨਿੰਗ ਪਾਲਿਸੀ ਤਹਿਤ 99 ਕਰੋੜ ਦੀ ਡੀ. ਪੀ. ਆਰ. ਬਣਾਈ ਸੀ। ਜਿਸ 'ਚ ਇਤਿਹਾਸਕ ਸ਼ਹਿਰਾਂ ਨੂੰ ਸੁੰਦਰ ਬਣਾਉਣ ਦਾ ਕੰਮ ਹੋਣਾ ਸੀ। ਇਸ ਨਾਲ ਟੂਰਿਸਟਾਂ ਅਤੇ ਸ਼ਰਧਾਲੂਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਨ। ਸਿੱਧੂ ਨੇ ਫੁੱਲ ਪਰੂਫ ਮਾਈਨਿੰਗ ਪਾਲਿਸੀ ਬਣਾਉਣ ਲਈ ਦੇਸ਼ ਦੇ 13-14 ਸੂਬਿਆਂ ਦੀਆਂ ਰਿਪੋਰਟਾਂ ਨੂੰ ਸਟਡੀ ਕੀਤਾ ਸੀ। ਇਨ੍ਹਾਂ 'ਚੋਂ ਤੇਲੰਗਾਨਾ ਦੀ ਮਾਈਨਿੰਗ ਪਾਲਿਸੀ ਦਾ ਮਾਡਲ ਸਿੱਧੂ ਨੂੰ ਸਭ ਤੋਂ ਬਿਹਤਰ ਲੱਗਾ।

PunjabKesari

ਇਸ ਮਾਡਲ ਤਹਿਤ ਮਹਿੰਗੀਆਂ ਬੋਲੀਆਂ ਨਹੀਂ ਲਗਵਾਈਆਂ ਜਾਣੀਆਂ ਸਨ। ਇਸ 'ਚ ਰੇਤ ਖੋਦਾਈ 'ਚ ਲੱਗਣ ਵਾਲੇ ਵਾਹਨਾਂ ਦੀ ਟੈਗਿੰਗ ਹੋਣੀ ਸੀ ਅਤੇ ਰੇਤ ਸਟੋਰ ਕਰਨ ਲਈ ਯਾਰਡ ਬਣਾਏ ਜਾਣੇ ਸਨ। ਇਸ ਪਾਲਿਸੀ ਤਹਿਤ ਰੇਤ ਖੋਦਾਈ ਰਾਹੀਂ ਸਰਕਾਰ ਨੂੰ 1500 ਕਰੋੜ ਕਰੀਬ ਮਾਲੀਆ ਇਕੱਠਾ ਹੋਣ ਦੀ ਸੰਭਾਵਨਾ ਸੀ। ਜੇਕਰ ਸਿੱਧੂ ਦੀ ਬਣਾਈ ਪਾਲਿਸੀ ਲਾਗੂ ਹੋ ਜਾਂਦੀ ਤਾਂ ਪੰਜਾਬ 'ਚ ਨਾਜਾਇਜ਼ ਮਾਈਨਿੰਗ ਬੰਦ ਹੋ ਜਾਣੀ ਸੀ ਅਤੇ ਲੋਕਾਂ ਨੂੰ ਸਸਤੇ ਰੇਟਾਂ 'ਤੇ ਰੇਤ ਅਤੇ ਬੱਜਰੀ ਮੁਹੱਈਆ ਹੋਣੀ ਸੀ ਪਰ ਕਾਂਗਰਸ ਦੇ ਹੀ ਕੁਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਿੱਧੂ ਦਾ ਵਿਰੋਧ ਕਰਨਾ ਹੀ ਮਾਈਨਿੰਗ ਮਾਫੀਆ ਨਾਲ ਉਨ੍ਹਾਂ ਦੀ ਕਥਿਤ ਮਿਲੀਭਗਤ ਨੂੰ ਉਜਾਗਰ ਕਰਦਾ ਹੈ ਕਿਉਂਕਿ ਅਜਿਹੇ ਲੋਕ ਹੀ ਨਹੀਂ ਚਾਹੁੰਦੇ ਸਨ ਕਿ ਪੰਜਾਬ 'ਚ ਨਾਜਾਇਜ਼ ਖੋਦਾਈ ਵਰਗੇ ਕਾਰੋਬਾਰ ਬੰਦ ਹੋਣ। ਜੇਕਰ ਰੇਤ ਮੁਫਤ ਦੇਣ ਵਰਗਾ ਸਰਕਾਰ ਵੱਡਾ ਫੈਸਲਾ ਲੈਂਦੀ ਹੈ ਤਾਂ ਇਸ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਹੀ ਜਾਏਗਾ।


shivani attri

Content Editor

Related News