'ਸਿੱਧੂ' ਨੂੰ ਆਵਾਜ਼ਾਂ ਮਾਰ ਰਿਹੈ ਬਿਜਲੀ ਮਹਿਕਮਾ, ਵਿਰੋਧੀ ਲੈ ਰਹੇ ਮਜ਼ੇ

Wednesday, Jun 26, 2019 - 04:06 PM (IST)

'ਸਿੱਧੂ' ਨੂੰ ਆਵਾਜ਼ਾਂ ਮਾਰ ਰਿਹੈ ਬਿਜਲੀ ਮਹਿਕਮਾ, ਵਿਰੋਧੀ ਲੈ ਰਹੇ ਮਜ਼ੇ

ਚੰਡੀਗੜ੍ਹ : ਪੰਜਾਬ 'ਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਵਿਵਾਦ ਭਖਦਾ ਹੀ ਜਾ ਰਿਹਾ ਹੈ। ਇਸੇ ਤਲਖੀ ਦੇ ਚੱਲਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਬਿਜਲੀ ਵਿਭਾਗ ਨਹੀਂ ਸੰਭਾਲ ਰਹੇ ਹਨ। ਕੈਬਨਿਟ ਫੇਰਬਦਲ 'ਚ ਸਿੱਧੂ ਨੂੰ ਬਿਜਲੀ ਵਿਭਾਗ ਮਿਲਿਆਂ ਕਈ ਦਿਨ ਬੀਤ ਚੁੱਕੇ ਹਨ ਪਰ ਨਵੇਂ ਬਿਜਲੀ ਮੰਤਰੀ ਆਪਣਾ ਅਹੁਦਾ ਸੰਭਾਲਣ ਲਈ ਤਿਆਰ ਹੀ ਨਹੀਂ ਹਨ, ਜਦੋਂ ਕਿ ਬਿਜਲੀ ਮਹਿਕਮਾ ਸਿੱਧੂ ਨੂੰ ਆਵਾਜ਼ਾਂ ਮਾਰ ਰਿਹਾ ਹੈ।

ਇਸ ਦੇ ਲਈ ਪੰਜਾਬ ਬਿਜਲੀ ਬੋਰਡ ਦੇ ਚੰਡੀਗੜ੍ਹ ਦਫਤਰ 'ਚ ਨਵੇਂ ਬਿਜਲੀ ਮੰਤਰੀ ਵਜੋਂ ਸਿੱਧੂ ਦੇ ਨਾਂ ਦੀ ਪਲੇਟ ਵੀ ਲੱਗ ਚੁੱਕੀ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਪਰ ਮੰਤਰੀ ਜੀ ਦੀ ਹੀ ਕਮੀ ਹੈ। ਨਵਜੋਤ ਸਿੱਧੂ ਦਾ ਗੁੱਸਾ ਕੈਪਟਨ ਅਮਰਿੰਦਰ ਸਿੰਘ ਨਾਲ ਹੈ, ਜਿਸ ਦਾ ਖਾਮਿਆਜ਼ਾ ਬਿਜਲੀ ਮਹਿਕਮੇ ਨੂੰ ਭੁਗਤਣਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਦੇ ਅਹੁਦਾ ਨਾ ਸੰਭਾਲਣ ਦੇ ਵਿਰੋਧੀਆਂ ਦੇ ਮਜ਼ੇ ਲੱਗੇ ਹੋਏ ਹਨ ਅਤੇ ਸਿੱਧੂ ਦੀ ਗੈਰ ਮੋਜੂਦਗੀ 'ਚ ਵਿਰੋਧੀਆਂ ਵਲੋਂ ਖੂਬ ਤੰਜ ਕੱਸੇ ਜਾ ਰਹੇ ਹਨ। ਇਸ ਬਾਰੇ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿੱਧੂ 'ਤੇ ਵਿਅੰਗ ਕਰਦਿਆਂ ਕਿਹਾ ਹੈ ਕਿ ਗਰਮੀਆਂ 'ਚ ਬਿਨ੍ਹਾਂ ਡਰਾਈਵਰ ਦੇ ਬਿਜਲੀ ਵਿਭਾਗ ਚੱਲ ਰਿਹਾ ਹੈ। ਭਾਵੇਂ ਹੀ ਸਿੱਧੂ ਦੇ ਮਹਿਕਮਾ ਸੰਭਾਲਣ 'ਤੇ ਅਜੇ ਸਸ਼ੋਪੰਜ ਦੀ ਸਥਿਤੀ ਹੈ ਪਰ ਪੰਜਾਬ ਸਕੱਤਰੇਤ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ।


author

Babita

Content Editor

Related News