ਫਿਰ ਗਰਮਾਏਗੀ ਪੰਜਾਬ ਦੀ ਸਿਆਸਤ, ਅੱਜ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੱਧੂ
Saturday, Apr 01, 2023 - 03:10 PM (IST)
ਪਟਿਆਲਾ (ਬਲਜਿੰਦਰ) : ਪਿਛਲੇ 34 ਸਾਲ ਤੋਂ ਹਾਈਪ੍ਰੋਫਾਈਲ ਚੱਲੇ ਆ ਰਹੇ ਰੋਡਰੇਜ ਕੇਸ ’ਚ 10 ਮਹੀਨੇ 11 ਦਿਨ ਸਜ਼ਾ ਕੱਟਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟਰ ਤੋਂ ਰਾਜਸੀ ਆਗੂ ਬਣੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋ ਰਹੇ ਹਨ। ਜਿਊਂ ਹੀ ਸਰਕਾਰ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਤਾਂ ਸਿੱਧੂ ਪਰਿਵਾਰ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸਮੁੱਚੇ ਆਗੂਆਂ ਤੇ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਪੰਜਾਬ ਕਾਂਗਰਸ ਦਾ ਇਕ ਵੱਡਾ ਖੇਮਾ ਹੈ ਜਿਹੜਾ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਚੁੱਪ ਬੈਠਾ ਸੀ ਅਤੇ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਦੁਪਹਿਰ ਨੂੰ ਮੀਡੀਆ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਅੱਜ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ ਵੱਡਾ ਫ਼ੈਸਲਾ
ਹਾਲਾਂਕਿ ਪਹਿਲਾਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਉਨ੍ਹਾਂ ਦੀ ਰਿਹਾਈ ਦੀ ਖ਼ਬਰ ਦੇ ਨਾਲ ਸਮੁੱਚੇ ਪੰਜਾਬ ’ਚ ਵਿਸ਼ੇਸ਼ ਤੌਰ ’ਤੇ ਕਾਂਗਰਸੀ ਆਗੂਆਂ ’ਚ ਇਕ ਗਰਮਜੋਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਸੀ ਪਰ ਉਦੋਂ ਕੁਝ ਕਾਰਨਾਂ ਕਰ ਕੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ, ਜਿਸ ਕਾਰਨ ਕਾਂਗਰਸੀ ਆਗੂਆਂ ਨੂੰ ਉਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਵਿਸਾਖੀ ਵਾਲੇ ਦਿਨ ਰਿਹਾਅ ਕੀਤਾ ਜਾ ਸਕਦਾ ਹੈ ਪਰ ਅੱਜ ਅਚਾਨਕ ਬਾਅਦ ਦੁਪਹਿਰ ਜਦੋਂ ਇਹ ਤੈਅ ਹੋ ਗਿਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੇਂਦਰੀ ਜੇਲ੍ਹ ਪਟਿਆਲਾ ਤੋਂ ਭਲਕੇ ਸ਼ਨੀਵਾਰ ਨੂੰ ਰਿਹਾਅ ਹੋ ਰਹੇ ਹਨ ਤਾਂ ਪੰਜਾਬ ਦੀ ਸਿਆਸਤ ਇਕਦਮ ਗਰਮ ਹੋ ਗਈ। ਮੁੜ ਤੋਂ ਪੰਜਾਬ ਕਾਂਗਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿਉਂਕਿ ਪਿਛਲੇ 2 ਸਾਲ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ’ਚ ਹਮੇਸ਼ਾ ਮੋਹਰਲੀ ਕਤਾਰ ’ਚ ਰਹੇ ਹਨ। ਜਦੋਂ ਵੀ ਕਾਂਗਰਸ ਵੱਲੋਂ ਭਾਵੇਂ ਪ੍ਰਧਾਨਗੀ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਭੂਮਿਕਾ ਦੀ ਗੱਲ ਆਉਂਦੀ ਹੋਵੇ, ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਕਾਂਗਰਸ ਦੀ ਅਜਿਹੀ ਕੜੀ ਹਨ, ਜਿਸ ਨੂੰ ਅਣਗੌਲਿਆਂ ਕਾਰਨ ਕਾਂਗਰਸ ਲਈ ਮੁਸ਼ਕਿਲ ਹੈ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ 'ਤੇ ਮੁੜ ਚੁੱਕੇ ਸਵਾਲ
ਪਟਿਆਲਾ ਸ਼ਹਿਰ ਦੇ ਚੱਪੇ-ਚੱਪੇ ’ਤੇ ਹੋਵੇਗਾ ਨਵਜੋਤ ਸਿੰਘ ਸਿੱਧੂ ਦਾ ਸਵਾਗਤ
ਨਵਜੋਤ ਸਿੰਘ ਸਿੱਧੂ ਦੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਸ਼ਨੀਵਾਰ ਨੂੰ ਰਿਹਾਅ ਹੋਣ ਦੀ ਖ਼ਬਰ ਦੇ ਨਾਲ ਹੀ ਜਿਥੇ ਸੂਬੇ ਦੀ ਸਿਆਸਤ ਗਰਮਾ ਗਈ, ਉਥੇ ਕਾਂਗਰਸੀ ਆਗੂਆਂ ਤੇ ਵਰਕਰਾਂ ’ਚ ਵੀ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸੂਚਨਾ ਮਿਲਦਿਆਂ ਹੀ ਸਿੱਧੂ ਸਮਰਥਕ ਆਗੂਆਂ ਨੇ ਥਾਂ-ਥਾਂ ’ਤੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਦੀਆਂ ਤਿਆਰੀਆਂ ਘੰਟਿਆਂ ’ਚ ਹੀ ਕਾਂਗਰਸੀ ਆਗੂਆਂ ਨੇ ਕਰ ਦਿੱਤੀਆਂ, ਉਸ ਤੋਂ ਸਪੱਸ਼ਟ ਹੋ ਗਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਰ ਦੇ ਚੱਪੇ-ਚੱਪੇ ’ਤੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਹੋਵੇਗਾ। ਸਿੱਧੂ ਸਮਰਥਕਾਂ ਨੇ ਆਪਸ ’ਚ ਮੀਟਿੰਗ ਕਰ ਕੇ ਪੁਆਇੰਟ ਵੀ ਵੰਡ ਲਏ, ਜਿੱਥੇ ਇਨ੍ਹਾਂ ਆਗੂਆਂ ਵੱਲੋਂ ਸਿੱਧੂ ਦਾ ਸਵਾਗਤ ਕੀਤਾ ਜਾਵੇਗਾ ਤਾਂ ਪਟਿਆਲਾ ਵਿਚ ਵੀ ਨਵਜੋਤ ਸਿੰਘ ਸਿੱਧੂ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਹਨ। ਇਨ੍ਹਾਂ ’ਚ ਜ਼ਿਲ੍ਹਾ ਪੱਧਰ ’ਤੇ ਨਹੀਂ, ਸਗੋਂ ਕਈ ਧਾਕੜ ਆਗੂ ਵੀ ਸਿੱਧੇ ਤੇ ਅਸਿੱਧੇ ਤੌਰ ’ਤੇ ਸਿੱਧੂ ਦੇ ਹੱਕ ਵਿਚ ਬੋਲਦੇ ਰਹੇ ਹਨ। ਦੂਜਾ ਭਲਕੇ ਹੀ ਪੰਜਾਬ ਕਾਂਗਰਸ ਵੱਲੋਂ ਇਕ ਵੱਡਾ ਮਾਰਚ ਪਟਿਆਲਾ ’ਚ ਕੱਢਿਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਪ੍ਰਧਾਨ ਸਮੇਤ ਸਮੁੱਚੇ ਵੱਡੇ ਆਗੂ ਪਹੁੰਚ ਰਹੇ ਹਨ। ਲਿਹਾਜ਼ਾ ਸ਼ਨੀਵਾਰ ਦਾ ਦਿਨ ਪਟਿਆਲਾ ’ਚ ਕਾਂਗਰਸ ਸਿਆਸਤ ਦਾ ਵੱਡਾ ਦਿਨ ਸਾਬਤ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਜ਼ਾਰਾਂ ਕਰੋੜ ਦਾ ਡਰੱਗਜ਼ ਰੈਕਟ ਮਾਮਲਾ : ਹਾਈਕੋਰਟ 'ਚ ਖੁੱਲ੍ਹ ਗਈਆਂ ਸੀਲਬੰਦ ਰਿਪੋਰਟਾਂ
ਗੁਰਦੁਆਰਾ ਦੂਖ ਨਿਵਾਰਣ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
ਕੇਂਦਰੀ ਜੇਲ੍ਹ ਪਟਿਆਲਾ ’ਚੋਂ ਰਿਹਾਅ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨਗੇ। ਜਾਣਕਾਰੀ ਮੁਤਾਬਕ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਸ਼੍ਰੀ ਕਾਲੀ ਮਾਤਾ ਮੰਦਰ ਸਮੇਤ ਬਾਕੀ ਕਈ ਧਾਰਮਿਕ ਅਸਥਾਨਾਂ ’ਤੇ ਜਾਣਗੇ ਅਤੇ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋ ਕੇ ਸ਼ੁਕਰੀਆ ਅਦਾ ਕਰਨਗੇ। ਨਵਜੋਤ ਸਿੰਘ ਸਿੱਧੂ ਜਦੋਂ ਵੀ ਕਿਸੇ ਮੁਕਾਮ ’ਤੇ ਗਏ ਅਤੇ ਉਨ੍ਹਾਂ ਕਿਸੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਂ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਅਹਿਮ ਦਿਨ ਹੋਇਆ ਤਾਂ ਉਨ੍ਹਾਂ ਧਾਰਮਿਕ ਅਸਥਾਨਾਂ ਦਾ ਓਟ ਆਸਰਾ ਲਿਆ।
ਇਹ ਵੀ ਪੜ੍ਹੋ : ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਦਾ ਸਖ਼ਤ ਐਕਸ਼ਨ
ਕਿਹੜੇ ਕੇਸ ’ਚ ਜੇਲ੍ਹ ਗਏ ਸਨ ਨਵਜੋਤ ਸਿੰਘ ਸਿੱਧੂ
ਲਗਭਗ 34 ਸਾਲ ਪਹਿਲਾਂ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਵਾਪਰੇ ਇਕ ਹਾਦਸੇ ’ਚ ਵੱਖ-ਵੱਖ ਅਦਾਲਤਾਂ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਸਾਲ ਮਈ ਮਹੀਨੇ ’ਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਉਹ ਅੰਤਰਰਾਸ਼ਟਰੀ ਕ੍ਰਿਕਟਰ ਸਨ ਜਾਂ ਉਸ ਤੋਂ ਬਾਅਦ ਰਾਜਨੇਤਾ ਹਮੇਸ਼ਾ ਇਹ ਕੇਸ ਉਨ੍ਹਾਂ ਦੇ ਨਾਲ ਜੁੜਿਆ ਰਿਹਾ ਹੈ। ਜਦੋਂ ਵੀ ਉਹ ਕਿਸੇ ਬੁਲੰਦੀ ਵੱਲ ਜਾਂਦੇ, ਇਹ ਕੇਸ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ। ਹੁਣ ਜਾ ਕੇ ਪਿਛਲੇ ਸਾਲ ਜਦੋਂ ਕੋਈ ਚਾਰਾ ਨਾ ਰਿਹਾ ਤਾਂ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ’ਚ ਜੇਲ ਨੂੰ ਸਵੀਕਾਰਦਿਆਂ ਆਪਣੀ ਉਸ ਸਜ਼ਾ ਨੂੰ ਕੱਟਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।