ਨਵਜੋਤ ਸਿੱਧੂ ਦੇ ਬਿਆਨ ਨੇ ਕਾਂਗਰਸੀ ਵਿਧਾਇਕਾਂ ''ਚ ਮਚਾਈ ਤੜਥੱਲੀ, ਨਹੀਂ ਸੁੱਝ ਰਿਹਾ ਕੋਈ ਰਾਹ
Wednesday, Nov 17, 2021 - 09:40 AM (IST)
ਜਲੰਧਰ (ਧਵਨ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਸਮੇਂ ਮੌਜੂਦਾ ਵਿਧਾਇਕਾਂ ’ਚੋਂ ਕਈਆਂ ਦੀਆਂ ਟਿਕਟਾਂ ਕੱਟੇ ਜਾਣ ਦੇ ਆਸਾਰ ਪੈਦਾ ਹੋ ਗਏ ਹਨ, ਜਿਸ ਨਾਲ ਵਿਧਾਇਕਾਂ ’ਚ ਭਾਰੀ ਹਲਚਲ ਵੇਖੀ ਜਾ ਰਹੀ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ’ਚ ਬੇਚੈਨੀ ਵੇਖੀ ਜਾ ਰਹੀ ਹੈ। ਸਿੱਧੂ ਨੇ ਸੰਕੇਤ ਦਿੱਤੇ ਸਨ ਕਿ ਵਿਧਾਨ ਸਭਾ ਚੋਣਾਂ ’ਚ ਮੈਰਿਟ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਲਗਭਗ 2 ਦਰਜਨ ਤੋਂ ਜ਼ਿਆਦਾ ਵਿਧਾਇਕ ਕਾਫ਼ੀ ਬੇਚੈਨ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ
ਉਨ੍ਹਾਂ ਨੂੰ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਉਨ੍ਹਾਂ ਦੀ ਗਰਦਨ ’ਤੇ ਟਿਕਟ ਕੱਟੇ ਜਾਣ ਦੀ ਤਲਵਾਰ ਲਟਕ ਗਈ ਹੈ। ਕਾਂਗਰਸ ਹਮੇਸ਼ਾ ਤੋਂ ਸਰਵੇ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕਰਦੀ ਰਹੀ ਹੈ। ਇਸ ਵਾਰ ਲਗਭਗ 2 ਦਰਜਨ ਵਿਧਾਇਕਾਂ ਦੀ ਕਾਰਗੁਜ਼ਾਰੀ ਹੁਣ ਤੱਕ ਹੋਏ ਵੱਖ-ਵੱਖ ਸਰਵੇਖਣਾਂ ਦੇ ਅਨੁਸਾਰ ਅਨੁਕੂਲ ਨਹੀਂ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਹੁਣ ਇਹ ਵਿਧਾਇਕ ਆਉਣ ਵਾਲੇ ਦਿਨਾਂ ’ਚ ਕਾਫ਼ੀ ਬੇਚੈਨ ਵਿਖਾਈ ਦੇਣਗੇ ਅਤੇ ਉਨ੍ਹਾਂ ਨੂੰ ਅਜੇ ਇਹ ਨਹੀਂ ਸੁੱਝ ਰਿਹਾ ਹੈ ਕਿ ਉਹ ਆਪਣੀਆਂ ਟਿਕਟਾਂ ਨੂੰ ਕਿਸ ਤਰ੍ਹਾਂ ਬਚਾਉਣਗੇ। ਸੂਬੇ ’ਚ ਲਗਭਗ 15 ਤੋਂ ਜ਼ਿਆਦਾ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਕਾਰਗੁਜ਼ਾਰੀ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ’ਚ ਚੰਗੀ ਨਹੀਂ ਹੈ।
ਇਸੇ ਤਰ੍ਹਾਂ 5 ਤੋਂ 7 ਦਲਿਤ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਉਨ੍ਹਾਂ ਦੇ ਹਲਕਿਆਂ ਦੇ ਲੋਕ ਖੁਸ਼ ਨਹੀਂ ਹਨ। ਟਿਕਟਾਂ ਨੂੰ ਲੈ ਕੇ ਹਲਚਲ ਸ਼ੁਰੂ ਹੋਣ ਤੋਂ ਬਾਅਦ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਖ-ਵੱਖ ਧੜੇ ਆਪਣੇ ਨਾਲ ਸਬੰਧਿਤ ਵਿਧਾਇਕਾਂ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਨ। ਜਿਨ੍ਹਾਂ ਵਿਧਾਇਕਾਂ ਨੂੰ ਟਿਕਟ ਕੱਟੇ ਜਾਣ ਦਾ ਸ਼ੱਕ ਹੈ, ਉਨ੍ਹਾਂ ਦੇ ਲਈ ਕਿਸੇ ਇਕ ਵਿਸ਼ੇਸ਼ ਧੜੇ ਦੇ ਨਾਲ ਰਹਿਣਾ ਸੰਭਵ ਨਹੀਂ ਹੋ ਸਕੇਗਾ। ਇਹ ਵਿਧਾਇਕ ਸਾਰੇ ਕਾਂਗਰਸੀ ਆਗੂਆਂ ਦੇ ਆਲੇ-ਦੁਆਲੇ ਮੰਡਰਾਉਂਦੇ ਹੋਏ ਵਿਖਾਈ ਦੇਣਗੇ।
ਕਾਂਗਰਸੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਵੇਖਣਾ ਇਹ ਹੈ ਕਿ ਪੰਜਾਬ ਨੂੰ ਲੈ ਕੇ ਸਰਵੇ ਕੌਣ ਕਰਵਾਉਂਦਾ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸਰਵੇ ਕਰਵਾਉਣਗੇ ਜਾਂ ਫਿਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ। ਜੋ ਵੀ ਹੋਵੇ, ਸਰਵੇ ਦੀਆਂ ਰਿਪੋਰਟਾਂ ਹੁਣ ਆਉਣ ਵਾਲੇ ਦਿਨਾਂ ’ਚ ਕਾਂਗਰਸੀ ਵਿਧਾਇਕਾਂ ਦੇ ਮਨਾਂ ’ਚ ਭਾਰੀ ਬੇਚੈਨੀ ਪੈਦਾ ਕਰਨਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ