ਨਵਜੋਤ ਸਿੱਧੂ ਦੱਸਣ ਕਿ ਪੰਜਾਬ ਕਾਂਗਰਸ ਚੋਣ ਕਮੇਟੀ ’ਚ ਮਾਫ਼ੀਆ ਨਾਲ ਬੈਠਣਗੇ ਜਾਂ ਨਹੀਂ : ਹਰਪਾਲ ਚੀਮਾ

Tuesday, Dec 14, 2021 - 05:08 PM (IST)

ਨਵਜੋਤ ਸਿੱਧੂ ਦੱਸਣ ਕਿ ਪੰਜਾਬ ਕਾਂਗਰਸ ਚੋਣ ਕਮੇਟੀ ’ਚ ਮਾਫ਼ੀਆ ਨਾਲ ਬੈਠਣਗੇ ਜਾਂ ਨਹੀਂ : ਹਰਪਾਲ ਚੀਮਾ

ਚੰਡੀਗੜ੍ਹ – ਆਮ ਆਦਮੀ ਪਾਰਟੀ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ‘ਪੰਜਾਬ ਕਾਂਗਰਸ ਚੋਣ ਕਮੇਟੀ’ ਦਾ ਚੇਅਰਮੈਨ ਬਣਨ ’ਤੇ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਹੁਣ ਮਾਫ਼ੀਆ ਜਾਂ ਦਾਗ਼ੀ ਮੰਤਰੀਆਂ ਦੇ ਮੁੱਦੇ ’ਤੇ ਉਹ (ਸਿੱਧੂ) ਕਿਸੇ ਨੂੰ ਕੁੱਝ ਵੀ ਨਾ ਬੋਲਣ ਤਾਂ ਬਿਹਤਰ ਹੋਵੇਗਾ, ਕਿਉਂਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਉਨ੍ਹਾਂ ਦੇ ਵੀ ਸੱਜੇ- ਖੱਬੇ ਉਹੋ ਦਾਗ਼ੀ ਅਤੇ ਭ੍ਰਿਸ਼ਟਾਚਾਰੀ ਸਾਬਕਾ ਮੰਤਰੀ ਨਜ਼ਰ ਆਉਣਗੇ, ਜਿਨ੍ਹਾਂ ਨੂੰ ਚੰਨੀ ਮੰਤਰੀ ਮੰਡਲ ’ਚੋਂ ਛੇਕ ਕੇ ਕਾਂਗਰਸ ਸਰਕਾਰ ਪਾਕ-ਪਵਿੱਤਰ ਹੋਣ ਦਾ ਦਾਅਵਾ ਅਤੇ ਦਿਖਾਵਾ ਕਰਦੀ ਸੀ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗਾਂਧੀ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਹੋਵੇਗਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਮੰਡਲ ’ਚੋਂ ਕਿਉਂ ਛੇਕਿਆ ਗਿਆ ਸੀ? ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਹੁਣ ਇਹ ਕੱਢੇ ਗਏ ਸਾਬਕਾ ਕਾਂਗਰਸੀ ਮੰਤਰੀ ਅਜਿਹੀ ਕਿਹੜੀ ਗੰਗਾ ਨਹਾ ਆਏ ਹਨ, ਜਿਸ ਕਰਕੇ ਇਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਪ੍ਰਦੇਸ਼ ਚੋਣ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਨੌਜਵਾਨ ਦੀ ਮੌਤ, ਲੱਤ ਦੇ ਹੋਏ ਦੋ ਟੋਟੇ

ਹਰਪਾਲ ਸਿੰਘ ਚੀਮਾ ਨੇ ਸਿੱਧੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਮੁਹਾਲੀ ਦੇ ਬਹੁ -ਚਰਚਿਤ ਅਤੇ ਬਹੁ- ਕਰੋੜੀ ਗਊਸ਼ਾਲਾ ਜ਼ਮੀਨ ਘੋਟਾਲੇ ’ਚੋਂ ਬਲਬੀਰ ਸਿੰਘ ਸਿੱਧੂ ਨੂੰ ਕਲੀਨ ਚਿੱਟ ਮਿਲ ਗਈ ਹੈ? ਕੀ ਨਵਜੋਤ ਸਿੰਘ ਸਿੱਧੂ ਦੱਸਣਗੇ ਕਿ ਐੱਸ.ਸੀ. ਵਰਗ ਦੇ ਲੱਖਾਂ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਵਾਲੇ ਤੱਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਬਹੁ- ਕਰੋੜੀ ਵਜ਼ੀਫ਼ਾ ਘੋਟਾਲੇ ’ਚੋਂ ਕਿਵੇਂ ਦੁੱਧ ਧੋਤੇ ਹੋ ਗਏ ? ਕੀ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਥਾਂ ਨਵਜੋਤ ਸਿੰਘ ਸਿੱਧੂ ਆਪਣੇ ਸੱਜੇ ਜਾਂ ਖੱਬੇ ਉਵੇਂ ਹੀ ਬਠਾਉਣਗੇ, ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਮੰਡੀ ਮਾਫ਼ੀਆ ਅਤੇ ਲੈਂਡ ਮਾਫ਼ੀਆ ਦੇ ਪ੍ਰਤੀਕ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ, ਸੁੱਖ ਸਰਕਾਰੀਆ ਆਦਿ ਨੂੰ ਬਿਠਾਉਂਦੇ ਹਨ। 

ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਤਿੰਨ ਮਹੀਨੇ ਪਹਿਲਾ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਤੱਤਕਾਲੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ‘ਭ੍ਰਿਸ਼ਟਾਚਾਰ ਮੁਕਤ ਸਰਟੀਫਿਕੇਟ’  ਕਿਸ ਨੇ ਜਾਰੀ ਕੀਤਾ ਹੈ? ਚੀਮਾ ਨੇ ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ’ਚ ਮਾਫ਼ੀਆ ਰਹੇਗਾ, ਜਾਂ ਨਵਜੋਤ ਸਿੰਘ ਸਿੱਧੂ ਰਹੇਗਾ’ ਐਲਾਨ ’ਤੇ ਵਿਅੰਗ ਕਰਦਿਆਂ ਕਿਹਾ, ‘‘ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਚੋਣ ਕਮੇਟੀ ਬਾਰੇ ਹੀ ਫ਼ੈਸਲਾ ਕਰ ਲੈਣ ਕਿ ਕਮੇਟੀ ’ਚ ਸ਼ਾਮਲ ਦਾਗ਼ੀ ਅਤੇ ਮਾਫ਼ੀਆ ਸਰਪ੍ਰਸਤ ਰਹੇ ਕਾਂਗਰਸੀਆਂ ਨਾਲ ਬੈਠਣਗੇ ਜਾਂ ਨਹੀਂ?’’

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੋਖਲੇ ਐਲਾਨਾਂ ਕਾਰਨ ਪੰਜਾਬ ’ਚ ਮਜ਼ਾਕ ਦੇ ਪਾਤਰ ਬਣ ਚੁੱਕੇ ਹਨ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਨੂੰ ‘ਗਿੱਦੜ ਧਮਕੀਆਂ’ ਦੇ - ਦੇ ਕੇ ਆਪਣਾ ਅਕਸ ਗੁਆ ਚੁੱਕੇ ਹਨ। ਚੀਮਾ ਨੇ ਕਿਹਾ ਕਿ ਬਾਕੀ ਕਾਂਗਰਸੀਆਂ ਵਾਂਗ ਨਵਜੋਤ ਸਿੰਘ ਸਿੱਧੂ ਵੀ ਕੁਰਸੀ ਦੇ ਪੁਜਾਰੀ ਹਨ, ਪਰ ਕਥਨੀ - ਕਰਨੀ ਦੇ ਪੱਕੇ ਨਹੀਂ ਹਨ।


author

Anuradha

Content Editor

Related News