ਨਵਜੋਤ ਸਿੱਧੂ ਦੇ ਨਿਸ਼ਾਨੇ ’ਤੇ ਸੁਖਬੀਰ ਬਾਦਲ, ਕਿਹਾ ਕਈ ਸਾਲ ਹੋ ਗਏ ਕੋਈ ਜੁਆਬ ਨਹੀਂ ਆਇਆ
Monday, May 17, 2021 - 06:46 PM (IST)
ਚੰਡੀਗੜ੍ਹ : ਬਹਿਬਲ ਕਲਾਂ ਅਤੇ ਬਰਗਾੜੀ ਮਾਮਲੇ ਵਿਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਹੈ। ਸਿੱਧੂ ਨੇ ਟਵਿੱਟਰ ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਜਿੱਥੇ ਬਾਦਲਾਂ ਨੂੰ ਲਲਕਾਰਿਆ ਹੈ, ਉਥੇ ਹੀ ਉਨ੍ਹਾਂ ਲਿਖਿਆ ਹੈ ਕਿ "ਮੈਂ 6 ਨਵੰਬਰ, 2018 ਤੋਂ ਬਾਦਲਾਂ ਨੂੰ ਚੁਣੌਤੀ ਦੇ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਸਪੱਸ਼ਟ ਰੂਪ ਵਿਚ ਦੱਸਣ। ਉਨ੍ਹਾਂ ’ਤੇ (ਬਾਦਲਾਂ) ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦੇਣ। ਉਹ ਡੇਰਾ ਸਾਧ ਨੂੰ ਵੋਟ ਬੈਂਕ ਦੀ ਰਾਜਨੀਤੀ ਲਈ ਇਸਤੇਮਾਲ ਕਰਦੇ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਵੱਡਾ ਬਿਆਨ
ਸਿੱਧੂ ਜਾਰੀ ਕੀਤੀ ਗਈ ਇਕ ਪੁਰਾਣੀ ਵੀਡੀਓ ਵਿਚ ਸੁਖਬੀਰ ਬਾਦਲ ਨੂੰ ਬਰਗਾੜੀ ਵਿਖੇ ਸਾਂਝਾ ਧਰਨਾ ਦੇਣ ਲਈ ਵੀ ਆਖਿਆ ਹੈ। ਸਿੱਧੂ ਨੇ ਕਿਹਾ ਕਿ ਪੰਥ ਲਈ ਬੇਅਦਬੀ ਮਾਮਲਾ ਬਹੁਤ ਵੱਡਾ ਹੈ। ਸੁਖਬੀਰ ਬਰਗਾੜੀ ਵਿਖੇ ਧਰਨਾ ਦੇਣ ਅਤੇ ਦੱਸਣ ਕਿ ਡੇਰਾ ਸੱਚਾ ਸੌਦਾ ਮੁੱਖੀ ਦੀ ਐੱਮ. ਐੱਸ. ਜੀ. ਫ਼ਿਲਮ ਪੰਜਾਬ ਵਿਚ ਕਿਵੇਂ ਰਿਲੀਜ਼ ਹੋ ਗਈ ਅਤੇ ਕਿਸ ਤਰ੍ਹਾਂ ਡੇਰਾ ਸਾਧ ਨੂੰ ਮੁਆਫ਼ੀ ਮਿਲ ਗਈ। ਸਿੱਧੂ ਨੇ ਕਿਹਾ ਕਿ ਇਨ੍ਹਾਂ ਤੱਥਾਂ ਬਾਰੇ ਬਾਦਲਾਂ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ? ਕਈ ਸਾਲ ਹੋ ਗਏ ਉਨ੍ਹਾਂ ਵੱਲੋਂ ਕੋਈ ਜੁਆਬ ਨਹੀਂ ਆਇਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਾਂਗਰਸ ’ਚ ਖਲਬਲੀ, ਬਾਜਵਾ ਨੇ ਆਖੀ ਵੱਡੀ ਗੱਲ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਨਵਜੋਤ ਸਿੱਧੂ ਨੇ ਟਵੀਟ ਕਰੇ ਕਿਹਾ ਸੀ ਕਿ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲਾਂ ਖ਼ਿਲਾਫ਼ ਬਹੁਤ ਸਾਰੇ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ। ਸਤੰਬਰ 2018 ਵਿਚ ਮੈਂ ਡਾਕਟਰਾਂ, ਸਾਬਕਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਜਨਤਕ ਕੀਤੇ ਸਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ਚੌਂਕ ’ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ। ਸਿੱਧੂ ਨੇ ਆਖਿਆ ਕਿ ਇਹ ਸੀ.ਸੀ.ਟੀ.ਵੀ ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ ਤੋਂ ਛੁਪਾਏ ਗਏ ਸਨ। ਬਾਅਦ ’ਚ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਇਹ ਲੱਭ ਕੇ ਲਿਆਂਦੇ ਸਨ। ਮੇਰੇ ਵੱਲੋਂ ਜਨਤਕ ਕੀਤੇ ਗਏ ਇਹ ਫੁਟੇਜ ਸਾਫ਼ ਦਿਖਾਉਂਦੇ ਹਨ ਕਿ ਪੁਲਸ ਬਾਦਲਾਂ ਦੇ ਹੁਕਮਾਂ ’ਤੇ ਅਮਲ ਕਰ ਰਹੀ ਸੀ। ਅੰਤ ਵਿਚ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ ਪਰ ਬਚਾਏ ਜਾ ਰਹੇ ਹੋ।
ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?