ਨਵਜੋਤ ਸਿੱਧੂ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਤੋਂ ਬਾਅਦ ਛਿੜੀ ਨਵੀਂ ਚਰਚਾ
Wednesday, Apr 27, 2022 - 10:09 PM (IST)
 
            
            ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੰਗਲਵਾਰ ਨੂੰ ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਮਿਲਣੀ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਨਵਜੋਤ ਸਿੱਧੂ ਨੇ ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ ਹੈ। ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਮਗਰੋਂ ਨਵਜੋਤ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਇਕ ਸੈਲਫੀ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ‘ਪੁਰਾਣੇ ਦੋਸਤ ਪੀ. ਕੇ. ਨਾਲ ਮੁਲਾਕਾਤ ਹੋਈ... ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਸਭ ਤੋਂ ਅੱਛੇ ਹੁੰਦੇ ਹਨ।’ ਸਿਆਸੀ ਹਲਕੇ ਪ੍ਰਸ਼ਾਂਤ ਕਿਸ਼ੋਰ ਅਤੇ ਨਵਜੋਤ ਸਿੱਧੂ ਦੀ ਮਿਲਣੀ ਨੂੰ ਰਾਜਸੀ ਨਜ਼ਰੀਏ ਤੋਂ ਦੇਖ ਰਹੇ ਹਨ।
ਇਹ ਵੀ ਪੜ੍ਹੋ : ਪਾਰਟੀ ’ਚੋਂ ਦੋ ਸਾਲ ਲਈ ਮੁਅੱਤਲ ਹੋਣ ਦੀ ਸਿਫਾਰਿਸ਼ ਤੋਂ ਬਾਅਦ ਜਾਖੜ ਨੇ ਕਾਂਗਰਸ ਨੂੰ ਕਿਹਾ ‘ਗੁੱਡ ਲੱਕ’
ਨਵਜੋਤ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਬੀਤੇ ਦੋ ਹਫਤੇ ਤੋਂ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਜੁਆਇਨ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਸੀ ਪਰ ਪੀ. ਕੇ. ਨੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਨਜਵੋਤ ਸਿੱਧੂ ਦੇ ਸੁਰ ਅਜੇ ਤੱਕ ਪੂਰੀ ਤਰ੍ਹਾਂ ਮਿਲ ਨਹੀਂ ਸਕੇ ਹਨ। ਹਾਈਕਮਾਨ ਵੱਲੋਂ ਪ੍ਰਧਾਨ ਬਦਲਣ ਦੇ ਬਾਵਜੂਦ ਅਜੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਪੂਰੀ ਤਰ੍ਹਾਂ ਮੁੱਕੀ ਨਹੀਂ ਜਾਪਦੀ ਜਦੋਂ ਤੋਂ ਰਾਜਾ ਵੜਿੰਗ ਪ੍ਰਧਾਨ ਬਣੇ ਹਨ, ਨਵਜੋਤ ਸਿੱਧੂ ਨੇ ਆਪਣੇ ਪੱਧਰ ’ਤੇ ਵੱਖਰੀ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨਾਲ ਆਮ ਤੌਰ ’ਤੇ ਅਸ਼ਵਨੀ ਸੇਖੜੀ, ਸੁਰਜੀਤ ਧੀਮਾਨ ਅਤੇ ਨਵਤੇਜ ਚੀਮਾ ਹੀ ਦੇਖੇ ਜਾਂਦੇ ਹਨ। ਨਵਜੋਤ ਸਿੱਧੂ ਨੇ ਰਾਜਾ ਵੜਿੰਗ ਦੇ ਅਹੁਦਾ ਸੰਭਾਲ ਸਮਾਗਮ ਦੀ ਸਟੇਜ ਤੋਂ ਵੀ ਦੂਰੀ ਬਣਾਈ ਰੱਖੀ ਅਤੇ ਕਿਸੇ ਜਨਤਕ ਸਮਾਗਮ ਵਿਚ ਵੀ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਹਾਲੇ ਤੱਕ ਇਕੱਠੇ ਨਜ਼ਰ ਨਹੀਂ ਆਏ ਹਨ।
ਇਹ ਵੀ ਪੜ੍ਹੋ : ਸੁਨੀਲ ਜਾਖੜ ’ਤੇ ਵੱਡੀ ਕਾਰਵਾਈ, ਦੋ ਸਾਲ ਲਈ ਪਾਰਟੀ ’ਚੋਂ ਸਸਪੈਂਡ ਕਰਨ ਦੀ ਸਿਫਾਰਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            