ਸੁਲਤਾਨਪੁਰ ਲੋਧੀ ਤੋਂ ਭਖੇਗਾ ਸਿਆਸੀ ਮੈਦਾਨ, ਨਵਜੋਤ ਸਿੱਧੂ ਨੇ ਨਵਤੇਜ ਚੀਮਾ ਨੂੰ ਦਿੱਤਾ ਥਾਪੜਾ
Saturday, Dec 18, 2021 - 06:18 PM (IST)
ਸੁਲਤਾਨਪੁਰ ਲੋਧੀ : ਨਵਤੇਜ ਚੀਮਾ ਦੇ ਹੱਕ 'ਚ ਰੈਲੀ ਕਰਨ ਸੁਲਤਾਨਪੁਰ ਲੋਧੀ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇਸ ਹਲਕੇ ਤੋਂ ਚੋਣ ਲੜਨ ਲਈ ਵਿਧਾਇਕ ਚੀਮਾ ਨੂੰ ਥਾਪੜਾ ਦੇ ਦਿੱਤਾ ਹੈ। ਇਸ ਹਲਕੇ ਤੋਂ ਰਾਣਾ ਗੁਰਜੀਤ ਤੇ ਨਵਤੇਜ ਚੀਮਾ ਦੋਵਾਂ ਦੇ ਆਹਮੋ-ਸਾਹਮਣੇ ਹੋਣ ਤੇ ਆਸਾਰ ਹਨ ਕਿਉਂਕਿ ਰਾਣਾ ਗੁਰਜੀਤ ਦੇ ਮੁੰਡੇ ਰਾਣਾ ਇੰਦਰ ਪ੍ਰਤਾਪ ਨੇ ਵੀ ਇਸ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਕੀਤੀ ਹੈ ਅਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।ਫ਼ਿਲਹਾਲ ਸਿਆਸੀ ਹਵਾ ਨਵਤੇਜ ਚੀਮਾ ਦੇ ਹੱਕ ਵਿੱਚ ਭੁਗਤ ਰਹੀ ਜਾਪਦੀ ਹੈ ਕਿਉਂਕਿ ਨਵਜੋਤ ਸਿੱਧੂ ਨੇ ਅਸਿੱਧੇ ਤੌਰ 'ਤੇ ਵਿਧਾਇਕ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ।ਸਟੇਜ ਤੋਂ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੈਂ ਅੱਜ ਐਲਾਨ ਕਰਦਾ ਹਾਂ ਕਿ ਮਰਨੀ ਮਰ ਜਾਵਾਂਗਾ ਪਰ ਅਗਲੇ 5-10 ਸਾਲ ਨਵਤੇਜ ਦੀ ਸਰਦਾਰੀ ਕਾਇਮ ਰੱਖਾਂਗਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ, ਕਿਹਾ ਜੇ ਹਾਰ ਗਿਆ ਤਾਂ ਛੱਡ ਦੇਵਾਂਗਾ ਸਿਆਸਤ
ਨਵਜੋਤ ਸਿੱਧੂ ਨੇ ਅਸਿੱਧੇ ਰੂਪ ਵਿੱਚ ਨਵਤੇਜ ਚੀਮੇ ਦੇ ਵਿਰੋਧੀਆਂ 'ਤੇ ਤੰਜ ਕਰਦਿਆਂ ਕਿਹਾ ਕਿ ਗਿੱਦੜਾਂ ਦੇ ਝੁੰਡ ਤੋਂ ਕਦੇ ਵੀ ਸ਼ੇਰ ਨਹੀਂ ਮਰਦੇ।ਲੋਕਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਚੀਮੇ ਦੀਆਂ ਤਾਰੀਫ਼ਾ ਦੇ ਪੁਲ਼ ਬੰਨੇ ਅਤੇ ਕਿਹਾ ਕਿ ਇਹ ਮੇਰੀ ਅਮਾਨਤ ਹੈ ਜੋ ਮੈਂ ਤੁਹਾਡੇ ਸੁਪਰਦ ਕਰਕੇ ਚੱਲਿਆਂ ਹਾਂ। ਨਵਜੋਤ ਸਿੱਧੂ ਵੱਲੋਂ ਚੀਮੇ ਦੇ ਹੱਕ ਵਿੱਚ ਇਸ ਐਲਾਨ ਨਾਲ ਸੁਲਤਾਨਪੁਰ ਲੋਧੀ ਦਾ ਸਿਆਸੀ ਮੈਦਾਨ ਜਿੱਥੇ ਕਾਂਗਰਸ ਵਿਰੋਧੀ ਪਾਰਟੀਆਂ ਦੇ ਐਲਾਨਾਂ ਨਾਲ ਤਾਂ ਭਖੇਗਾ ਹੀ ਸਗੋਂ ਇਸ ਨਾਲ ਕਾਂਗਰਸ ਦੇ ਦੋ ਵਿਧਾਇਕਾਂ ਵਿਚਕਾਰ ਵੀ ਮਾਹੌਲ ਗਰਮਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ
ਜ਼ਿਕਰਯੋਗ ਹੈ ਕਿ ਨਵਤੇਜ ਚੀਮਾ ਤੇ ਰਾਣਾ ਗੁਰਜੀਤ ਦੀ ਪਹਿਲਾਂ ਤੋਂ ਹੀ ਇਕ ਦੂਜੇ ਨਾਲ ਲਾਲ ਝੰਡੀ ਹੈ। ਇਸ ਕਲੇਸ਼ ਦਾ ਵੱਡਾ ਕਾਰਨ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਕੈਬਨਿਟ ਵਿੱਚ ਮੰਤਰੀ ਪਦ ਲਈ ਚੁਣੇ ਜਾਣ ਵਾਲੇ ਵਿਧਾਇਕਾਂ ਵਿੱਚ ਇਕ ਵਿਧਾਇਕ ਦੋਆਬੇ ਤੋਂ ਚੁਣਿਆ ਜਾਣਾ ਸੀ ਅਤੇ ਇਸ ਲਈ ਦਾਅਵੇਦਾਰੀ ਜਤਾ ਰਹੇ ਨਵਤੇਜ ਚੀਮੇ ਦੀ ਜਗ੍ਹਾ ਰਾਣਾ ਗੁਰਜੀਤ ਨੂੰ ਚੁਣ ਲਿਆ ਗਿਆ।ਬੇਸ਼ੱਕ ਉਸ ਸਮੇਂ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਰਾਣਾ ਗੁਰਜੀਤ ਸਬੰਧੀ ਇਲਜ਼ਾਮਾਂ ਨੂੰ ਲੈ ਕੇ ਮੁਸ਼ਕਲਾਂ 'ਚ ਘਿਰੀ ਪੰਜਾਬ ਸਰਕਾਰ ਨੇ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਸੀ। ਹੁਣ ਜਦੋਂ ਮੁੜ ਕੈਪਟਨ ਦੇ ਅਸਤੀਫ਼ੇ ਮਗਰੋਂ ਚਰਨਜੀਤ ਚੰਨੀ ਦੀ ਨਵੀਂ ਕੈਬਨਿਟ ਦਾ ਵਿਸਤਾਰ ਹੋਇਆ ਤਾਂ ਇਕ ਵਾਰ ਫਿਰ ਤੋਂ ਰਾਣਾ ਗੁਰਜੀਤ ਨੂੰ ਚੁਣ ਲਿਆ ਗਿਆ। ਨਵਤੇਜ ਚੀਮਾ ਸਮੇਤ ਦੋਆਬੇ ਦੇ ਕਈ ਵਿਧਾਇਕਾਂ ਨੇ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਚੁਣੇ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਇਸ ਦੇ ਵਿਰੋਧ ਵਿੱਚ ਪੱਤਰ ਵੀ ਲਿਖਿਆ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ। ਹਾਲਾਕਿ ਨਵਜੋਤ ਸਿੱਧੂ ਵੀ ਅਸਿੱਧੇ ਰੂਪ ਵਿੱਚ ਕਈ ਵਾਰ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਚੁਣੇ ਜਾਣ 'ਤੇ ਵਿਰੋਧ ਜਤਾ ਚੁੱਕੇ ਹਨ।ਉਧਰ ਕੈਬਨਿਟ ਮੰਤਰੀ ਬਣਦਿਆਂ ਹੀ ਰਾਣਾ ਗੁਰਜੀਤ ਦੇ ਮੁੰਡੇ ਇੰਦਰ ਪ੍ਰਤਾਪ ਨੇ ਸੁਲਤਾਨਪੁਰ ਲੋਧੀ ਹਲਕੇ 'ਚ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਤੇ ਲਗਾਤਾਰ ਕਾਂਗਰਸੀ ਕਾਰਕੁਨਾਂ ਨਾਲ ਰਾਬਤਾ ਬਣਾ ਕੇ ਚੋਣ ਪ੍ਰਚਾਰ ਕਰ ਰਹੇ ਹਨ।ਅਜਿਹੇ ਵਿੱਚ ਨਵਤੇਜ ਚੀਮਾ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਰਾਣਾ ਗੁਰਜੀਤ ਦੇ ਪੁੱਤਰ ਦਾ ਸਿਆਸੀ ਵਿਰੋਧ ਵੀ ਵੇਖਣ ਨੂੰ ਮਿਲ ਰਿਹਾ ਹੈ।ਇਸੇ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਸੀ ਕਿ ਟਿਕਟ ਮੰਗਣਾ ਸਾਰਿਆਂ ਦਾ ਅਧਿਕਾਰ ਹੈ, ਇਸੇ ਲਈ ਉਨ੍ਹਾਂ ਦਾ ਪੁੱਤਰ ਆਪਣਾ ਕੰਮ ਕਰ ਰਿਹਾ ਹੈ। ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦਾ ਫ਼ੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਓਦੋਂ ਤੱਕ ਸੁਲਤਾਨਪੁਰ ਲੋਧੀ ਨਹੀਂ ਜਾਵਾਂਗਾ, ਜਦੋਂ ਤੱਕ ਪੁੱਤਰ ਆਪਣੇ ਜ਼ੋਰ ’ਤੇ ਟਿਕਟ ਨਹੀਂ ਲੈ ਲੈਂਦਾ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਮੌਜੂਦਾ ਵਿਧਾਇਕ ਨੂੰ ਚੋਣ ਲੜਨ ਲਈ ਥਾਪੜਾ ਦੇਣ ਮਗਰੋਂ ਵੀ ਇੰਦਰ ਪ੍ਰਤਾਪ ਚੋਣ ਪ੍ਰਚਾਰ ਜਾਰੀ ਰੱਖਦੇ ਹਨ ਜਾਂ ਟਿਕਟ ਦੀ ਦਾਅਵੇਦਾਰੀ ਛੱਡ ਕੇ ਪਾਰਟੀ ਪੱਧਰ 'ਤੇ ਚੀਮੇ ਦੇ ਹੱਕ ਵਿੱਚ ਖੜਦੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ 'ਭੀਖ' ਵਾਲੇ ਬਿਆਨ 'ਤੇ ਕੇਜਰੀਵਾਲ ਦਾ ਪਲਟਵਾਰ, ਬਾਦਲ-ਕੈਪਟਨ 'ਤੇ ਵੀ ਚੁੱਕੇ ਸਵਾਲ
ਨੋਟ:ਸਿੱਧੂ ਦੇ ਦਾਅਵੇ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਟ ਕਰਕੇ ਦਿਓ ਜਵਾਬ