ਨਵਜੋਤ ਸਿੱਧੂ ਕੁਰਸੀ ਸੰਭਾਲਣ ਜਾਂ ਛੱਡਣ ਦਾ ਛੇਤੀ ਲੈਣ ਫੈਸਲਾ : ਬਿੱਟੂ
Saturday, Jun 22, 2019 - 09:32 PM (IST)

ਚੰਡੀਗੜ੍ਹ(ਭੁੱਲਰ)— ਸੀਨੀਅਰ ਕਾਂਗਰਸ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਨਵੇਂ ਵਿਭਾਗ ਦੀ ਕੁਰਸੀ ਸੰਭਾਲਣ ਜਾਂ ਛੱਡਣ ਦਾ ਫੈਸਲਾ ਛੇਤੀ ਲੈਣ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿਭਾਗ ਇਕ ਅਹਿਮ ਮਹਿਕਮਾ ਹੈ ਤੇ ਇਸ ਸਮੇਂ ਰਾਜ ਵਿਚ ਝੋਨੇ ਦੀ ਬਿਜਾਈ ਦਾ ਕੰਮ ਜ਼ੋਰਾਂ 'ਤੇ ਹੋਣ ਕਾਰਨ ਬਿਜਲੀ ਸਪਲਾਈ ਨਿਰਵਿਘਨ ਦੇਣਾ ਅਹਿਮ ਕੰਮ ਹੈ। ਸਖ਼ਤ ਗਰਮੀ ਹੋਣ ਕਾਰਨ ਆਮ ਖਪਤਕਾਰਾਂ ਨੂੰ ਵੀ ਸਹੀ ਤਰੀਕੇ ਨਾਲ ਬਿਜਲੀ ਸਪਲਾਈ ਦੇਣ ਦਾ ਇਹ ਸਮਾਂ ਹੈ। ਇਸ ਕਰਕੇ ਇਸ ਵਿਭਾਗ ਦੀ ਕੁਰਸੀ ਨੂੰ ਇਸ ਸਮੇਂ ਖਾਲੀ ਛੱਡਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ।
ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣਾ ਵੀ ਠੀਕ ਨਹੀਂ ਅਤੇ ਇਸ ਨੂੰ ਅਨੁਸ਼ਾਸਨਹੀਨਤਾ ਹੀ ਮੰਨਿਆ ਜਾਵੇਗਾ। ਇਸ ਸਮੇਂ ਪੂਰੀ ਪਾਰਟੀ ਕੈ. ਅਮਰਿੰਦਰ ਸਿੰਘ ਦੇ ਨਾਲ ਹੈ, ਜਿਸ ਕਰਕੇ ਨਵਜੋਤ ਸਿੱਧੂ ਨੂੰ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਪਾਰਟੀ ਤੇ ਲੋਕਹਿਤ 'ਚ ਆਪਣਾ ਨਵਾਂ ਵਿਭਾਗ ਬਿਨਾਂ ਦੇਰੀ ਸੰਭਾਲ ਲੈਣਾ ਚਾਹੀਦਾ ਹੈ। ਪਾਰਟੀ ਹਾਈਕਮਾਨ ਨੇ ਵੀ ਸਿੱਧੂ ਨੂੰ ਮਿਲਣ ਦਾ ਸਮਾਂ ਦਿੱਤਾ ਅਤੇ ਰਾਹੁਲ ਗਾਂਧੀ, ਪ੍ਰਿਯੰਕਾ ਤੇ ਅਹਿਮਦ ਪਟੇਲ ਉਨ੍ਹਾਂ ਨੂੰ ਮਿਲੇ। ਕੈਪਟਨ ਨਾਲ ਪੈਦਾ ਵਿਵਾਦ ਨੂੰ ਹੱਲ ਕਰਨ ਲਈ ਰਾਹੁਲ ਗਾਂਧੀ ਨੇ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਸ ਕਰਕੇ ਹੁਣ ਅਹੁਦਾ ਨਾ ਸੰਭਾਲੇ ਜਾਣ 'ਤੇ ਅੜੇ ਰਹਿਣਾ ਠੀਕ ਨਹੀਂ।