ਨਵਜੋਤ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਬਣੀ ਰਾਜਨੀਤੀ ਦਾ ਕੇਂਦਰ ਬਿੰਦੂ

Sunday, Jul 18, 2021 - 09:13 AM (IST)

ਪਟਿਆਲਾ (ਮਨਦੀਪ ਜੋਸਨ) - ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸਟਾਰ ਨੇਤਾ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਲੱਗਣ ਦੀਆਂ ਚਰਚਾਵਾਂ ਚਾਰੇ ਪਾਸੇ ਫੈਲ ਗਈਆਂ ਹਨ। ਇਨ੍ਹਾਂ ਚਰਚਾਵਾਂ ਦੇ ਕਾਰਨ ਬੀਤੇ ਦਿਨ ਸਾਰਾ ਦਿਨ ਉਨ੍ਹਾਂ ਦੀ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਰਿਹਾਇਸ਼ ਰਾਜਨੀਤੀ ਦਾ ਕੇਂਦਰ ਬਿੰਦੂ ਬਣੀ ਰਹੀ, ਜਿਸ ’ਚ ਲਗਭਗ ਦਰਜਨ ਦੇ ਕਰੀਬ ਵਿਧਾਇਕਾਂ ਨੇ ਹਾਜ਼ਰੀ ਭਰੀ। 

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਇਸ ਦੌਰਾਨ ਨਵਜੋਤ ਸਿੱਧੂ ਵੀ ਸ਼ਾਮ ਦੇ ਸਮੇਂ ਆਪਣੀ ਰਿਹਾਇਸ਼ ’ਤੇ ਪੁੱਜ ਗਏ ਸਨ, ਜਿਸ ਨਾਲ ਲੰਬੇ ਸਮੇਂ ਤੋਂ ਸੁੰਨਸਾਨ ਪਈ ਕੋਠੀ ’ਚ ਪੂਰੀਆਂ ਰੌਣਕਾਂ ਪਰਤੀਆਂ ਨਜ਼ਰ ਆ ਰਹੀਆਂ ਸਨ। ਚਰਚਾਵਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਲਗਭਗ ਤੈਅ ਹੈ। ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਮੁਲਾਕਾਤਾਂ ਤੋਂ ਬਾਅਦ ਦੁਪਹਿਰ ਨੂੰ ਪਟਿਆਲਾ ਵਿਖੇ ਪੁੱਜ ਗਏ ਸਨ। ਇਸ ਦੌਰਾਨ ਸਿੱਧੂ ਦੇ ਨਾਲ ਹੀ ਕਾਂਗਰਸ ਦੇ ਕਈ ਵਿਧਾਇਕ ਵੀ ਇਥੇ ਪੁੱਜੇ ਅਤੇ ਕਈਆਂ ਦਾ ਬਾਅਦ ’ਚ ਆਉਣਾ ਜਾਰੀ ਰਿਹਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਦੱਸ ਦੇਈਏ ਕਿ ਨਿੱਤ ਦਿਨ ਹੋ ਰਹੀਆਂ ਬੈਠਕਾਂ ਨੇ ਕਾਂਗਰਸ ਦੇ ਮੰਤਰੀਆਂ ਸਣੇ ਵਿਧਾਇਕਾਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਆਖ਼ਿਰ ਪ੍ਰਧਾਨਗੀ ਦਾ ਤਾਜ ਕਿਸਦੇ ਸਿਰ ਸਜੇਗਾ। ਆਏ ਦਿਨ ਅੰਦਾਜ਼ੇ ਲਗਾਏ ਜਾਂਦੇ ਹਨ ਕਿ ਪ੍ਰਧਾਨਗੀ ਸਿੱਧੂ ਦੇ ਹਿੱਸੇ ਆ ਚੁੱਕੀ ਹੈ ਤੇ ਐਲਾਨ ਹੋਣਾ ਬਾਕੀ ਹੈ ਪਰ ਐਨ ਵਕਤ ਕਾਂਗਰਸ ਹਾਈਕਮਾਨ ਜਾਂ ਸੂਬਾ ਸਰਕਾਰ ਦੇ ਕਿਸੇ ਆਗੂ ਵੱਲੋਂ ਦਿੱਤੇ ਬਿਆਨ ਨਾਲ ਮੁੜ ਨਵੀਆਂ ਸੰਭਾਵਨਾਵਾਂ ਉਜਾਗਰ ਹੋਣ ਲੱਗਦੀਆਂ ਹਨ। ਬੀਤੇ ਦਿਨ ਜਿਉਂ ਹੀ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀਆਂ ਚਰਚਾਵਾਂ ਹੋਣ ਲੱਗੀਆਂ ਤਾਂ ਸਿੱਧੂ ਦੇ ਪ੍ਰਸ਼ੰਸਕਾਂ ਨੇ ਖ਼ੁਸੀ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਢੋਲੀਆਂ ਨੇ ਢੋਲ ਵਜਾਉਣੇ ਪਰ ਸ਼ਾਮ ਵੇਲੇ ਹਰੀਸ਼ ਰਾਵਤ ਦੇ ਬਿਆਨ ਕਿ ਪੰਜਾਬ ਪ੍ਰਧਾਨਗੀ ਨੂੰ ਲੈ ਕੇ ਹਾਈਕਮਾਨ ਦਾ ਹਰ ਫ਼ੈਸਲਾ ਸਵੀਕਾਰ ਹੋਵੇਗਾ, ਨੇ ਮੁੜ ਨਵੀਆਂ ਚਰਚਾਵਾਂ ਛੇੜ ਦਿੱਤੀਆਂ। ਬੀਤੇ ਦਿਨੀਂ ਹੋਏ ਮੇਲ-ਮਿਲਾਪ ਦੌਰਾਨ ਸਿੱਧੂ ਨਾਲ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਬਰਿੰਦਰਮੀਤ ਪਾਹੜਾ, ਕੁਲਬੀਰ ਜੀਰਾ, ਦਰਸ਼ਨ ਸਿੰਘ ਬਰਾੜ ਸਮੇਤ ਰਜਿੰਦਰ ਸਿੰਘ ਕਾਕਾ, ਪ੍ਰੀਤਮ ਕੋਟਭਾਈ ਨੇ ਮੁਲਾਕਾਤ ਕੀਤੀ। ਇੱਥੇ ਮੁਲਾਕਾਤ ਤੋਂ ਬਾਅਦ ਵਿਧਾਇਕਾਂ ਦਾ ਕਾਫਿਲਾ ਸਿੱਧੂ ਨਾਲ ਪਟਿਆਲਾ ਵੀ ਗਿਆ, ਜਿੱਥੇ ਵਿਧਾਇਕ ਪਰਗਟ ਸਿੰਘ, ਨੇਤਾ ਸ਼ੇਰ ਸਿੰਘ ਘੁਬਾਇਆ ਨੇ ਵੀ ਸਿੱਧੂ ਨਾਲ ਤਸਵੀਰਾਂ ਖਿਚਵਾਈਆਂ।


rajwinder kaur

Content Editor

Related News