ਸਿੱਧੂ ਦਾ ਟਵੀਟ, ਵਿਰੋਧੀ ਧਿਰ ਨੇ ਪੰਜਾਬ ਲਈ ਮੇਰੀ ਸੋਚ ਨੂੰ ਹਮੇਸ਼ਾ ਮਾਨਤਾ ਦਿੱਤੀ , ਸਾਂਝੀ ਕੀਤੀ ਮਾਨ ਦੀ ਵੀਡੀਓ
Tuesday, Jul 13, 2021 - 10:59 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ’ਤੇ ਟਵੀਟ ਕੀਤਾ ਹੈ। ਨਵਜੋਤ ਸਿੱਧੂ ਜਿੱਥੇ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣਾ ਪੱਖ ਰੱਖ ਰਹੇ ਹਨ, ਉਥੇ ਹੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਅਕਾਲੀ ਦਲ ’ਤੇ ਵੱਡੇ ਹਮਲੇ ਬੋਲ ਰਹੇ ਹਨ। ਸਿੱਧੂ ਨੇ ਤਾਜ਼ਾ ਟਵੀਟ ਵਿਚ ਆਖਿਆ ਹੈ ਕਿ ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਮੇਰੇ ਕੰਮ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ। ਇਹ ਭਾਵੇਂ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ 'ਪੰਜਾਬ ਮਾਡਲ' ਦੇ ਰਿਹਾ ਹਾਂ, ਉਨ੍ਹਾਂ ਨੂੰ ਪਤਾ ਹੈ ਕਿ ਅਸਲ ’ਚ ਪੰਜਾਬ ਲਈ ਕੌਣ ਲੜ ਰਿਹਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਆਖਿਆ ਹੈ ਕਿ ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ 'ਪੰਜਾਬ ਪੱਖੀ ਏਜੰਡੇ' ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ, ਅਰਥਾਤ ਉਸਨੇ ਕੰਧ 'ਤੇ ਲਿਖਿਆ ਪੜ੍ਹ ਲਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ
ਇਥੇ ਹੀ ਬਸ ਨਹੀਂ ਇਸ ਦੌਰਾਨ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ । ਜਿਸ ਵਿਚ ਸੰਜੇ ਸਿੰਘ ਅਤੇ ਭਗਵੰਤ ਮਾਨ ਉਨ੍ਹਾਂ ਦੀਆਂ (ਸਿੱਧੂ ਦੀਆਂ) ਤਾਰੀਫਾਂ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਫੇਰਬਦਲ ਨਾਲ ਜੁੜੀ ਅਹਿਮ ਖ਼ਬਰ, ਇਨ੍ਹਾਂ ਨੌਜਵਾਨਾਂ ’ਚੋਂ ਕੁਝ ਨੂੰ ਮਿਲ ਸਕਦੀ ਵਜ਼ਾਰਤ ’ਚ ਥਾਂ
ਇਸ ਵੀਡੀਓ ਵਿਚ ਸੰਜੇ ਸਿੰਘ ਆਖ ਰਹੇ ਹਨ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਲਗਾਤਾਰ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ, ਭ੍ਰਿਸ਼ਟਾਚਾਰ, ਨਸ਼ੇ ਅਤੇ ਡਰੱਗ ਮਾਫੀਆ ਖ਼ਿਲਾਫ਼ ਬੋਲਦੇ ਰਹੇ ਹਨ। ਜਦਕਿ ਵੀਡੀਓ ਵਿਚ ਭਗਵੰਤ ਮਾਨ ਆਖ ਰਹੇ ਹਨ ਕਿ ਨਵਜੋਤ ਸਿੱਧੂ ਇਕ ਇਮਾਨਦਾਰ ਆਗੂ ਹਨ ਅਤੇ ਉਨ੍ਹਾਂ ਸਿੱਧੂ ਨੂੰ ‘ਆਪ’ ਦਾ ਆਫਰ ਵੀ ਕੀਤਾ ਸੀ। ਮਾਨ ਆਖ ਰਹੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਮਾਤਾ-ਪਿਤਾ ਤੇ ਆਪਣੇ ਰੋਲ ਮਾਡਲਾਂ ਤੋਂ ਵੱਡਾ ਨਹੀਂ ਹੋ ਸਕਦਾ। ਸਿੱਧੂ ਅਜਿਹੇ ਆਗੂ ਹਨ ਜਿਨ੍ਹਾਂ ’ਤੇ ਕੋਈ ਦਾਗ ਨਹੀਂ ਹੈ ਅਤੇ ਕ੍ਰਿਕਟ ਵਿਚ ਵੀ ਉਹ ਸਿੱਧੂ ਦੇ ਵੱਡੇ ਫੈਨ ਰਹੇ ਹਨ। ਸਿੱਧੂ ਜਦੋਂ ਸ੍ਰੀ ਕਾਂਤ ਨਾਲ ਓਪਨਿੰਗ ਕਰਨ ਆਉਂਦੇ ਸਨ ਅਤੇ ਜਦੋਂ ਉਹ ਆਊਟ ਹੋ ਜਾਂਦੇ ਸਨ ਤਾਂ ਉਹ ਟੀ. ਵੀ. ਬੰਦ ਕਰ ਦਿੰਦੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?