ਪ੍ਰਤਾਪ ਸਿੰਘ ਬਾਜਵਾ 'ਤੇ ਫਿਰ ਭੜਕੇ ਨਵਜੋਤ ਸਿੱਧੂ, ਹੁਣ ਪੁੱਛੇ ਸਵਾਲ 'ਤੇ ਸਵਾਲ

Friday, Dec 29, 2023 - 10:17 AM (IST)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਐਕਸ 'ਤੇ ਇਕ ਫੋਟੇ ਸ਼ੇਅਰ ਕੀਤੀ ਹੈ, ਜਿਸ 'ਚ ਪ੍ਰਤਾਪ ਸਿੰਘ ਬਾਜਵਾ ਤੋਂ ਕੁੱਝ ਸਵਾਲ ਪੁੱਛੇ ਗਏ ਹਨ। ਫੋਟੋ ਸ਼ੇਅਰ ਕਰਨ ਦੇ ਨਾਲ ਹੀ ਨਵਜੋਤ ਸਿੱਧੂ ਨੇ ਧੰਨਵਾਦ ਵੀ ਲਿਖਿਆ ਹੈ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਹੈ ਕਿ ਜਦੋਂ ਕੈਪਟਨ ਦੀ ਸਰਕਾਰ ਸਾਢੇ 4 ਸਾਲ ਸੱਤਾ 'ਚ ਆਈ ਸੀ, ਇਸ ਸਮੇਂ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ-ਘਰ ਨੌਕਰੀਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ, ਕੀ ਇਹ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ?

ਇਹ ਵੀ ਪੜ੍ਹੋ : ਮੈਂ ਮੁੱਢ ਤੋਂ ਅਕਾਲੀ ਹਾਂ, ਕਿਸੇ ਤੋਂ ‘ਸਰਟੀਫਿਕੇਟ’ ਦੀ ਲੋੜ ਨਹੀਂ : ਬੀਬੀ ਜਗੀਰ ਕੌਰ

ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਕੈਪਟਨ ਨੂੰ ਜਾਤੀ ਤੌਰ 'ਤੇ ਪੰਜਾਬ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਸਵਾਲ 'ਤੇ ਸਵਾਲ ਕਰਦੇ ਸੀ, ਉਦੋਂ ਤੁਸੀਂ ਦਿੱਲੀ 'ਚ ਸੁੱਤੇ ਪਏ ਸੀ? ਨਵਜੋਤ ਸਿੱਧੂ ਵਲੋਂ ਅੱਗੇ ਸਵਾਲ ਕੀਤਾ ਗਿਆ ਕਿ ਜਦੋਂ ਪ੍ਰਧਾਨ ਬਣਨ ਤੋਂ ਬਾਅਦ ਉਹ ਤੁਹਾਡੇ ਕੋਲ ਆਏ ਤਾਂ ਤੁਸੀਂ 100-100 ਗਾਲ੍ਹਾਂ ਕੈਪਟਨ ਨੂੰ ਕੱਢਦੇ ਹੋ ਅਤੇ ਉਸੇ ਰਾਤ ਤੁਸੀਂ ਕੁੱਕੜ ਦੀਆਂ ਟੰਗਾਂ ਫੜ੍ਹ ਕੇ ਐੱਸ. ਐੱਸ. ਪੀ. ਲਗਵਾਉਣ ਲਈ ਕੈਪਟਨ ਦੀ ਗੋਦੀ 'ਚ ਬੈਠ ਜਾਂਦੇ ਹੋ, ਕੀ ਇਹ ਪੰਜਾਬ ਨਾਲ ਵਿਸ਼ਵਾਸਘਾਤ ਨਹੀਂ ਸੀ?

ਬਾਜਵਾ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਚੰਨੀ ਆਇਆ, ਅਕਾਲੀਆਂ ਦੇ ਚਹੇਤਿਆਂ ਨੂੰ ਡੀ. ਜੀ. ਪੀ. ਲਾਇਆ ਗਿਆ, ਏ. ਜੀ. ਲਾਇਆ ਗਿਆ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਅਤੇ ਅਕਾਲੀਆਂ ਨਾਲ ਅੱਟੀ-ਸੱਟੀ ਕੀਤੀ ਗਈ, ਉਦੋਂ ਇਕ ਹੀ ਬੰਦੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਅਹੁਦੇ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਨਿਆਂ ਦੀ ਮੰਗ ਕੀਤੀ ਤੇ ਤੁਸੀਂ ਕੀ ਕੀਤਾ?

ਇਹ ਵੀ ਪੜ੍ਹੋ : ਸੰਘਣੀ ਧੁੰਦ ਦਰਮਿਆਨ ਰੇਲ ਦਾ ਸਫ਼ਰ ਹੋਇਆ ਔਖਾ, ਠੰਡ 'ਚ ਠਰਦੇ ਯਾਤਰੀ ਕਰ ਰਹੇ ਟਰੇਨਾਂ ਦੀ ਉਡੀਕ

ਇਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਹੋਰ ਵੀ ਬਹੁਤ ਸਾਰੇ ਸਵਾਲ ਪੁੱਛੇ ਗਏ। ਅਖ਼ੀਰ 'ਚ ਨਵਜੋਤ ਸਿੱਧੂ ਨੇ ਲਿਖਿਆ ਕਿ ਬਾਜਵਾ ਸਾਹਿਬ, ਇਹ ਪੰਜਾਬ ਦੀ ਜਨਤਾ ਹੈ, ਸਭ ਜਾਣਦੀ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਦਿੱਲੀ 'ਚ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਸੱਤਾਧਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਬਾਰੇ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਸ਼ਿਕਾਇਤ ਕੀਤੀ ਸੀ।

ਇਸ ਨੂੰ ਲੈ ਕੇ ਹੀ ਨਵਜੋਤ ਸਿੰਘ ਸਿੱਧੂ ਨੇ ਇਕ ਪੋਸਟ ਸ਼ੇਅਰ ਕਰਕੇ ਬਾਜਵਾ 'ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ 'ਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

PunjabKesari

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News