ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
Friday, Feb 24, 2023 - 03:44 PM (IST)
ਪਟਿਆਲਾ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਅਜਨਾਲਾ ਵਿਖੇ ਵਾਪਰੀ ਘਟਨਾ 'ਤੇ ਦਿੱਤੇ ਬਿਆਨ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਪੰਜਾਬ 'ਚ ਰਾਸ਼ਟਰਪਤੀ ਸਾਸ਼ਨ ਦੀ ਮੰਗ ਬੇਤੁਕੀ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਹੈ। ਕਿਸਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਤੁਹਾਡੀ ਸਲਾਹ ਦੀ ਲੋੜ ਨਹੀਂ, ਏਜੰਸੀਆਂ ਸਭ ਤੋਂ ਵਾਕਿਫ਼ ਨੇ ਕਿ ਕੈਪਟਨ ਸਾਹਿਬ ਜਦੋਂ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਹੋ ਤਾਂ ਅਰੂਸਾ ਆਲਮ ਯਾਦ ਆ ਜਾਂਦੇ ਹਨ। ਡੱਲਾ ਨੇ ਤੰਜ ਕਰਦਿਆਂ ਕਿਹਾ ਕਿ ਨਹੀਂ ਰੀਸਾਂ ਤੁਹਾਡੀ ਦੇਸ਼ ਭਗਤੀ ਦੀਆਂ।
ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅਜਨਾਲਾ ਦੀ ਘਟਨਾ ’ਤੇ ਚਿੰਤਾ ਪ੍ਰਗਟਾਉਦੇ ਕਿਹਾ ਕਿ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਕੇਂਦਰ ਨੂੰ ਪੰਜਾਬ ’ਚ ਦਖ਼ਲ ਦੇਣਾ ਚਾਹੀਦਾ ਹੈ ਤੇ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਦਰਸ਼ਨ ਵਾਲੀ ਥਾਂ 'ਤੇ ਲਿਜਾਣ ਦੇ ਮਕਸਦ ’ਤੇ ਬੋਲਦਿਆਂ ਕਿਹਾ ਕਿ ਪੰਜਾਬ ’ਚ ਇਸ ਤਰ੍ਹਾਂ ਦੇ ਹਾਲਾਤ 1970-80 ’ਚ ਵੀ ਨਹੀਂ ਸਨ, ਇਸ ਤਰ੍ਹਾਂ ਪੰਜਾਬ ’ਚ ਪਹਿਲੀ ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ, ਉਨ੍ਹਾਂ ਦੇ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਪਤਾ ਨਹੀਂ ਕਿੱਥੋਂ ਆ ਗਿਆ ਤੇ ਇਸ ਨੇ ਦੇਸ਼ ’ਚ ਆ ਕੇ ਬੰਦੇ ਇਕੱਠੇ ਕਰਕੇ ਗੜਬੜ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।