ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੀਦੈ : ਨਵਜੋਤ ਸਿੱਧੂ
Sunday, Feb 18, 2018 - 07:07 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿੰਡ ਖੁੱਡੀ ਖੁਰਦ ਲਈ 8 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਹ ਐਲਾਨ ਉਨ੍ਹਾਂ ਪਿੰਡ ਦੀ ਨਿੱਜੀ ਫੇਰੀ ਦੌਰਾਨ ਪੰਚ ਸ੍ਰੀ ਭਗਵਾਨ ਦਾਸ ਦੇ ਘਰ ਵਿਖੇ ਪਿੰਡ ਦੇ ਮੋਹਤਬਰ ਸੱਜਣਾਂ ਨਾਲ ਗੱਲਬਾਤ ਦੌਰਾਨ ਕੀਤਾ। ਸਿੱਧੂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਪਿੰਡ ਵਿਚ ਖੇਡ ਢਾਂਚਾ ਉਸਾਰਨ ਲਈ 5 ਲੱਖ ਰੁਪਏ ਅਤੇ ਪਿੰਡ ਦੇ ਸਕੂਲ ਲਈ 3 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਖਤਿਆਰੀ ਕੋਟੇ ਵਿਚੋਂ ਦੇਣ ਦਾ ਐਲਾਨ ਕੀਤਾ।
ਸਿੱਧੂ ਨੇ ਸੰਗਰੂਰ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਜਿਨ੍ਹਾਂ ਸੰਗਰੂਰ ਪੁਲਸ ਲਾਈਨ ਵਿਖੇ ਬਿਹਤਰ ਖੇਡ ਢਾਂਚਾ ਉਸਾਰਿਆ ਹੈ, ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਤਰੱਕੀ ਦਾ ਮੁੱਖ ਧੁਰਾ ਹੈ, ਇਸ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਆਪਣੇ ਨਿੱਜੀ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਮਿਹਨਤ-ਮੁਸ਼ੱਕਤ, ਸਬਰ-ਸੰਤੋਖ ਨਾਲ ਜ਼ਿੰਦਗੀ ਜਿਊਣ ਵਾਲੇ ਪਿੰਡਾਂ ਦੇ ਵਸਨੀਕ ਸਦਾ ਉਨ੍ਹਾਂ ਦੇ ਆਦਰਸ਼ ਅਤੇ ਪ੍ਰੇਰਨਾਸ੍ਰੋਤ ਰਹੇ ਹਨ।
ਇਸ ਮੌਕੇ ਲੇਖਿਕਾ ਡਾ. ਗੁਰਮੇਲ ਕੌਰ ਜੋਸ਼ੀ ਨੇ ਮਲਵਈ ਸੱਭਿਆਚਾਰ ਬਾਰੇ ਲਿਖੀਆਂ ਚਾਰ ਪੁਸਤਕਾਂ ਦਾ ਸੈੱਟ ਕੈਬਨਿਟ ਮੰਤਰੀ ਸਿੱਧੂ ਨੂੰ ਭੇਟ ਕੀਤਾ। ਇਸ ਦੌਰਾਨ ਬਰਨਾਲਾ ਦੇ ਏ. ਡੀ. ਸੀ. ਅਰਵਿੰਦਰ ਪਾਲ ਸਿੰਘ ਸੰਧੂ, ਬਰਨਾਲਾ ਦੇ ਐੱਸ. ਐੱਸ. ਪੀ. ਹਰਜੀਤ ਸਿੰਘ, ਸੰਗਰੂਰ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਸ੍ਰੀ ਸੁਰਜੀਤ ਸਿੰਘ, ਤਪਾ ਦੇ ਡੀ. ਐੱਸ. ਪੀ. ਏ. ਆਰ. ਸ਼ਰਮਾ, ਪੀ. ਐੱਸ. ਪੀ. ਸੀ. ਐੱਲ. ਦੇ ਚੀਫ ਇੰਜੀਨੀਅਰ ਬਲਬੀਰ ਸਿੰਘ ਸਿੱਧੂ, ਸੀਨੀਅਰ ਐਡਵੋਕੇਟ ਜਗਦੇਵ ਸਿੰਘ, ਮੈਨੇਜਰ ਸੁਖਮਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਮਾਂਗਟ, ਪਾਲੀ ਰਾਮ ਬਾਂਸਲ, ਡਾ. ਰਾਜਬੀਰ ਕੌਸ਼ਲ, ਲੇਖਿਕਾ ਡਾ. ਗੁਰਮੇਲ ਕੌਰ ਜੋਸ਼ੀ, ਅਮਿਤ, ਪਿੰਡ ਦੇ ਸਰਪੰਚ ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਗੁਰਚੇਤਨ ਸਿੰਘ, ਨੰਬਰਦਾਰ ਬਿੱਕਰ ਸਿੰਘ, ਦਲੀਪ ਸਿੰਘ ਖੁੱਡੀ, ਜਸਪਾਲ ਸਿੰਘ ਪਾਲੀ, ਸੁਖਵੀਰ ਸਿੰਘ ਚੁੰਘ ਤੇ ਫੌਜਾ ਸਿੰਘ ਚੁੰਘ ਵੀ ਹਾਜ਼ਰ ਸਨ।