ਆਲਾਕਮਾਨ ਨੂੰ ਖਟਕ ਸਕਦੈ 'ਨਵਜੋਤ ਸਿੱਧੂ' ਦਾ ਰਵੱਈਆ, ਨਹੀਂ ਕਰ ਸਕੇਗੀ ਹੱਕ 'ਚ ਪੈਰਵੀ

Saturday, Apr 03, 2021 - 10:06 AM (IST)

ਆਲਾਕਮਾਨ ਨੂੰ ਖਟਕ ਸਕਦੈ 'ਨਵਜੋਤ ਸਿੱਧੂ' ਦਾ ਰਵੱਈਆ, ਨਹੀਂ ਕਰ ਸਕੇਗੀ ਹੱਕ 'ਚ ਪੈਰਵੀ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਪਾਸੇ ਠੀਕ ਨਹੀਂ ਪੈ ਰਹੇ ਹਨ। ਕਾਂਗਰਸ ਦੇ ਕੁਝ ਧੁਰੰਧਰ ਉਨ੍ਹਾਂ ਦੀ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਕਿਨਾਰੇ ਕਰਨਾ ਚਾਹੁੰਦੇ ਹਨ ਤਾਂ ਦੂਜੇ ਪਾਸੇ ਉਹ ਮਿਲੇ ਮੌਕੇ ਨੂੰ ਕੈਸ਼ ਕਰਨ ਵਿਚ ਖ਼ੁਦ ਵੀ ਗਲਤੀ ਕਰ ਰਹੇ ਹਨ। ਲੰਘੇ ਅਰਸੇ ਦੌਰਾਨ ਕਈ ਸੂਬਿਆਂ ਵਿਚ ਕਾਂਗਰਸ ਦੇ ਪੱਖ ਵਿਚ ਪ੍ਰਚਾਰ ਤੋਂ ਕੰਨੀ ਕੱਟ ਕੇ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਬੈਠੇ-ਬਿਠਾਏ ਅਜਿਹਾ ਮੌਕਾ ਦਿੱਤਾ, ਜਿਸ ਨਾਲ ਹਾਈਕਮਾਨ ਵੀ ਉਨ੍ਹਾਂ ਦੇ ਹੱਕ ਵਿਚ ਪੈਰਵੀ ਨਹੀਂ ਕਰ ਸਕੇਗੀ। ਕਾਂਗਰਸ ਆਲਾਕਮਾਨ ਨੇ ਇਸ ਵਾਰ ਵੀ ਸਿੱਧੂ ਨੂੰ ਵੱਡਾ ਸਨਮਾਨ ਦਿੰਦੇ ਹੋਏ ਪੱਛਮੀ ਬੰਗਾਲ ਅਤੇ ਆਸਾਮ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸਥਾਨ ਦਿੱਤਾ।

ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਸਕੇ ਪੁੱਤਾਂ ਦੀ ਘਿਨਾਉਣੀ ਹਰਕਤ ਬਾਰੇ ਬਜ਼ੁਰਗ ਪਿਓ ਨੇ ਕਦੇ ਸੁਫ਼ਨੇ 'ਚ ਵੀ ਨੀ ਸੀ ਸੋਚਿਆ

ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਨਾਮ ਪੱਛਮੀ ਬੰਗਾਲ ਦੀ ਸੂਚੀ ਵਿਚ ਹੈ ਪਰ ਆਸਾਮ ਵਾਲੀ ਵਿਚ ਨਹੀਂ। ਹਰ ਪਾਰਟੀ ਦਾ ਆਗੂ ਤਰਸਦਾ ਹੈ ਕਿ ਪਾਰਟੀ ਲੀਡਰਸ਼ਿਪ ਉਸ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸਥਾਨ ਦੇਵੇ। ਸਟਾਰ ਪ੍ਰਚਾਰਕ ਹੋਣ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਉਹ ਆਲਾਕਮਾਨ ਦੇ ਚਹੇਤਿਆਂ ਵਿਚ ਸ਼ਾਮਲ ਹੈ। ਸਿੱਧੂ ਨੂੰ ਵੀ ਹਾਈਕਮਾਨ ਦਾ ਚਹੇਤਾ ਮੰਨਿਆ ਜਾਂਦਾ ਹੈ। ਖ਼ਾਸ ਕਰ ਕੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਤੋਂ ਹਰ ਕੋਈ ਵਾਕਫ਼ ਹੈ ਪਰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਾਮ ਹੋਣ ਤੋਂ ਬਾਅਦ ਵੀ ਸਿੱਧੂ ਦਾ ਚੋਣ ਪ੍ਰਚਾਰ ਤੋਂ ਕਿਨਾਰਾ ਕਰਨਾ ਹੁਣ ਆਲਾਕਮਾਨ ਨੂੰ ਵੀ ਖਟਕ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ 'ਵੀਕੈਂਡ ਲਾਕਡਾਊਨ' ਲਾਉਣ ਦੀ ਤਿਆਰੀ, ਕੈਪਟਨ ਨੇ ਲਾਈਵ ਹੁੰਦਿਆਂ ਕੀਤਾ ਇਸ਼ਾਰਾ

ਪੱਛਮੀ ਬੰਗਾਲ ਵਿਚ ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਦੀ ਗਿਣਤੀ ਕਾਫ਼ੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹਨ। ਲੰਬੇ ਸਮੇਂ ਤੋਂ ਪੱਛਮੀ ਬੰਗਾਲ ਦੇ ਇਨ੍ਹਾਂ ਟਰਾਂਸਪੋਰਟਰਾਂ ਦੇ ਪਰਿਵਾਰਾਂ ਦੀ ਵੀ ਉੱਥੇ ਹੀ ਵੋਟ ਹੈ। ਇਸ ਤੋਂ ਇਲਾਵਾ ਇਹ ਟਰਾਂਸਪੋਰਟਰ ਆਪਣੇ ਕਰਿੰਦਿਆਂ ’ਤੇ ਵੀ ਮਜ਼ਬੂਤ ਪਕੜ ਰੱਖਦੇ ਹਨ। ਸਿੱਧੂ ਪ੍ਰਚਾਰ ਲਈ ਜਾਂਦੇ ਤਾਂ ਪਾਰਟੀ ਨੂੰ ਥੋੜ੍ਹੀ ਤਾਕਤ ਹੋਰ ਮਿਲਦੀ। ਕੁਝ ਸਮੇਂ ਵਿਚ ਵੱਖ-ਵੱਖ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਦੀ ਤਰ੍ਹਾਂ ਹੀ ਸਿੱਧੂ ਨੇ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ। ਚੋਣਾਂ ਤੋਂ ਫਾਰਗ ਹੁੰਦੇ ਹੀ ਸਿੱਧੂ ਵਿਰੋਧੀ ਖੇਮਾ ਇਸ ਮੁੱਦੇ ਨੂੰ ਲੈ ਕੇ ਹਾਈਕਮਾਨ ਸਾਹਮਣੇ ਜੋਸ਼ੀਲਾ ਹੋਣ ਦੇ ਮੂਡ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਲਈ ਵੀ ਮੁਫ਼ਤ ਸਫ਼ਰ ਕਰ ਸਕਣਗੀਆਂ 'ਬੀਬੀਆਂ', ਹੈਲਪਲਾਈਨ ਨੰਬਰ ਜਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲ ਤਾਂ ਸਿਹਤ ਕਾਰਣਾਂ ਅਤੇ ਕੋਰੋਨਾ ਕਾਰਣ ਭੀੜਭਾੜ ਤੋਂ ਦੂਰੀ ਰੱਖਣ ਦੀ ਮਜ਼ਬੂਤ ਦਲੀਲ ਹੈ, ਜਿਨ੍ਹਾਂ ਦਾ ਹਵਾਲਾ ਦੇ ਕੇ ਪ੍ਰਚਾਰ ਤੋਂ ਦੂਰ ਰਹਿਣ ਦੀ ਉਨ੍ਹਾਂ ਦੀ ਗੱਲ ਨੂੰ ਕੋਈ ਵੀ ਦਰਕਿਨਾਰ ਨਹੀਂ ਕਰ ਸਕਦਾ ਪਰ ਸਿੱਧੂ ਦਾ ਮਾਮਲਾ ਥੋੜ੍ਹਾ ਵੱਖਰਾ ਹੈ। ਕਾਂਗਰਸ ਨਿਯਮ ਵੀ ਕਹਿੰਦੇ ਹਨ ਕਿ ਪ੍ਰਚਾਰ ਕਰ ਕੇ ਉਹ ਹਾਈਕਮਾਨ ’ਤੇ ਪੰਜਾਬ ਸਰਕਾਰ ਵਿਚ ਵਾਪਸੀ ਲਈ ਦਬਾਅ ਬਣਾ ਸਕਦੇ ਸਨ ਪਰ ਉਨ੍ਹਾਂ ਸੰਗਠਨ ਲਈ ਕੰਮ ਨਾ ਕਰ ਕੇ ਇਹ ਮੌਕਾ ਵੀ ਗੁਆ ਦਿੱਤਾ। ਇਹੀ ਸਿੱਧੂ ਜਦੋਂ ਭਾਜਪਾ ਵਿਚ ਸਨ, ਤਦ ਦੇਸ਼ ਭਰ ਵਿਚ ਭਗਵਾ ਪਾਰਟੀ ਦਾ ਧੂੰਆਂਧਾਰ ਪ੍ਰਚਾਰ ਕਰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News