ਨਵਜੋਤ ਸਿੱਧੂ ਦਾ ਗਲਾ ਫਿਰ ਖਰਾਬ, ਡਾਕਟਰਾਂ ਵਲੋਂ ਆਰਾਮ ਦੀ ਸਲਾਹ
Monday, May 13, 2019 - 03:59 PM (IST)

ਚੰਡੀਗੜ੍ਹ (ਰਮਨਜੀਤ) : ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ, ਜਿਸ ਦਾ ਕਾਰਨ ਉਨ੍ਹਾਂ ਦਾ ਗਲਾ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ। ਅਸਲ 'ਚ ਰੈਲੀਆਂ ਦੌਰਾਨ ਲਗਾਤਾਰ ਭਾਸ਼ਣ ਦੇਣ ਕਾਰਨ ਨਵਜੋਤ ਸਿੱਧੂ ਦੇ 'ਵੋਕਲ ਕਾਰਡਸ' ਨੂੰ ਫਿਰ ਨੁਕਸਾਨ ਪਹੁੰਚਿਆ ਹੈ। ਨਵਜੋਤ ਸਿੱਧੂ ਨੇ ਪੂਰੇ ਦੇਸ਼ 'ਚ ਪਿਛਲੇ 28 ਦਿਨਾਂ ਦੌਰਾਨ ਕਰੀਬ 80 ਰੈਲੀਆਂ ਨੂੰ ਸੰਬੋਧਨ ਕੀਤਾ ਹੈ।
ਨਵਜੋਤ ਸਿੱਧੂ ਨੇ ਐਤਵਾਰ ਸਵੇਰੇ ਇਸ ਬਾਰੇ ਡਾਕਟਰਾਂ ਨਾਲ ਸਲਾਹ ਕੀਤੀ। ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਕਿ ਜਾਂ ਤਾਂ ਉਹ ਆਪਣੇ ਗਲੇ 'ਤੇ ਇਕ ਬਾਮ ਲਗਾ ਲੈਣ, ਜਿਸ ਤੋਂ ਬਾਅਦ ਉਹ 4 ਦਿਨਾਂ ਤੱਕ ਬੋਲ ਨਹੀਂ ਸਕਣਗੇ ਅਤੇ ਜਾਂ ਫਿਰ ਇੰਜੈਕਸ਼ਨ ਅਤੇ ਦਵਾਈਆਂ ਲੈ ਲੈਣ, ਜਿਸ 'ਚ ਉਨ੍ਹਾਂ ਨੂੰ 48 ਘੰਟੇ ਪੂਰਨ ਤੌਰ 'ਤੇ ਆਰਾਮ ਕਰਨਾ ਪਵੇਗਾ। ਕਿਉਂਕਿ ਲੋਕ ਸਭਾ ਚੋਣਾਂ 'ਚ ਬਹੁਤ ਘੱਟ ਸਮਾਂ ਰਹਿ ਗਿਆ ਹੈ, ਇਸ ਲਈ ਸਿੱਧੂ ਨੇ ਦਵਾਈਆਂ ਅਤੇ ਇੰਜੈਕਸ਼ਨ ਲੈ ਕੇ ਸਿਰਫ 2 ਦਿਨ ਆਰਾਮ ਕਰਨ ਦੀ ਸਲਾਹ ਬਣਾਈ ਹੈ। ਫਿਲਹਾਲ ਸਿੱਧੂ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਆਪਣਾ ਇਲਾਜ ਕਰਵਾ ਰਹੇ ਹਨ।