ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਾਂਗਰਸ ’ਚ ਖਲਬਲੀ, ਬਾਜਵਾ ਨੇ ਆਖੀ ਵੱਡੀ ਗੱਲ
Monday, May 17, 2021 - 06:45 PM (IST)
ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਦੀਆਂ ਚਰਚਾਵਾਂ ਦੌਰਾਨ ਬਗਾਵਤੀ ਸੁਰਾਂ ਜ਼ੋਰ ਫੜਨ ਲੱਗੀਆਂ ਹਨ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਅਦ ਹੁਣ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਟਵੀਟਰ ’ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬੀਆਂ ਦੇ ਕੰਨਾਂ ਅਤੇ ਅੱਖਾਂ ਨੂੰ ਹੋਰ ਵੀ ਚੰਗਾ ਲੱਗਦਾ ਜੇਕਰ ਵਿਜੀਲੈਂਸ ਨੇ 2007 ਤੋਂ 2017 ਦਰਮਿਆਨ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਹੁੰਦੀ। ਬਾਜਵਾ ਨੇ ਆਖਿਆ ਕਿ ਵਿਜੀਲੈਂਸ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਅਚਾਨਕ ਅਜਿਹੀ ਕਾਰਵਾਈ ਪੰਜਾਬ ਵਿਚ ਕਾਂਗਰਸ ਲਈ ਹਾਨੀਕਾਰਕ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਵੱਡਾ ਬਿਆਨ
ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵਿਜੀਲੈਂਸ ਦੀ ਕਾਰਵਾਈ ’ਤੇ ਬੋਲਦਿਆਂ ਆਖਿਆ ਸੀ ਕਿ ਜੇਕਰ ਸਿੱਧੂ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਚੱਲ ਰਹੀ ਸੀ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤਾਂ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਮੰਤਰੀ ਬਣਾਉਣ ਦੀ ਗੱਲ ਕਿਉਂ ਕਹੀ ਗਈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦਾ ਹਮੇਸ਼ਾ ਗਲਤ ਇਸਤੇਮਾਲ ਹੁੰਦਾ ਰਿਹਾ ਹੈ। ਪਹਿਲਾਂ ਕੈਪਟਨ ਸਰਕਾਰ ਨੇ ਬਾਦਲਾਂ ਖ਼ਿਲਾਫ਼ ਵਿਜੀਲੈਂਸ ਜਾਂਚ ਕਰਵਾਈ ਅਤੇ ਬਾਅਦ ’ਚ ਬਾਦਲਾਂ ਨੇ ਕੈਪਟਨ ਖ਼ਿਲਾਫ਼ ਵਿਜੀਲੈਂਸ ਜਾਂਚ ਕਰਵਾਈ ਪਰ ਇਨ੍ਹਾਂ ਜਾਂਚਾਂ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ।
ਇਹ ਵੀ ਪੜ੍ਹੋ : ਮੁੜ ਭੱਖਣ ਲੱਗਾ ਮੰਤਰੀ ਚੰਨੀ ਵਲੋਂ ਮਹਿਲਾ ਅਫ਼ਸਰ ਨੂੰ ਭੇਜੇ ਇਤਰਾਜ਼ਯੋਗ ਮੈਸੇਜ ਦਾ ਮਾਮਲਾ, ਡਿੱਗ ਸਕਦੀ ਹੈ ਗਾਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?